nabaz-e-punjab.com

ਪੈਰਾਗਾਨ ਸਕੂਲ ਵਿੱਚ ਹੋਵੇਗਾ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਓਪਨ ਯੂਥ ਫੈਸਟੀਵਲ, ਤਿਆਰੀਆਂ ਜ਼ੋਰਾਂ ’ਤੇ

ਨਬਜ਼-ਏ-ਪੰਜਾਬ, ਮੁਹਾਲੀ, 8 ਦਸੰਬਰ:
ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਡਾਇਰੈਕਟਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹਾਇਕ ਡਾਇਰੈਕਟਰ ਮੁਹਾਲੀ ਡਾ. ਮਲਕੀਤ ਸਿੰਘ ਮਾਨ ਦੀ ਸਰਪ੍ਰਸਤੀ ਹੇਠ ਇੱਥੋਂ ਦੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਵਿਖੇ 13 ਅਤੇ 14 ਦਸੰਬਰ ਨੂੰ ਜ਼ਿਲ੍ਹਾ ਪੱਧਰੀ ਓਪਨ ਯੂਥ ਫੈਸਟੀਵਲ ਕਰਵਾਇਆ ਜਾਵੇਗਾ। ਅੱਜ ਇੱਥੇ ਡਾ. ਮਲਕੀਤ ਮਾਨ ਨੇ ਦੱਸਿਆ ਕਿ ਇਸ ਓਪਨ ਯੂਥ ਫੈਸਟੀਵਲ ਵਿੱਚ 15 ਤੋਂ 35 ਸਾਲ ਉਮਰ ਵਰਗ ਦਾ ਜ਼ਿਲ੍ਹਾ ਮੁਹਾਲੀ ਦਾ ਕੋਈ ਵੀ ਵਸਨੀਕ ਭਾਗ ਲੈ ਸਕਦਾ ਹੈ। ਭਾਗੀਦਾਰਾਂ ਦੀ ਰਜਿਸਟ੍ਰੇਸ਼ਨ ਮੌਕੇ ਉੱਤੇ ਹੀ ਕੀਤੀ ਜਾਵੇਗੀ। ਜਿਸ ਵਿੱਚ ਭੰਗੜਾ, ਗਿੱਧਾ, ਲੋਕ ਗੀਤ, ਵਾਰ ਗਾਇਨ, ਭਾਸ਼ਣ ਪ੍ਰਤੀਯੋਗਤਾ, ਕਵੀਸ਼ਰੀ, ਮੋਨੋ-ਐਕਟਿੰਗ, ਪੁਰਾਤਨ ਪਹਿਰਾਵਾ, ਰਵਾਇਤੀ ਲੋਕ ਕਲਾ ਮੁਕਾਬਲਾ, ਫੁਲਕਾਰੀ, ਨਾਲੇ ਬੁਣਨਾ, ਪੀੜੀ ਬੁਣਨਾ, ਛਿੱਕੂ ਬਣਾਉਣਾ, ਪੱਖੀ ਬੁਣਨਾ, ਕਲੀ, ਗਤਕਾ, ਮਿਮਕਰੀ, ਭੰਡ, ਡੀਬੇਟ ਅਤੇ ਬੇਕਾਰ ਵਸਤੂਆਂ ਦਾ ਸਦ-ਉਪਯੋਗ ਆਦਿ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਟੀਮਾਂ ਅੱਗੇ ਸੂਬਾ ਪੱਧਰੀ ਹੋਣ ਵਾਲੇ ਯੂਥ ਫੈਸਟੀਵਲ ਲਈ ਚੰਡੀਗੜ੍ਹ ਵਿੱਚ ਭੇਜੀਆਂ ਜਾਣਗੀਆਂ।
ਇਸ ਮੌਕੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਜਸਮੀਤ ਕੌਰ ਨੇ ਦੱਸਿਆ ਕਿ ਸਕੂਲ ਮੈਨੇਜਮੈਂਟ ਵੱਲੋਂ ਦੋ ਰੋਜ਼ਾ ਯੁਵਕ ਮੇਲੇ ਨੂੰ ਸਫਲ ਬਣਾਉਣ ਲਈ ਜੰਗੀ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸਟਾਫ਼ ਦੀ ਮਦਦ ਨਾਲ ਇਨ੍ਹਾਂ ਮੁਕਾਬਲਿਆਂ ਨੂੰ ਨੇਪਰੇ ਚਾੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮੁਹਾਲੀ ਦੇ ਦਫ਼ਤਰ ਕਮਰਾ ਨੰਬਰ 511-512 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

India Needs Next Generation Leaders: Jagdeep Dhankhar

India Needs Next Generation Leaders: Jagdeep Dhankhar Nabaz-e-Punjab, Mohali, October 18: …