ਬੰਦੀ ਸਿੰਘਾਂ ਦੀ ਰਿਹਾਈ: ਪੰਜਾਬ ਵਿੱਚ 18 ਟੋਲ ਪਲਾਜ਼ਿਆਂ ’ਤੇ ਕੀਤਾ ਰੋਸ ਮੁਜ਼ਾਹਰਾ

ਕਿਸਾਨ ਜਥੇਬੰਦੀਆਂ ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਮੰਗੀ, ਟੋਲ ਪਲਾਜ਼ਿਆਂ ’ਤੇ ਕੀਤੇ ਰੋਸ ਪ੍ਰਦਰਸ਼ਨ

ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਹੱਡ ਚੀਰਵੀਂ ਠੰਢ ਵਿੱਚ ਪੱਕਾ ਮੋਰਚਾ ਜਾਰੀ, ਸੰਘਰਸ਼ ਤੇਜ਼ ਕਰਨ ਦਾ ਐਲਾਨ

ਨਬਜ਼-ਏ-ਪੰਜਾਬ, ਮੁਹਾਲੀ, 20 ਜਨਵਰੀ:
ਬੰਦੀ ਸਿੰਘਾਂ ਦੀ ਰਿਹਾਈ, 328 ਲਾਪਤਾ ਸਰੂਪ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਸਮੇਤ ਹੋਰ ਸਿੱਖ ਮਸਲਿਆਂ ਨੂੰ ਲੈ ਕੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਹੱਡ ਚੀਰਵੀਂ ਠੰਢ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦਾ ਪੱਕਾ ਮੋਰਚਾ ਜਾਰੀ ਹੈ। ਕੌਮੀ ਇਨਸਾਫ਼ ਮੋਰਚੇ ਦੀ ਅਪੀਲ ’ਤੇ ਅੱਜ ਮੁਹਾਲੀ ਸਮੇਤ ਪੰਜਾਬ ਭਰ ਵਿੱਚ 18 ਟੋਲ ਪਲਾਜ਼ਿਆਂ ’ਤੇ ਰੋਸ ਪ੍ਰਦਰਸ਼ਨ ਕਰਕੇ ਸਮੇਂ ਦੀਆਂ ਸਰਕਾਰਾਂ ਨੂੰ ਰੱਜ ਕੇ ਕੋਸਿਆ। ਕਿਸਾਨ ਜਥੇਬੰਦੀਆਂ ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਕਈ ਥਾਵਾਂ ’ਤੇ ਰੋਸ ਮੁਜ਼ਾਹਰੇ ਕੀਤੇ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਸੀਨੀਅਰ ਆਗੂ ਪਰਮਦੀਪ ਸਿੰਘ ਬੈਦਵਾਨ ਅਤੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ ਦੀ ਅਗਵਾਈ ਵਿੱਚ ਹੇਠ ਅਜੀਜਪੁਰ ਟੋਲ ਪਲਾਜਾ ’ਤੇ ਧਰਨਾ ਦਿੱਤਾ ਅਤੇ ਟੋਲ ਪਲਾਜਾ ਨੂੰ ਟੈਕਸ ਮੁਕਤ ਕਰਵਾਇਆ। ਇਸ ਮੌਕੇ ਜਨਰਲ ਸਕੱਤਰ ਲਖਵਿੰਦਰ ਸਿੰਘ ਕਰਾਲਾ, ਜਗਜੀਤ ਸਿੰਘ ਜੱਗੀ, ਇਕਬਾਲ ਸਿੰਘ ਬੈਰੋਂਪੁਰ, ਰੁਸਤਮ ਜ਼ੀਰਕਪੁਰ, ਨੈਬ ਸਿੰਘ ਹੁਲਕਾ, ਗੁਰਵਿੰਦਰ ਸਿੰਘ ਅਤੇ ਹਰਜੀਤ ਸਿੰਘ ਮੌਜੂਦ ਸਨ।
ਮੋਰਚੇ ਦੇ ਆਗੂ ਭਾਈ ਪਾਲ ਸਿੰਘ ਫਰਾਂਸ, ਐਡਵੋਕੇਟ ਗੁਰਸ਼ਰਨ ਸਿੰਘ, ਜਸਵਿੰਦਰ ਸਿੰਘ ਰਾਜਪੁਰਾ, ਰਵਿੰਦਰ ਸਿੰਘ ਵਜੀਦਪੁਰ, ਬਲਵਿੰਦਰ ਸਿੰਘ ਕਾਲਾ ਅਤੇ ਬਲਬੀਰ ਸਿੰਘ ਸਿੰਘ ਬੈਰੋਂਪੁਰ ਨੇ ਅੱਜ ਮੁਹਾਲੀ ਸਮੇਤ ਪੰਜਾਬ ਭਰ ਵਿੱਚ ਵੱਖ-ਵੱਖ ਥਾਵਾਂ ’ਤੇ 13 ਟੋਲ ਪਲਾਜ਼ਿਆਂ ਨੂੰ ਮੁਫ਼ਤ ਕਰਨ ਦਾ ਐਲਾਨ ਕੀਤਾ ਸੀ ਲੇਕਿਨ ਇਨਸਾਫ਼ ਪਸੰਦ ਲੋਕਾਂ ਵੱਲੋਂ ਪੰਜ ਟੋਲ ਪਲਾਜੇ ਆਪ ਮੁਹਾਰੇ ਬੰਦ ਕੀਤੇ ਗਏ।
ਆਗੂਆਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਨੂੰਨ ਅਨੁਸਾਰ ਢੁਕਵੀਂਆਂ ਸਜ਼ਾਵਾਂ ਦੇਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਵੱਲ ਬਿਲਕੁਲ ਧਿਆਨ ਨਾ ਦੇਣਾ ਸਿੱਖਾਂ ਪ੍ਰਤੀ ਬੇਗਾਨਗੀ ਦਾ ਅਹਿਸਾਸ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਦੇਸ਼ ਵਿੱਚ 26 ਜਨਵਰੀ ਅਤੇ 15 ਅਗਸਤ ਨੂੰ ਸਾਲ ਵਿੱਚ ਦੋ ਵਾਰ ਆਜ਼ਾਦੀ ਦਿਹਾੜੇ ਮਨਾਏ ਜਾਂਦੇ ਹਨ ਅਤੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੇ ਯੋਗਦਾਨ ਨੂੰ ਸਲਾਹਿਆ ਜਾਂਦਾ ਹੈ ਪ੍ਰੰਤੂ ਸਜਾ ਭੁਗਤ ਚੁੱਕੇ ਪੰਜਾਬ ਦੇ ਪੁੱਤ ਹਾਲੇ ਵੀ ਜੇਲ੍ਹਾਂ ਵਿੱਚ ਸੜ ਰਹੇ ਹਨ। ਅੱਜ ਟੋਲ ਪਲਾਜਿਆਂ ’ਤੇ ਰੋਸ ਪ੍ਰਦਰਸ਼ਨ ਕਰਨ ਲਈ ਲੋਕਾਂ ਦੇ ਮਿਲੇ ਭਰਵੇਂ ਹੁੰਗਾਰੇ ਨੂੰ ਦੇਖਦੇ ਹੋਏ ਭਲਕੇ 21 ਜਨਵਰੀ ਨੂੰ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ। ਸੂਤਰ ਦੱਸਦੇ ਹਨ ਕਿ ਗਣਤੰਤਰ ਦਿਵਸ ਦੇ ਮੌਕੇ ਸਿੱਖ ਸੰਗਠਨ ਕੋਈ ਗੁਪਤ ਐਕਸ਼ਨ ਕਰ ਸਕਦੇ ਹਨ।

ਆਗੂਆਂ ਨੇ ਦੱਸਿਆ ਕਿ ਅੱਜ ਅਜੀਜਪੁਰ ਟੋਲ ਪਲਾਜ਼ਾ (ਜ਼ੀਰਕਪੁਰ-ਬਨੂੜ ਸੜਕ), ਦੱਪਰ ਟੋਲ ਪਲਾਜ਼ਾ, ਭਾਗੋਮਾਜਰਾ ਟੋਲ ਪਲਾਜ਼ਾ (ਖਰੜ-ਲੁਧਿਆਣਾ ਸੜਕ), ਸੋਲਖੀਆਂ ਟੋਲ ਪਲਾਜ਼ਾ (ਖਰੜ-ਰੂਪਨਗਰ ਸੜਕ) ਸਮੇਤ ਰਾਜਪੁਰਾ-ਪਟਿਆਲਾ ਸੜਕ ’ਤੇ ਧਰੇੜੀ ਜੱਟਾਂ ਟੋਲ ਪਲਾਜ਼ਾ, ਕਲਿਆਣਾ ਨਾਭਾ ਰੋਡ ਪਟਿਆਲਾ, ਸਮਾਣਾ, ਸ਼ਤਰਾਣਾ, ਫਿਰੋਜ਼ਪੁਰ ਵਿੱਚ ਫਿਰੋਜ਼ਸ਼ਾਹ ਟੋਲ ਪਲਾਜ਼ਾ ਤੇ ਤਾਰਾਪੁਰਾ ਟੋਲ ਪਲਾਜ਼ਾ, ਜਲੰਧਰ ਵਿੱਚ ਬਾਮਨੀਵਾਲਾ ਟੋਲ ਪਲਾਜ਼ਾ (ਸ਼ਾਹਕੋਟ-ਮੋਗਾ ਸੜਕ), ਲੁਧਿਆਣਾ ਵਿੱਚ ਲਾਡੋਵਾਲ ਟੋਲ ਪਲਾਜ਼ਾ, ਘਲਾਲ ਟੋਲ ਪਲਾਜ਼ਾ (ਸਮਰਾਲਾ), ਉਸਮਾ ਟੋਲ ਪਲਾਜ਼ਾ (ਅੰਮ੍ਰਿਤਸਰ-ਬਠਿੰਡਾ ਸੜਕ), ਬਠਿੰਡਾ ਵਿੱਚ ਜੀਦਾ ਟੋਲ ਪਲਾਜ਼ਾ (ਬਠਿੰਡਾ-ਕੋਟਕਪੁਰਾ ਸੜਕ), ਫਰੀਦਕੋਟ ਵਿੱਚ ਤਲਵੰਡੀ ਭਾਈ ਟੋਲ ਪਲਾਜ਼ਾ (ਤਲਵੰਡੀ ਭਾਈ-ਫਰੀਦਕੋਟ ਸੜਕ), ਭਿੱਖੀਵਿੰਗ ਤੋਂ ਹਰੀਕੇ ਪੱਤਣ ਭੱਗੂਪੁਰ ਟੋਲ ਪਲਾਜ਼ਾ ਅਤੇ ਨਵਾਂ ਸ਼ਹਿਰ ਵਿੱਚ ਕਾਠਗੜ੍ਹ-ਬਛੂਆ ਟੋਲ ਪਲਾਜ਼ਾ (ਬਲਾਚੌਰ) ਸਮੇਤ ਪੰਜ ਹੋਰ ਟੋਲ ਪਲਾਜ਼ਿਆਂ ਨੂੰ ਟੋਲ ਤੋਂ ਮੁਕਤ ਕਰਕੇ ਰੋਸ ਵਿਖਾਵੇ ਕੀਤੇ ਗਏ।

Load More Related Articles
Load More By Nabaz-e-Punjab
Load More In General News

Check Also

India Needs Next Generation Leaders: Jagdeep Dhankhar

India Needs Next Generation Leaders: Jagdeep Dhankhar Nabaz-e-Punjab, Mohali, October 18: …