ਗੈਂਗਸਟਰ ਗੋਲਡੀ ਬਰਾੜ ਤੇ ਸਾਬਾ ਅਮਰੀਕਾ ਦੇ ‘ਵਾਂਟਿਡ ਸ਼ੂਟਰ’ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 16 ਨਵੰਬਰ:
ਜ਼ਿਲ੍ਹਾ ਮੁਹਾਲੀ ਪੁਲੀਸ ਨੂੰ ਅਪਰਾਧੀਆਂ/ਗੈਂਗਸਟਰਾਂ ਵਿਰੁੱਧ ਵਿੱਢੀ ਮੁਹਿੰਮ ਦੀ ਲਗਾਤਾਰਤਾ ਵਿੱਚ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ, ਜਿਸ ਵਿੱਚ ਵਿਦੇਸ਼ ਆਧਾਰਿਤ ਗੈਂਗਸਟਰ ਗੋਲਡੀ ਬਰਾੜ ਅਤੇ ਸਾਬਾ ਅਮਰੀਕਾ ਦੇ ਇੱਕ ਸਾਥੀ ਗੁਰਪਾਲ ਸਿੰਘ ਵਾਸੀ ਡੇਰਾਬੱਸੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਜ ਇੱਥੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਮੁਹਾਲੀ ਦੇ ਐਸਐਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਬੀਤੀ 6.11.2023 ਨੂੰ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਕੌਮੀ ਤਿਉਹਾਰਾਂ ਦੇ ਮੱਦੇਨਜ਼ਰ ਵਿਸ਼ੇਸ਼ ਗਸ਼ਤ ਦੌਰਾਨ ਜ਼ੀਰਕਪੁਰ ਥਾਣਾ ਦੇ ਐਸਐਚਓ ਨੇ ਆਪਣੀ ਟੀਮ ਸਮੇਤ ਮਨਜੀਤ ਉਰਫ਼ ਗੁਰੀ ਨੂੰ ਵੀਆਈਪੀ ਰੋਡ, ਜ਼ੀਰਕਪੁਰ ਵਿਖੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ, ਜਦੋਂਕਿ ਉਸਦਾ ਇੱਕ ਹੋਰ ਸਾਥੀ ਗੁਰਪਾਲ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ। ਪੁਲੀਸ ਵੱਲੋਂ ਜਵਾਬੀ ਗੋਲੀਬਾਰੀ ਵਿੱਚ ਗੁਰੀ ਨੂੰ ਗੋਲੀ ਲੱਗੀ ਸੀ ਅਤੇ ਉਸ ਕੋਲੋਂ ਦੋ ਪਿਸਤੌਲ ਵੀ ਬਰਾਮਦ ਹੋਏ ਸਨ।
ਇਸ ਸਬੰਧੀ ਇੱਕ ਐਫ਼ਆਈਆਰ ਨੰਬਰ 331 ਅਧੀਨ ਮੁਕੱਦਮਾ ਧਾਰਾਵਾਂ 307, 353, 186 ਆਈਪੀਸੀ ਅਤੇ ਅਸਲਾ ਐਕਟ ਥਾਣਾ ਜ਼ੀਰਕਪੁਰ ਵਿੱਚ ਦਰਜ ਕੀਤਾ ਗਿਆ ਸੀ ਅਤੇ ਗੁਰੀ ਤੋਂ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਕਿ ਗੇਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਵਿਦੇਸ਼ੀ ਮੂਲ ਦੇ ਲੋੜੀਂਦੇ ਅਪਰਾਧੀ ਗੋਲਡੀ ਬਰਾੜ ਅਤੇ ਸਾਬਾ ਅਮਰੀਕਾ ਦੇ ਨਿਰਦੇਸ਼ਾਂ ’ਤੇ ਉਸ ਨੇ ਆਪਣੇ ਸਾਥੀ ਗੁਰਪਾਲ ਸਮੇਤ ਦੋ ਅਣਪਛਾਤੇ ਮੋਟਰ ਸਾਈਕਲ ਸਵਾਰ ਵਿਅਕਤੀਆਂ ਕੋਲੋਂ ਪਿੰਡ ਦਦਰਾਣਾ, ਕਾਲਜ ਰੋਡ, ਡੇਰਾਬੱਸੀ ਤੋਂ 3 ਵਿਦੇਸ਼ੀ ਪਿਸਤੌਲਾਂ ਸਮੇਤ 30 ਜਿੰਦਾ ਕਾਰਤੂਸ ਹਾਸਲ ਕੀਤੇ ਸਨ। ਉਨ੍ਹਾਂ ਨੂੰ ਵਿਦੇਸ਼ ਆਧਾਰਿਤ ਉਕਤ ਮੁਲਜ਼ਮਾਂ ਵੱਲੋਂ ਜ਼ੀਰਕਪੁਰ ਵਿੱਚ ਕੋਈ ਸਨਸਨੀਖੇਜ਼ ਅਪਰਾਧ ਨੂੰ ਅੰਜਾਮ ਦੇਣ ਦਾ ਜਿੰਮਾ ਸੌਂਪਿਆ ਗਿਆ ਸੀ।
ਐਸਐਸਪੀ ਗਰਗ ਨੇ ਦੱਸਿਆ ਕਿ ਗੁਰਪਾਲ ਨੂੰ ਫੜਨ ਲਈ ਮੁਹਾਲੀ ਪੁਲੀਸ ਵੱਲੋਂ ਇੱਕ ਵਿਸ਼ੇਸ਼ ਅਪਰੇਸ਼ਨ ਹੰਟ ਸ਼ੁਰੂ ਕੀਤਾ ਗਿਆ ਸੀ। ਪੁਲੀਸ ਵੱਲੋਂ ਇਸ ਦੌਰਾਨ ਮਨੁੱਖੀ/ਤਕਨੀਕੀ ਇਨਪੁੱਟਸ ’ਤੇ ਕੰਮ ਕਰਦੇ ਹੋਏ ਲੋੜੀਂਦੇ ਸ਼ੂਟਰ ਗੁਰਪਾਲ ਸਿੰਘ ਨੂੰ ਅੱਜ ਤੜਕੇ ਪਿੰਡ ਰਣਖੰਡੀ, ਜ਼ਿਲ੍ਹਾ ਸਹਾਰਨਪੁਰ (ਯੂਪੀ) ਤੋਂ ਗ੍ਰਿਫ਼ਤਾਰ ਕੀਤਾ ਗਿਆ। ਜਿੱਥੇ ਉਸ ਨੂੰ ਉਸ ਦੇ ਹੈਂਡਲਰਾਂ ਵੱਲੋਂ ਛੁਪਣਗਾਹ ਮੁਹੱਈਆ ਕਰਵਾਈ ਗਈ ਸੀ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਇੱਕ .30 ਕੈਲੀਬਰ, ਚੀਨੀ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਪ੍ਰਮੁੱਖ ਸਕੱਤਰ ਦੇ ਭਰੋਸੇ ਮਗਰੋਂ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਪ੍ਰੋਗਰਾਮ ਮੁਲਤਵੀ

ਵੈਟਰਨਰੀ ਡਾਕਟਰਾਂ ਨੇ ਪ੍ਰਮੁੱਖ ਸਕੱਤਰ ਦੇ ਭਰੋਸੇ ਮਗਰੋਂ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਪ੍ਰੋਗਰਾਮ ਮੁਲਤਵੀ ਪ…