ਸਿਰਫ਼ ਪੰਜਾਬ ਦੇ ਪਾਣੀਆਂ ਦੇ ਮੁੱਦੇ ਹੋਵੇ ਬਹਿਸ, ਬਾਕੀ ਮਸਲਿਆਂ ’ਤੇ ਬਾਅਦ ’ਚ ਹੋਵੇ ਚਰਚਾ: ਅਕਾਲੀ ਦਲ

ਬਹਿਸ ਦੀ ਰੂਪ-ਰੇਖਾ ਤੇ ਏਜੰਡਾ ਤੈਅ ਕਰਨ ਲਈ ਸਾਰੀਆਂ ਸਿਆਸੀ ਪਾਰਟੀਆਂ ਨਾਲ ਮੀਟਿੰਗ ਕਰਨ ਮੁੱਖ ਮੰਤਰੀ

ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ ਤੇ ਦਲਜੀਤ ਸਿੰਘ ਚੀਮਾ ਨੇ ਇਕਸੁਰ ਵਿੱਚ ਕੀਤੀ ਅਪੀਲ

ਨਬਜ਼-ਏ-ਪੰਜਾਬ, ਮੁਹਾਲੀ, 30 ਅਕਤੂਬਰ:
ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ 1 ਨਵੰਬਰ ਦੀ ਤਜਵੀਜ਼ਸ਼ੁਦਾ ਬਹਿਸ ਲਈ ਰੂਪ-ਰੇਖਾ ਉਲੀਕਣ ਦੇ ਨਾਲ-ਨਾਲ ਏਜੰਡਾ ਤੈਅ ਕਰਨ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕੀਤੀ ਜਾਵੇ ਅਤੇ ਇਹ ਬਹਿਸ ਸਿਰਫ਼ ਸਤਲੁਜ ਯਮੁਨਾ ਲਿੰਕ (ਐਸਵਾਈਐਲ) ਨਹਿਰ ਦੇ ਮਾਮਲੇ ਤੱਕ ਸੀਮਤ ਰੱਖੀ ਜਾਵੇ ਤਾਂ ਜੋ ਪੰਜਾਬ ਆਪਣੇ ਦਰਿਆਈ ਪਾਣੀਆਂ ਦੀ ਲੁੱਟ ਰੋਕਣ ਲਈ ਇੱਕਜੱੁਟਤਾ ਪੇਸ਼ ਕਰ ਸਕੇ।
ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਹਿਸ ਦੀ ਰੂਪ-ਰੇਖਾ ਤੈਅ ਕਰਨਾ ਬਹੁਤ ਅਹਿਮੀਅਤ ਰੱਖਦਾ ਹੈ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਕਿਹੜੀਆਂ ਪਾਰਟੀਆਂ ਸ਼ਾਮਲ ਹੋ ਸਕਦੀਆਂ ਹਨ, ਕੌਣ ਮੇਜ਼ਬਾਨੀ ਕਰੇਗਾ, ਜੋ ਮੰਚ ਸੰਚਾਲਨ ਕਰੇਗਾ ਅਤੇ ਕੌਣ ਭਾਗ ਲੈਣ ਵਾਲਿਆਂ ਵੱਲੋਂ ਸਾਂਝਾ ਐਲਾਨਨਾਮਾ ਜਾਰੀ ਕਰੇਗਾ। ਉਨ੍ਹਾਂ ਕਿਹਾ ਕਿ ਹੁਕਮਰਾਨ ਆਪ, ਕਾਂਗਰਸ, ਅਕਾਲੀ ਦਲ, ਬਸਪਾ, ਭਾਜਪਾ, ਸੀਪੀਆਈ ਤੇ ਸੀਪੀਐਮ ਸਮੇਤ ਸਾਰੀਆਂ ਪ੍ਰਮੁੱਖ ਪਾਰਟੀਆਂ ਬਹਿਸ ਦਾ ਹਿੱਸਾ ਹੋਣੀਆਂ ਚਾਹੀਦੀਆਂ ਹਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਸੁਝਾਅ ਦਿੱਤਾ ਸੀ ਕਿ ਬਹਿਸ ਸਿਰਫ਼ ਐਸਵਾਈਐਲ ਦੇ ਮੁੱਦੇ ’ਤੇ ਹੋਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਬਚਾਉਣ ਲਈ ਸਾਂਝਾ ਹੱਲ ਲੱਭਿਆ ਜਾ ਸਕੇ। ਅਕਾਲੀ ਦਲ ਉਸ ਬੇਲੋੜੀ ਬਹਿਸਬਾਜ਼ੀ ਵਿੱਚ ਨਹੀਂ ਪੈਣਾ ਚਾਹੁੰਦਾ, ਜਿਸਦਾ ਕੋਈ ਨਤੀਜਾ ਨਾ ਨਿਕਲੇ। ਉਨ੍ਹਾਂ ਕਿਹਾ ਕਿ ਲੋੜ ਹੈ ਕਿ ਸੁਪਰੀਮ ਕੋਰਟ ਦੇ ਬੇਤੁਕੇ ਹੁਕਮ ਜਿਸਨੇ ਦਰਿਆਈ ਪਾਣੀਆਂ ਦੀ ਵੰਡ ’ਤੇ ਚਰਚਾ ਪਿੱਛੇ ਪਾ ਦਿੱਤੀ ਹੈ ਤਾਂ ਜੋ ਐਸਵਾਈਐਲ ਪਹਿਲਾਂ ਪੂਰੀ ਕੀਤੀ ਜਾ ਸਕੇ, ਦੇ ਟਾਕਰੇ ਲਈ ਸਾਂਝੀ ਰਣਨੀਤੀ ਬਣਾਈ ਜਾਵੇ।
ਅਕਾਲੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਅਕਾਲੀ ਦਲ ਬਾਅਦ ਵਿੱਚ ਕਿਸੇ ਵੀ ਤਾਰੀਕ ਨੂੰ ਪੰਜਾਬ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਲਈ ਤਿਆਰ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਹੁਣ ਸਿਰਫ਼ ਐਸਵਾਈਐਲ ਦੇ ਮੁੱਦੇ ’ਤੇ ਬਹਿਸ ਲਈ ਰੂਪ-ਰੇਖਾ ਤਿਆਰ ਕੀਤੀ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਮੁੱਖ ਮੰਤਰੀ ਨੇ ਉਨ੍ਹਾਂ ਦੀ ਤਜਵੀਜ਼ ਦਾ ਕੋਈ ਜਵਾਬ ਨਾ ਦਿੱਤਾ ਤਾਂ ਅਕਾਲੀ ਦਲ ਲੋਕਤੰਤਰੀ ਢੰਗ ਨਾਲ ਪੰਜਾਬ ਦੇ ਇਸ ਅਹਿਮ ਮੁੱਦੇ ’ਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਕੰਮ ਕਰੇਗਾ। ਇਸ ਵਾਸਤੇ ਅਕਾਲੀ ਦਲ, ਹਮਖ਼ਿਆਲੀ ਪਾਰਟੀਆਂ ਨਾਲ ਵੀ ਰਾਬਤਾ ਕਰੇਗਾ।
ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਆਖ ਰਹੇ ਹਨ ਕਿ ਅਕਾਲੀ ਦਲ ਬਹਿਸ ਤੋਂ ਭੱਜ ਰਿਹਾ ਹੈ ਜਦੋਂਕਿ ਸਚਾਈ ਤੋਂ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤਾਂ ਅੰਗਰੇਜ਼ਾਂ ਤੋਂ ਨਫ਼ਰਤ ਭਰੀ ਐਮਰਜੈਂਸੀ ਤੋਂ ਨਹੀਂ ਡਰਿਆ। ਅਸੀਂ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਸੰਘਰਸ਼ ਕਰਾਂਗੇ ਅਤੇ ਜੇ ਹੁਣ ਪਾਣੀ ਨਹਿਰ ਵਿੱਚ ਨਹੀਂ ਵਗ ਰਿਹਾ ਤਾਂ ਇਹ ਸਿਰਫ਼ ਅਕਾਲੀ ਦਲ ਕਰਕੇ ਹੈ, ਜਿਸਨੇ ਪਹਿਲਾਂ ਕਪੂਰੀ ਮੋਰਚਾ ਲਗਾਇਆ, ਜ਼ਮੀਨ ਨੂੰ ਡੀਨੋਟੀਫਾਈ ਕੀਤਾ ਅਤੇ ਕਿਸਾਨਾਂ ਨੂੰ ਐਸਵਾਈਐਲ ਦੀ ਜ਼ਮੀਨ ਵਾਪਸ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਮੁੱਖ ਮੰਤਰੀ ਨੂੰ ਐਸਵਾਈਐਲ ’ਤੇ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਤੁਰੰਤ ਆਲ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਸੀ। ਇਹ ਬਹੁਤ ਮੰਦਭਾਗੀ ਗੱਲ ਹੈ ਕਿ ਹਾਲ ਹੀ ਵਿੱਚ ਹੋਏ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬੀਆਂ ਦੀਆਂ ਇਸ ਮੁੱਦੇ ’ਤੇ ਭਾਵਨਾਵਾਂ ਦੁਨੀਆਂ ਸਾਹਮਣੇ ਰੱਖਣ ਲਈ ਕੋਈ ਸਾਂਝਾ ਮਤਾ ਨਹੀਂ ਲਿਆਂਦਾ ਗਿਆ।
ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਬਹਿਸ ਵਿੱਚ ਸ਼ਾਮਲ ਹੋਣਗੇ ਕਿਉਂਕਿ ਉਹ ਹੀ ਸਰਕਾਰ ਨੂੰ ਰਿਮੋਰਟ ਕੰਟਰੋਲ ਨਾਲ ਚਲਾ ਰਹੇ ਹਨ ਅਤੇ ਪੰਜਾਬ ਵਿੱਚ ਸਾਰੇ ਸਰਕਾਰੀ ਫ਼ੈਸਲੇ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਪ ਸਰਕਾਰ ਨੇ ਹਾਲੇ ਤੱਕ ਰਾਜ ਸਭਾ ਮੈਂਬਰ ਸੰਦੀਪ ਪਾਠਕ ਦੇ ਸਟੈਂਡ ਦਾ ਜਵਾਬ ਨਹੀਂ ਦਿੱਤਾ। ਜਿਨ੍ਹਾਂ ਕਿਹਾ ਸੀ ਕਿ ਪੰਜਾਬ ਦੇ ਦਰਿਆਈ ਪਾਣੀ ਐਸਵਾਈਐਲ ਨਹਿਰ ਰਾਹੀਂ ਹਰਿਆਣਾ ਨੂੰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬੀ ਜਾਣਨਾ ਚਾਹੁੰਦੇ ਹਨ ਕਿ ਮੁੱਖ ਮੰਤਰੀ ਆਪਣੇ ਐਮਪੀ ਦੇ ਸਟੈਂਡ ਮੁਤਾਬਕ ਚੱਲਣਗੇ ਜਾਂ ਫਿਰ ਰਾਇਪੇਰੀਅਨ ਸਿਧਾਂਤ ਦੁਹਰਾਉਣਗੇ ਅਤੇ ਐਲਾਨ ਕਰਨਗੇ ਕਿ ਪੰਜਾਬ ਦਾ ਇਸਦੇ ਦਰਿਆਈ ਪਾਣੀਆਂ ’ਤੇ ਅਨਿੱਖੜਵਾਂ ਹੱਕ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…