ਜਿਣਸਾਂ ਦੀ ਗੁਣਵੱਤਾ ਦੀ ਜਾਂਚ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਲੱਗਣਗੀਆਂ ਆਧੁਨਿਕ ਮਸ਼ੀਨਾਂ: ਬਰਸਟ

ਹੁਣ ਤੱਕ 2,17,491 ਕਿਸਾਨਾਂ, 8946 ਕਮਿਸ਼ਨ ਏਜੰਟਾਂ, 2874 ਵਪਾਰੀਆਂ ਨੂੰ ਈ-ਨਾਮ ਪੋਰਟਲ ਨਾਲ ਕੀਤਾ ਰਜਿਸਟਰ

ਪੰਜਾਬ ਸਰਕਾਰ ਨੇ 11 ਜਿਣਸਾਂ ਦੇ ਈ-ਟਰੇਡਿੰਗ ਲਈ ਈ-ਨਾਮ ਸਕੀਮ ਨੂੰ ਪ੍ਰਵਾਨਗੀ ਦਿੱਤੀ

ਨਬਜ਼-ਏ-ਪੰਜਾਬ, ਮੁਹਾਲੀ, 6 ਦਸੰਬਰ:
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਕਿਸਾਨਾਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਨੂੰ ਈ-ਮਾਰਕੀਟਿੰਗ ਬਾਰੇ ਜਾਗਰੂਕ ਕਰਨਾ ਬੇਹੱਦ ਜ਼ਰੂਰੀ ਹੈ। ਕਿਸਾਨਾਂ ਨੂੰ ਇਲੈਕਟ੍ਰਾਨਿਕ-ਨੈਸ਼ਨਲ ਐਗਰੀਕਲਚਰ ਮਾਰਕੀਟ (ਈ-ਨਾਮ) ਸਕੀਮ ਪ੍ਰਤੀ ਉਤਸ਼ਾਹਿਤ ਕਰਨ ਦੇ ਨਾਲ-ਨਾਲ ਈ-ਨਾਮ ਪੋਰਟਲ ਅਤੇ ਮੋਬਾਈਲ ਐਪ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ। ਈ-ਮਾਰਕੀਟਿੰਗ ਕਿਸਾਨਾਂ ਨੂੰ ਆਪਣੇ ਉਤਪਾਦਾਂ ਨੂੰ ਵੱਖ-ਵੱਖ ਸੂਬਿਆਂ ਸਮੇਤ ਦੁਨੀਆ ਭਰ ਵਿੱਚ ਵੇਚਣ ਦੀ ਸਹੂਲਤ ਦਿੰਦੀ ਹੈ ਅਤੇ ਇਹ 24 ਘੰਟੇ ਖੁੱਲ੍ਹਾ ਰਹਿਣ ਵਾਲਾ ਪਲੇਟਫ਼ਾਰਮ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਉਪਜ ਨੂੰ ਕਿਸੇ ਵੀ ਸਮੇਂ ਵੇਚ ਸਕਦੇ ਹਨ।
ਹਰਚੰਦ ਸਿੰਘ ਬਰਸਟ ਨੇ ਅੱਜ ਅਨਾਜ ਦੀ ਗੁਣਵੱਤਾ ਦੀ ਜਾਂਚ ਕਰਨ ਵਾਲੀਆਂ ਆਧੁਨਿਕ ਮਸ਼ੀਨਾਂ ਦੇ ਨਿਰੀਖਣ ਦੌਰਾਨ ਦੱਸਿਆ ਕਿ ਇਹ ਮਸ਼ੀਨਾਂ ਫ਼ਸਲਾਂ ਦੀ ਗੁਣਵੱਤਾ ਦੀ ਜਾਂਚ ਏਆਈ ਤਕਨੀਕ ਰਾਹੀਂ ਕਰਦੀਆਂ ਹਨ, ਜਿਸ ਰਾਹੀਂ ਫ਼ਸਲਾਂ ਦੇ ਖ਼ਰਾਬ ਦਾਣੇ, ਪੱਥਰ, ਮਿਲਾਵਟ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਲਦੀ ਹੀ ਇਨ੍ਹਾਂ ਮਸ਼ੀਨਾਂ ਨੂੰ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਵਿੱਚ ਲਗਾਇਆ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਕਿਸਾਨ ਇਨ੍ਹਾਂ ਦਾ ਲਾਭ ਲੈ ਸਕਣ।
ਉਨ੍ਹਾਂ ਦੱਸਿਆ ਕਿ ਹੁਣ ਤੱਕ 2,17,491 ਕਿਸਾਨਾਂ, 8,946 ਕਮਿਸ਼ਨ ਏਜੰਟਾਂ ਅਤੇ 2,874 ਵਪਾਰੀਆਂ ਨੂੰ ਈ-ਨਾਮ ਪੋਰਟਲ ਨਾਲ ਰਜਿਸਟਰਡ ਕੀਤਾ ਗਿਆ ਹੈ ਅਤੇ ਆਲੂ, ਬਾਸਮਤੀ, ਮੱਕੀ, ਕਿੰਨੂ, ਮੂੰਗੀ, ਕਪਾਹ, ਹਰੇ ਮਟਰ, ਸ਼ਿਮਲਾ ਮਿਰਚ, ਤਰਬੂਜ, ਲੀਚੀ ਅਤੇ ਸੂਰਜਮੁਖੀ ਸਮੇਤ ਕੁੱਲ 35.04 ਲੱਖ ਟਨ ਖੇਤੀਬਾੜੀ ਜਿਣਸਾਂ ਦਾ ਈ-ਟਰੇਡ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਪੰਜਾਬ ਦੀਆਂ ਇਨ੍ਹਾਂ ਪ੍ਰਮੁੱਖ ਫ਼ਸਲਾਂ ਦੇ ਵਧੀਆ ਭਾਅ ਨੂੰ ਯਕੀਨੀ ਬਣਾਉਣ ਲਈ ਸਿਰਫ਼ ਇਨ੍ਹਾਂ 11 ਜਿਣਸਾਂ ਦੇ ਈ-ਟਰੇਡਿੰਗ ਲਈ ਈ-ਨਾਮ ਸਕੀਮ ਨੂੰ ਪ੍ਰਵਾਨਗੀ ਦਿੱਤੀ ਹੈ ਅਤੇ ਹਾਲ ਹੀ ਵਿੱਚ ਈ-ਟਰੇਡਿੰਗ ਲਈ ਸੂਰਜਮੁਖੀ ਨੂੰ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਖਾਸ ਕਰਕੇ ਨੌਜਵਾਨ, ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਆਨਲਾਈਨ ਕਰਿਆਨਾ ਪੋਰਟਲ, ਸੋਸ਼ਲ ਮੀਡੀਆ ਸਾਈਟਾਂ ’ਤੇ ਉਪਲਬਧ ਮਾਰਕੀਟ ਪਲੇਸ ਵਿਕਲਪਾਂ ਦੀ ਪੜਚੋਲ ਕਰਨ ਅਤੇ ਖ਼ੁਦ ਦੇ ਵੈਬ ਪੋਰਟਲ ਬਣਾਉਣ ਦੇ ਉਪਰਾਲੇ ਕਰਨ ਤਾਂ ਜੋ ਉਹ ਆਪਣੇ ਉਤਪਾਦਾਂ ਨੂੰ ਸਿੱਧੇ ਖਪਤਕਾਰਾਂ ਨੂੰ ਵੇਚ ਸਕਣ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਸੰਯੁਕਤ ਸਕੱਤਰ ਗੀਤਿਕਾ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

India Needs Next Generation Leaders: Jagdeep Dhankhar

India Needs Next Generation Leaders: Jagdeep Dhankhar Nabaz-e-Punjab, Mohali, October 18: …