ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਗਮਾਡਾ ਵੱਲੋਂ 1755 ਏਕੜ ਜ਼ਮੀਨ ਦਾ ਕਬਜ਼ਾ ਲੈਣ ਦੀ ਸ਼ੁਰੂਆਤ

ਐਕਵਾਇਰ ਕੀਤੀਆਂ ਜ਼ਮੀਨਾਂ ਦਾ ਕਬਜ਼ਾ ਲੈਣ ਭਾਰੀ ਪੁਲੀਸ ਫੋਰਸ ਨਾਲ ਪਹੁੰਚੀ ਗਮਾਡਾ ਦੀ ਟੀਮ

ਨਬਜ਼-ਏ-ਪੰਜਾਬ, ਮੁਹਾਲੀ, 7 ਦਸੰਬਰ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਐਟਰੋਪੋਲਿਸ ਪ੍ਰਾਜੈਕਟ ਲਈ 17 ਪਿੰਡਾਂ ਦੀ ਐਕਵਾਇਰ ਕੀਤੀ 1755 ਏਕੜ ਜ਼ਮੀਨ ਦਾ ਕਬਜ਼ਾ ਲੈਣ ਦੀ ਸ਼ੁਰੂਆਤ ਕਰ ਦਿੱਤੀ ਹੈ। ਗਮਾਡਾ ਦੀ ਟੀਮ ਅੱਜ ਭਾਰੀ ਪੁਲੀਸ ਫੋਰਸ ਲੈ ਕੇ ਪਿੰਡ ਮਟਰਾਂ ਵਿੱਚ ਜ਼ਮੀਨ ਦਾ ਕਬਜ਼ਾ ਲੈਣ ਪਹੁੰਚ ਗਈ। ਗਮਾਡਾ ਦੀ ਇਸ ਕਾਰਵਾਈ ਦਾ ਇਲਾਕੇ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਲੇਕਿਨ ਇਸ ਦੇ ਬਾਵਜੂਦ ਗਮਾਡਾ ਨੇ ਜੇਸੀਬੀ ਮਸ਼ੀਨਾਂ ਅਤੇ ਟਰੈਕਟਰਾਂ ਨਾਲ ਖੇਤ ਵਾਹ ਦਿੱਤੇ। ਇਸ ਮੌਕੇ ਸੋਹਾਣਾ ਥਾਣਾ ਅਤੇ ਐਰੋਸਿਟੀ ਥਾਣਾ ਦੇ ਮੁਲਾਜ਼ਮਾਂ ਸਮੇਤ ਗਮਾਡਾ ਦਾ ਆਪਣਾ ਸੁਰੱਖਿਆ ਦਸਤਾ ਤਾਇਨਾਤ ਸੀ। ਇਸ ਦੌਰਾਨ ਕਿਸਾਨਾਂ ਅਤੇ ਪੁਲੀਸ ਵਿਚਕਾਰ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਲੇਕਿਨ ਦੋਵਾਂ ਧਿਰਾਂ ਵੱਲੋਂ ਸਮਝਦਾਰੀ ਦਿਖਾਉਣ ਨਾਲ ਟਕਰਾਅ ਟਲ ਗਿਆ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਪੀੜਤ ਕਿਸਾਨ ਗੁਰਵਿੰਦਰ ਸਿੰਘ ਗਿੰਦਾ, ਨੇਕ ਸਿੰਘ ਬੈਦਵਾਨ, ਸੁੱਚਾ ਸਿੰਘ, ਸਤਵਿੰਦਰ ਸਿੰਘ, ਸੱਜਣ ਸਿੰਘ, ਕੁਲਵਿੰਦਰ ਸਿੰਘ, ਰਣਧੀਰ ਸਿੰਘ, ਅਜੈਬ ਸਿੰਘ ਬਾਕਰਪੁਰ ਅਤੇ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਡੇਢ ਦਰਜਨ ਪਿੰਡਾਂ ਦੀ ਸੈਂਕੜੇ ਏਕੜ ਜ਼ਮੀਨ ਐਕਵਾਇਰ ਕਰਨ ਤੋਂ ਬਾਅਦ ਗਮਾਡਾ ਹੁਣ ਯੋਗ ਮੁਆਵਜ਼ਾ ਅਤੇ ਵਾਅਦੇ ਮੁਤਾਬਕ ਬਣਦੇ ਲਾਭ ਦੇਣ ਤੋਂ ਭੱਜ ਰਿਹਾ ਹੈ। ਉਨ੍ਹਾਂ ਕਿਹਾ ਕਿ ਗਮਾਡਾ ਦਾ ਅੱਜ ਦਾ ਐਕਸ਼ਨ ਬਿਲਕੁਲ ਗਲਤ ਹੈ। ਹਾਲੇ ਤੱਕ ਕਾਫ਼ੀ ਲੋਕਾਂ ਨੂੰ ਗਮਾਡਾ ਨੇ ਐਲਓਆਈ ਵੀ ਜਾਰੀ ਨਹੀਂ ਕੀਤੇ ਗਏ ਹਨ ਅਤੇ ਨਾ ਹੀ ਲੈਂਡ-ਪੂਲਿੰਗ ਸਕੀਮ ਦਾ ਲਾਭ ਦਿੱਤਾ ਜਾ ਰਿਹਾ ਹੈ।
ਇਸੇ ਦੌਰਾਨ ਪਿੰਡ ਸਿਆਊ, ਸੈਣੀਮਾਜਰਾ, ਚਡਿਆਲਾ, ਪੱਤੋਂ, ਬਾਕਰਪੁਰ, ਨਰੈਣਗੜ੍ਹ-ਝੂੰਗੀਆਂ, ਰੁੜਕਾ, ਸਫ਼ੀਪੁਰ ਅਤੇ ਮਨੌਲੀ ਦੇ ਕਿਸਾਨਾਂ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਅਤੇ ਗਮਾਡਾ ਦੀ ਧੱਕੇਸ਼ਾਹੀ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ 400 ਏਕੜ ਜ਼ਮੀਨ ਮਾਲਕਾਂ ਨੂੰ ਅਜੇ ਤਾਈ ਗਮਾਡਾ ਨੇ ਐਲਓਆਈ ਵੀ ਜਾਰੀ ਨਹੀਂ ਕੀਤੇ ਗਏ। ਇਸ ਤੋਂ ਇਲਾਵਾ ਗੈਰ ਫਲਦਾਰ ਰੁੱਖ, ਹੋਰ ਦਰਖ਼ਤ, ਟਿਊਬਵੈੱਲਾਂ ਦੇ ਕੋਠੇ ਦਾ ਮੁਆਵਜ਼ਾ ਦੇਣਾ ਵੀ ਬਾਕੀ ਹੈ। ਕਿਸਾਨਾਂ ਨੇ ਇਕਸੁਰ ਵਿੱਚ ਕਿਹਾ ਕਿ ਜਦੋਂ ਤੱਕ ਗਮਾਡਾ ਬਾਕੀ ਰਹਿੰਦੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਅਤੇ ਐਲਓਆਈ ਜਾਰੀ ਨਹੀਂ ਕਰਦਾ, ਉਦੋਂ ਤੱਕ ਕਿਸਾਨ ਆਪਣੀ ਜ਼ਮੀਨ ਦਾ ਇੱਕ ਟੁਕੜਾ ਵੀ ਨਹੀਂ ਦੇਣਗੇ। ਜੇਕਰ ਗਮਾਡਾ ਨੇ ਪੁਲੀਸ ਦੇ ਡੰਡੇ ਦੇ ਜ਼ੋਰ ਨਾਲ ਜ਼ਮੀਨਾਂ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਤਾਂ ਇਨਸਾਫ਼ ਲਈ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਡੀਸੀ ਆਸ਼ਿਕਾ ਜੈਨ ਨੇ ਕਿਸਾਨਾਂ ਨੂੰ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ।

Load More Related Articles
Load More By Nabaz-e-Punjab
Load More In General News

Check Also

India Needs Next Generation Leaders: Jagdeep Dhankhar

India Needs Next Generation Leaders: Jagdeep Dhankhar Nabaz-e-Punjab, Mohali, October 18: …