‘ਮੇਰਾ ਵੇਲਾ ਮੇਰੇ ਗੀਤ’ ਗੀਤ ਸੰਗ੍ਰਹਿ ਲੋਕ ਅਰਪਣ ਤੇ ਵਿਚਾਰ ਚਰਚਾ

ਨਬਜ਼-ਏ-ਪੰਜਾਬ, ਮੁਹਾਲੀ, 18 ਜਨਵਰੀ:
ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਵਿਹੜੇ ਟੀਮ ਰੂਹ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਅੱਜ ਜਰਨੈਲ ਹੁਸ਼ਿਆਰਪੁਰੀ ਦੇ ਗੀਤ ਸੰਗ੍ਰਹਿ ‘ਮੇਰਾ ਵੇਲਾ ਮੇਰੇ ਗੀਤ’ ਨੂੰ ਲੋਕ ਅਰਪਣ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਸਮਾਗਮ ਦੇ ਆਰੰਭ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਿਹਾ ਗਿਆ। ਉਨ੍ਹਾਂ ਨੇ ਜਰਨੈਲ ਹੁਸ਼ਿਆਰਪੁਰੀ ਨੂੰ ਗੀਤ ਸੰਗ੍ਰਹਿ ‘ਮੇਰਾ ਵੇਲਾ ਮੇਰੇ ਗੀਤ’ ਲਈ ਮੁਬਾਰਕਬਾਦ ਦਿੰਦਿਆਂ ਗੀਤਾਂ ਦੇ ਸਾਹਿਤਕ ਅਤੇ ਇਤਿਹਾਸਕ ਮਹੱਤਵ ਬਾਰੇ ਵਿਸਥਾਰਤ ਰੌਸ਼ਨੀ ਪਾਈ। ਉਨ੍ਹਾਂ ਆਖਿਆ ਕਿ ਹਥਲੀ ਪੁਸਤਕ ਸਮੁੱਚੇ ਰੂਪ ਵਿਚ ਉਸਾਰੂ ਅਤੇ ਲੋਕ ਹਿੱਤਾਂ ਦੀ ਬਾਤ ਪਾਉਂਦੀ ਹੈ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੁਹਾਲੀ ਦੀਆਂ ਪ੍ਰਾਪਤੀਆਂ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ। ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਗੀਤ ਸੰਗ੍ਰਹਿ ‘ਮੇਰਾ ਵੇਲਾ ਮੇਰੇ ਗੀਤ’ ਨੂੰ ਲੋਕ ਅਰਪਣ ਕਰਨ ਉਪਰੰਤ ਵਿਚਾਰ ਚਰਚਾ ਦੀ ਪ੍ਰਧਾਨਗੀ ਕਰ ਰਹੇ ਜੇ.ਬੀ.ਗੋਇਲ ਵੱਲੋਂ ਆਖਿਆ ਗਿਆ ਕਿ ਇਹ ਪੁਸਤਕ ਜ਼ਿੰਦਗੀ ਦੀ ਊਰਜਾ ਨਾਲ ਭਰਪੂਰ ਹੈ। ਲੇਖਕ ਨੂੰ ਲੋਕ ਮਨਾਂ ਨੂੰ ਪੜ੍ਹਨ ਦੀ ਜਾਂਚ ਹੈ ਇਸੇ ਲਈ ਇਹ ਗੀਤ ਰੂਹ ’ਚੋਂ ਫੁੱਟਦੇ ਹਨ। ਮੁੱਖ ਮਹਿਮਾਨ ਜੇ.ਆਰ. ਕੁੰਡਲ ਨੇ ਕਿਹਾ ਕਿ ਸਾਹਿਤ ਉਹੀ ਜਿਊਂਦਾ ਹੈ ਜੋ ਸਮੇਂ ਦੇ ਸੱਚ ਨਾਲ ਜੁੜਿਆ ਹੋਵੇ ਅਤੇ ਸਰਬਕਾਲੀ ਹੋਵੇ।‘ਮੇਰਾ ਵੇਲਾ ਮੇਰੇ ਗੀਤ‘ ਇਸੇ ਭਾਂਤ ਦੀ ਰਚਨਾ ਹੈ।
ਵਿਸ਼ੇਸ਼ ਮਹਿਮਾਨ ਡਾ.ਦਵਿੰਦਰ ਦਮਨ ਅਨੁਸਾਰ ਹਥਲੀ ਪੁਸਤਕ ਵਿਚਲੇ ਸਰਲ ਦਿੱਖ ਵਾਲੇ ਗੀਤਾਂ ਦੇ ਪਿੱਛੇ ਬੜਾ ਵੱਡਾ ਸੱਭਿਆਚਾਰਕ ਕੈਨਵਸ ਫੈਲਿਆ ਹੋਇਆ ਹੈ। ਪਰਚਾ ਲੇਖਕ ਮਨਮੋਹਨ ਸਿੰਘ ਦਾਊਂ ਨੇ ‘ਮੇਰਾ ਵੇਲਾ ਮੇਰੇ ਗੀਤ’ ਲੋਕ-ਕਾਵਿ ਪਰੰਪਰਾ ਦਾ ਸੰਦਲੀ ਸ਼ਰਬਤੀ ਗਲਾਸ’ ਵਿਸ਼ੇ ’ਤੇ ਪ੍ਰਭਾਵ ਪੂਰਨ ਪਰਚਾ ਪੜ੍ਹਦੇ ਹੋਏ ਕਿਹਾ ਕਿ ਜਰਨੈਲ ਹੁਸ਼ਿਆਰਪੁਰੀ ਕੋਲ ਪੰਜਾਬੀ ਸੱਭਿਆਚਾਰ ਦੇ ਸੰਦੂਕ ਦੀਆਂ ਚਾਬੀਆਂ ਹਨ, ਜਿਸ ਨੂੰ ਜਦੋਂ ਉਹ ਖੋਲ੍ਹਦਾ ਹੈ ਤਾਂ ‘ਮੇਰਾ ਪਿੰਡ’ ਪੁਸਤਕ ਚੇਤੇ ਕਰਵਾ ਦਿੰਦਾ ਹੈ। ਜਰਨੈਲ ਹੁਸ਼ਿਆਰਪੁਰੀ ਵੱਲੋਂ ਹਥਲੀ ਪੁਸਤਕ ਦੀ ਸਿਰਜਣਾ ਬਾਬਤ ਆਖਿਆ ਗਿਆ ਕਿ ਪੰਜਾਬ ਅਤੇ ਪੰਜਾਬੀਅਤ ਮੈਨੂੰ ਧੂਹ ਪਾਉਂਦੀ ਹੈ। ਇਸੇ ਭਾਵ ’ਚੋਂ ਉਪਜੇ ਵਲਵਲਿਆਂ ਨੂੰ ਮੈਂ ਗੀਤਾਂ ਦੇ ਰੂਪ ਵਿੱਚ ਕਲਮਬੱਧ ਕੀਤਾ ਹੈ।
ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਬਲਕਾਰ ਸਿੰਘ ਸਿੱਧੂ ਨੇ ਆਖਿਆ ਕਿ ਇਨ੍ਹਾਂ ਰਚਨਾਵਾਂ ਵਿੱਚ ਪ੍ਰਗੀਤਾਮਕਤਾ ਮੌਜੂਦ ਹੈ। ਨਾਲ ਹੀ ਇਸ ਪੁਸਤਕ ਵਿਚ ਥਾਂ-ਥਾਂ ਸਾਡੇ ਚੇਤਿਆਂ ਵਿੱਚੋਂ ਕਿਰ ਗਈ ਵਿਰਾਸਤੀ ਸ਼ਬਦਾਵਲੀ ਦੇ ਝਲਕਾਰੇ ਮਿਲਦੇ ਹਨ। ਡਾ. ਸਵੈਰਾਜ ਸਿੰਘ ਸੰਧੂ ਨੇ ਆਖਿਆ ਕਿ ਇਸ ਕਿਤਾਬ ਵਿਚ ਵਾਰਿਸ ਦੀ ਹੀਰ ਵਾਂਗ ਪੰਜਾਬੀ ਲੋਕ ਵਿਰਸਾ ਸਮਾਇਆ ਹੋਇਆ ਹੈ। ਇਨ੍ਹਾਂ ਗੀਤਾਂ ਵਿਚ ਲੋਕਗੀਤ ਬਣਨ ਦੀ ਸਮਰੱਥਾ ਹੈ। ਡਾ. ਦਿਲਬਾਗ ਸਿੰਘ ਨੇ ਆਖਿਆ ਕਿ ‘ਮੇਰਾ ਵੇਲਾ ਮੇਰੇ ਗੀਤ’ ਸਿਰਲੇਖ ਹੀ ਇਸ ਵਿਚਲੀਆਂ ਰਚਨਾਵਾਂ ਦੀ ਸਾਰਥਕਤਾ ਦਾ ਜਾਮਣ ਹੈ। ਨਵ ਵਰਿੰਦਰ ਸਿੰਘ ਨੇ ਲੇਖਕ ਨੂੰ ਪੁਸਤਕ ਦੀ ਮੁਬਾਰਕਬਾਦ ਦਿੰਦਿਆਂ ਸਰੋਤਿਆਂ ਨੂੰ ਅਜੋਕੀ ਤਕਨਾਲੋਜੀ ਦੇ ਸਮੇਂ ਵਿਚ ਪੁਸਤਕ ਨਾਲ ਜੁੜਨ ਦੀ ਅਪੀਲ ਕੀਤੀ ਗਈ।
ਇਸ ਮੌਕੇ ਅਮਰ ਵਿਰਦੀ, ਕੁਲਬੀਰ ਸੈਣੀ, ਸ੍ਰੀਮਤੀ ਦੀਪਕ ਰਿਖੀ, ਐੱਸ.ਪੀ. ਦੁੱਗਲ, ਸੰਦੀਪ ਕੰਬੋਜ ਅਤੇ ਦੀਪਕ ਰਿਖੀ ਨੇ ‘ਮੇਰਾ ਵੇਲਾ ਮੇਰੇ ਗੀਤ’ ਪੁਸਤਕ ਵਿਚਲੇ ਗੀਤਾਂ ਨੂੰ ਆਪਣੀ ਖ਼ੂਬਸੂਰਤ ਅਤੇ ਬੁਲੰਦ ਅਵਾਜ਼ ਤੇ ਅੰਦਾਜ਼ ਵਿੱਚ ਪੇਸ਼ ਕੀਤਾ। ਸਮੂਹ ਬੁਲਾਰਿਆਂ ਨੇ ਜ਼ਿਲ੍ਹਾ ਭਾਸ਼ਾ ਅਫ਼ਸਰ ਦਫ਼ਤਰ ਦੀ ਕਾਰਜਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ।
ਇਸ ਮੌਕੇ ਇੰਜ. ਐੱਸ.ਐੱਸ. ਕਾਲੜਾ, ਮਨਜੀਤ ਕੌਰ ਮੀਤ, ਅਮਰਾਓ ਸਿੰਘ ਯੂਕੇ, ਅਮਰਜੀਤ ਸਿੰਘ, ਸਰਪੰਚ ਬੀ.ਕੇ.ਗੋਇਲ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਮਾਨ, ਡਾ. ਮੇਘਾ ਸਿੰਘ, ਨਿਰਮਲ ਸਿੰਘ ਬਾਸੀ, ਨਰਿੰਦਰ ਪਾਲ ਸਿੰਘ, ਅਜਮੇਰ ਸਾਗਰ, ਗੁਰਮੀਤ ਸਿੰਗਲ, ਤੇਜਪਾਲ ਰਾਣਾ, ਸੁਖਪ੍ਰੀਤ ਕੌਰ, ਮਨਜੀਤ ਸਿੰਘ, ਜਪਨੀਤ ਕੌਰ ਨੇ ਵੀ ਸ਼ਿਰਕਤ ਕੀਤੀ।
ਸਮਾਗਮ ਦੇ ਅਖੀਰ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਦਰਸ਼ਨ ਕੌਰ ਨੇ ਕੀਤਾ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੁਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ: ਛੋਟਾ-ਵੱਡਾ ਘੱਲੂਘਾਰਾ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਨਬਜ਼…