ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ

ਨਬਜ਼-ਏ-ਪੰਜਾਬ, ਮੁਹਾਲੀ, 2 ਦਸੰਬਰ:
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਬੁੱਢਾ ਦਲ ਦੇ ਸੱਤਵੇਂ ਜਥੇਦਾਰ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ (ਤਤਕਾਲੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿੱਚ ਭਲਕੇ 3 ਦਸੰਬਰ ਨੂੰ ਸਾਲਾਨਾ ਧਾਰਮਿਕ ਸਮਾਗਮ ਅਤੇ ਮੈਗਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਸੰਗਤ ਵਿੱਚ ਭਾਰੀ ਉਤਸ਼ਾਹ ਹੈ। ਇਸ ਸਮਾਗਮ ਦੀ ਖ਼ੁਸ਼ੀ ਵਿੱਚ ਅੱਜ ਨਿਤਨੇਮ ਦੀ ਅਰਦਾਸ ਉਪਰੰਤ ਸਵੇਰੇ ਸਾਢੇ 5 ਵਜੇ ਵਿਸ਼ਾਲ ਪ੍ਰਭਾਤ ਫੇਰੀ ਕੱਢੀ ਗਈ, ਜੋ ਇਸ ਇਤਿਹਾਸਕ ਅਸਥਾਨ ਤੋਂ ਸ਼ੁਰੂ ਹੋ ਕੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਵਾਲਿਆਂ ਦੇ ਤਪ ਅਸਥਾਨ ਹੰਸਾਲੀ ਖੇੜਾ (ਫਤਹਿਗੜ੍ਹ ਸਾਹਿਬ) ਵਿਖੇ ਪਹੁੰਚ ਕੇ ਸਮਾਪਤ ਹੋਈ। ਪ੍ਰਭਾਤ ਫੇਰੀ ਵਿੱਚ ਇਲਾਕੇ ਦੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਅਤੇ ਸੰਗਤ ਬੱਸਾਂ, ਕਾਰਾਂ, ਟਰੱਕਾਂ, ਟਰੈਕਟਰ-ਟਰਾਲੀਆਂ, ਸਕੂਟਰਾਂ, ਮੋਟਰ ਸਾਈਕਲਾਂ ਰਾਹੀਂ ਸ਼ਾਮਲ ਹੋਈ। ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਨੇ ਉਚੇਚੇ ਤੌਰ ’ਤੇ ਪ੍ਰਭਾਤ ਫੇਰੀ ਵਿੱਚ ਆਉਣ ਵਾਲੀਆਂ ਸੰਗਤਾਂ ਦੇ ਦਰਸ਼ਨ ਕੀਤੇ।
ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਭਾਤ ਫੇਰੀ ਦੌਰਾਨ ਵੱਖ-ਵੱਖ ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਰਸਤੇ ਵਿੱਚ ਸੰਗਤ ਵੱਲੋਂ ਥਾਂ-ਥਾਂ ਸੁੱਕੇ ਮੇਵੇ ਅਤੇ ਚਾਹ ਤੇ ਬਰੈੱਡ ਪਕੌੜਿਆਂ ਦਾ ਲੰਗਰ ਲਾਇਆ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਐਤਵਾਰ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਜਾਰੀ ਰਹੇਗਾ। ਜਿਸ ਵਿੱਚ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਸਤਨਾਮ ਸਿੰਘ ਕੋਹਾੜਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਉੱਘੇ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਲੁਧਿਆਣਾ ਵਾਲੇ, ਮੀਰੀ-ਪੀਰੀ ਖਾਲਸਾ ਕੀਰਤਨੀ ਜਥਾ ਜਗਾਧਰੀ ਵਾਲੇ, ਭਾਈ ਬਲਬੀਰ ਸਿੰਘ ਪਾਰਸ ਅਤੇ ਅੰਮ੍ਰਿਤਸਰ ਵਾਲੀਆਂ ਬੀਬੀਆਂ ਦਾ ਇੰਟਰਨੈਸ਼ਨਲ ਢਾਡੀ ਜਥਾ, ਬੀਬੀ ਦਲੇਰ ਕੌਰ ਖਾਲਸਾ ਅਤੇ ਨਕੋਦਰ ਵਾਲੀਆਂ ਬੀਬੀਆਂ ਦੇ ਇੰਟਰਨੈਸ਼ਨਲ ਢਾਡੀ ਜਥੇ, ਭਾਈ ਗੁਰਪ੍ਰੀਤ ਸਿੰਘ ਖਾਲਸਾ ਦਾ ਢਾਡੀ ਜਥੇ ਸਮੇਤ ਹੋਰ ਰਾਗੀ ਸਿੰਘ, ਉੱਚ ਕੋਟੀ ਦੇ ਪੰਥ ਪ੍ਰਸਿੱਧ ਪ੍ਰਚਾਰਕ, ਹਜ਼ੂਰੀ ਰਾਗੀ ਅਤੇ ਕਵੀਸ਼ਰੀ ਸੰਗਤ ਨੂੰ ਕਥਾ, ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਇਸ ਦਿਨ ਮਾਨਵਤਾ ਦੇ ਭਲੇ ਲਈ ਮੈਗਾ ਖੂਨਦਾਨ ਕੈਂਪ ਸਵੇਰੇ 8 ਵਜੇ ਤੋਂ ਦੇਰ ਸ਼ਾਮ 6 ਵਜੇ ਤੱਕ ਲਗਾਇਆ ਜਾਵੇਗਾ। ਸਾਰਾ ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਨਬਜ਼…