ਮੁਬਾਰਕਪੁਰ ਰੇਲਵੇ ਅੰਡਰ ਬ੍ਰਿਜ ਦੀ ਮੁਰੰਮਤ ਲਈ 60 ਲੱਖ ਦੇ ਫੰਡ ਮਨਜ਼ੂਰ: ਡੀਸੀ ਆਸ਼ਿਕਾ ਜੈਨ

11 ਨਸ਼ਾ ਮੁਕਤ ਪਿੰਡਾਂ ਨੂੰ ਜਿਮ ਕਿੱਟਾਂ ਦੇਣ ਲਈ 27.50 ਲੱਖ ਰੁਪਏ ਦੀ ਮਨਜ਼ੂਰੀ

ਡੀਐਮਐੱਫ਼ ਵੱਲੋਂ ਘੱਗਰ ਤੇ ਟਾਂਗਰੀ ਨਾਲ 12000 ਬਾਂਸ ਦੇ ਬੂਟੇ ਲਗਾਉਣ ਦੀ ਮਨਜ਼ੂਰੀ

ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਜ਼ਿਲ੍ਹਾ ਮਿਨਰਲ ਫਾਊਂਡੇਸ਼ਨ (ਡੀਐਮਐਫ਼) ਵੱਲੋਂ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਮੁਬਾਰਕਪੁਰ ਰੇਲਵੇ ਅੰਡਰ ਬ੍ਰਿਜ ਦੀ ਮੁਰੰਮਤ ਲਈ 60 ਲੱਖ ਰੁਪਏ ਦੇ ਫੰਡ ਨੂੰ ਪ੍ਰਵਾਨਗੀ ਦਿੱਤੀ ਗਈ। ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਹੜ੍ਹਾਂ ਦੌਰਾਨ ਇਹ ਰਸਤਾ ਕਾਫ਼ੀ ਨੁਕਸਾਨਿਆਂ ਗਿਆ ਸੀ ਅਤੇ ਰੇਲਵੇ ਵਿਭਾਗ ਵੱਲੋਂ ਰੇਲਵੇ ਅੰਡਰ ਬ੍ਰਿਜ ਦਾ ਕੰਮ ਲੋਕ ਨਿਰਮਾਣ ਵਿਭਾਗ ਨੂੰ ਸੌਂਪਿਆ ਗਿਆ ਸੀ। ਹੁਣ ਇਸ ਦੇ ਰੱਖ-ਰਖਾਓ ਦਾ ਕੰਮ ਲੋਕ ਨਿਰਮਾਣ ਵਿਭਾਗ ਵੱਲੋਂ ਕੀਤਾ ਜਾਵੇਗਾ। ਇਸ ਕਾਰਜ ਲਈ 1.20 ਕਰੋੜ ਦਾ ਅਨੁਮਾਨ ਹੈ। ਕੁੱਲ ਰਾਸ਼ੀ ’ਚੋਂ ਅੱਧਾ ਹਿੱਸਾ ਲੋਕ ਨਿਰਮਾਣ ਵਿਭਾਗ ਵੱਲੋਂ ਸਹਿਣ ਕੀਤਾ ਜਾਣਾ ਹੈ ਜਦਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਆਪਣੇ ਹਿੱਸੇ ਦੇ ਫੰਡਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਜਲਦੀ ਟੈਂਡਰ ਜਾਰੀ ਕਰਨ ਲਈ ਸੂਚਨਾ ਭੇਜ ਦਿੱਤੀ ਜਾਵੇਗੀ।
ਡੀਸੀ ਆਸ਼ਿਕਾ ਜੈਨ ਨੇ ਦੱਸਿਆ ਕਿ ਇੰਜ ਹੀ ਡੀਐਮਐਫ਼ ਨੇ ਡੇਰਾਬੱਸੀ ਬਲਾਕ ਦੇ 11 ਪਿੰਡਾਂ ਨੂੰ ਜਿਮ ਕਿੱਟਾਂ/ਸਮਾਨ ਮੁਹੱਈਆ ਕਰਵਾਉਣ ਲਈ ਵੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਿੰਡਾਂ ਨੂੰ ਨਸ਼ਾ ਮੁਕਤ ਐਲਾਨਿਆ ਗਿਆ ਹੈ, ਉਨ੍ਹਾਂ ਤੋਂ ਬਾਕੀ ਪਿੰਡਾਂ ਨੂੰ ਵੀ ਸੇਧ ਲੈਣ ਦੀ ਲੋੜ ਹੈ ਤਾਂ ਜੋ ਹੋਰਨਾਂ ਪਿੰਡਾਂ ਨੂੰ ਵੀ ਨਸ਼ਾ ਮੁਕਤ ਪਿੰਡਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾ ਸਕੇ। ਅਜਿਹੇ ਹਰ ਪਿੰਡ ਨੂੰ 2.5 ਲੱਖ ਰੁਪਏ ਅਤੇ ਇਸ ਤਰ੍ਹਾਂ 27.5 ਲੱਖ ਰੁਪਏ ਦੀਆਂ ਜਿਮ ਕਿੱਟਾਂ/ਸਮਾਨ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਡੀਐਮਐਫ਼ ਵੱਲੋਂ ਘੱਗਰ ਅਤੇ ਟਾਂਗਰੀ ਦੇ ਕੰਢਿਆਂ ’ਤੇ 12000 ਬਾਂਸ ਦੇ ਬੂਟੇ ਲਗਾਉਣ ਦੀ ਸਿਧਾਂਤਕ ਪ੍ਰਵਾਨਗੀ ਦਿੱਤੀ ਗਈ ਹੈ ਤਾਂ ਜੋ ਦੋਵਾਂ ਨਦੀਆਂ ਦੇ ਕੰਢਿਆਂ ਨੂੰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬਾਂਸ ਦੇ ਰੁੱਖ ਮਿੱਟੀ ਨੂੰ ਖੁਰਨ ਤੋਂ ਬਚਾਅ ਦਾ ਕੰਮ ਕਰਨਗੇ।
ਉਨ੍ਹਾਂ ਦੱਸਿਆ ਕਿ ਹੜ੍ਹਾਂ ਦੌਰਾਨ ਸਪਲਾਈ ਬੰਦ ਕਰ ਦੇਣ ਵਾਲੀਆਂ ਤਿੰਨ ਜਨਤਕ ਰੇਤੇ ਦੀਆਂ ਖੱਡਾਂ ਪਿਛਲੇ ਦੋ ਹਫ਼ਤਿਆਂ ਤੋਂ ਮੁੜ ਸ਼ੁਰੂ ਹੋ ਗਈਆਂ ਹਨ ਅਤੇ 5.50 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਸਸਤੀ ਰੇਤ ਪਿਟ ਹੈੱਡਜ਼ ’ਤੇ ਉਪਲਬਧ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟੇਸ਼ਨ ਅਤੇ ਲੋਡਿੰਗ ਦੀ ਲਾਗਤ ਖ਼ਰੀਦਦਾਰ ਦੀ ਆਪਣੀ ਹੋਵੇਗੀ। ਜਿਨ੍ਹਾਂ ਸਾਈਟਾਂ ਨੂੰ ਮੁੜ ਸ਼ੁਰੂ ਕੀਤਾ ਗਿਆ ਹੈ, ਉਨ੍ਹਾਂ ਵਿੱਚ ਟਾਂਗਰੀ-1, 2 ਅਤੇ 5 ਸ਼ਾਮਲ ਹਨ।
ਮੀਟਿੰਗ ਵਿੱਚ ਏਡੀਸੀ ਵਿਰਾਜ ਐਸ.ਤਿੜਕੇ ਤੇ ਦਮਨਜੀਤ ਸਿੰਘ ਮਾਨ, ਐਸਡੀਐਮ ਚੰਦਰਜੋਤੀ ਸਿੰਘ, ਏਸੀ (ਯੂਟੀ) ਡੇਵੀ ਗੋਇਲ, ਸਹਾਇਕ ਕਮਿਸ਼ਨਰ (ਜਨਰਲ) ਹਰਜੋਤ ਕੌਰ ਮਾਵੀ, ਮੁੱਖ ਮੰਤਰੀ ਦੇ ਫੀਲਡ ਅਫ਼ਸਰ ਇੰਦਰਪਾਲ ਸਮੇਤ ਡੀਡੀਪੀਓ ਅਮਨਿੰਦਰ ਪਾਲ ਸਿੰਘ ਚੌਹਾਨ ਅਤੇ ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ ਰਜਤ ਗਰੋਵਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮਾਲਵਿੰਦਰ ਮਾਲੀ ਕੇਸ: ਹਾਈ ਕੋਰਟ ਵਿੱਚ ਹੁਣ 28 ਨੂੰ ਹੋਵੇਗੀ ਸੁਣਵਾਈ, ਸਰਕਾਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ

ਮਾਲਵਿੰਦਰ ਮਾਲੀ ਕੇਸ: ਹਾਈ ਕੋਰਟ ਵਿੱਚ ਹੁਣ 28 ਨੂੰ ਹੋਵੇਗੀ ਸੁਣਵਾਈ, ਸਰਕਾਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ ਮਾ…