nabaz-e-punjab.com

ਅਧਿਆਪਕਾ ਨੂੰ ਬਦਨਾਮ ਕਰਨ ਲਈ ਅਸ਼ਲੀਲ ਫੋਟੋਆਂ ਲਗਾ ਕੇ ਫ਼ਰਜ਼ੀ ਫੇਸਬੁੱਕ ਪੇਜ ਬਣਾਇਆ, 1 ਕਾਬੂ

ਅਧਿਆਪਕਾ ਸਮੇਤ ਦੋ ਵਿਅਕਤੀਆਂ ਵਿਰੁੱਧ ਸੋਹਾਣਾ ਥਾਣੇ ’ਚ ਪਰਚਾ ਦਰਜ

ਨਬਜ਼-ਏ-ਪੰਜਾਬ, ਮੁਹਾਲੀ, 23 ਜਨਵਰੀ:
ਮੁਹਾਲੀ ਜ਼ਿਲ੍ਹੇ ਦੇ ਇੱਕ ਸਰਕਾਰੀ ਮਿਡਲ ਸਕੂਲ ਦੀ ਇੱਕ ਅਧਿਆਪਕਾ ਵੱਲੋਂ ਆਪਣੀ ਇੱਕ ਸਾਥਣ ਅਧਿਆਪਕਾ ਨੂੰ ਬਦਨਾਮ ਕਰਨ ਦੇ ਦੋਸ਼ ਵਿੱਚ ਸੋਹਾਣਾ ਥਾਣੇ ਵਿੱਚ ਪਰਚਾ ਦਰਜ ਕੀਤਾ ਗਿਆ। ਮੁਲਜ਼ਮ ਅਧਿਆਪਕਾ ਨੇ ਕਰੀਬ ਚਾਰ ਕੁ ਸਾਲ ਪਹਿਲਾਂ ਆਪਣੀ ਹੀ ਇੱਕ ਸਾਥਣ ਅਧਿਆਪਕਾ ਨੂੰ ਬਦਨਾਮ ਕਰਨ ਲਈ ਉਸ ਦਾ ਮੋਬਾਈਲ ਨੰਬਰ ਲਿਖ ਕੇ ਫ਼ਰਜ਼ੀ ਅਸ਼ਲੀਲ ਫੇਸਬੁੱਕ ਪੇਜ ਬਣਾ ਦਿੱਤਾ ਗਿਆ ਸੀ ਅਤੇ ਵਿਵਾਦਿਤ ਪੇਜ ’ਤੇ ਅਸ਼ਲੀਲ ਫੋਟੋਆਂ ਪੋਸਟ ਕਰ ਦਿੱਤੀਆਂ ਸਨ। ਇਸ ਮਗਰੋਂ ਪੀੜਤ ਅਧਿਆਪਕਾ ਨੂੰ ਲੋਕਾਂ ਦੇ ਗੰਦੇ ਸੁਨੇਹੇ ਅਤੇ ਫੋਨ ਆਉਣੇ ਸ਼ੁਰੂ ਹੋ ਗਏ। ਜਿਸ ਤੋਂ ਤੰਗ ਆ ਕੇ ਪੀੜਤ ਅਧਿਆਪਕਾ ਨੇ ਸੋਹਾਣਾ ਥਾਣੇ ਵਿੱਚ ਸ਼ਿਕਾਇਤ ਦੇ ਕੇ ਉਂਜ ਪੱਧਰੀ ਜਾਂਚ ਕਰਵਾਉਣ ਅਤੇ ਜ਼ਿੰਮੇਵਾਰ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਪੁਲੀਸ ਨੇ ਲੰਮੀ ਜਾਂਚ ਤੋਂ ਬਾਅਦ ਆਈਟੀ ਐਕਟ ਦੇ ਤਹਿਤ ਪਰਚਾ ਦਰਜ ਕਰਕੇ ਫੇਸਬੁੱਕ ਪੇਜ ਬਣਾਉਣ ਵਾਲੀ ਅਧਿਆਪਕਾ ਸਿੰਮੀ ਦੇ ਇੱਕ ਸਾਥੀ ਹਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਸਿੰਮੀ ਫ਼ਰਾਰ ਦੱਸੀ ਜਾ ਰਹੀ ਹੈ। ਪੁਲੀਸ ਨੂੰ ਨਤੀਜੇ ’ਤੇ ਪਹੁੰਚਣ ਲਈ ਫੇਸਬੁੱਕ ਵੱਲੋਂ ਦੱਸਿਆ ਗਿਆ ਕਿ ਪੀੜਤ ਅਧਿਆਪਕਾ ਨੂੰ ਬਦਨਾਮ ਕਰਨ ਵਾਲੇ ਕੌਣ ਹਨ।
ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਸਿੰਮੀ ਨੇ ਆਪਣੇ ਦੋਸਤ ਹਰਵਿੰਦਰ ਸਿੰਘ ਨਾਲ ਮਿਲ ਕੇ ਆਪਣੀ ਸਾਥਣ ਅਧਿਆਪਕਾ ਨੂੰ ਬਦਨਾਮ ਕਰਨ ਲਈ ਇਹ ਘਿਣਾਉਣੀ ਹਰਕਤ ਕੀਤੀ ਗਈ। ਹਰਵਿੰਦਰ ਸਿੰਘ, ਉਸ ਦੇ ਪੁੱਤਰ ਮਲਕੀਤ ਸਿੰਘ ਅਤੇ ਸਿੰਮੀ (ਸਾਰਿਆਂ) ਦੇ ਹੀ ਮੋਬਾਈਲ ਫੋਨ ਇੱਕੋ ਪਤੇ ’ਤੇ ਇੱਕੋ ਥਾਂ ਉੱਤੇ ਚੱਲ ਰਹੇ ਸਨ। ਜਿਸ ਤੋਂ ਫੇਸਬੁੱਕ ਦਫ਼ਤਰ ਨੇ ਇਨ੍ਹਾਂ ਦੀ ਸਾਰੀ ਪੋਲ ਖੋਲ੍ਹ ਕੇ ਰੱਖ ਦਿੱਤੀ।
ਸਿੰਮੀ ਅਤੇ ਉਸ ਦੇ ਸਾਥੀ ਹਰਵਿੰਦਰ ਨੇ ਅਧਿਆਪਕਾ ਨੂੰ ਬਦਨਾਮ ਕਰਨ ਲਈ ਉਸ ਦਾ ਮੋਬਾਈਲ ਨੰਬਰ ਲਿਖ ਕੇ ਉਸਦੇ ਨਾਲ ਗੰਦੀਆਂ ਤਸਵੀਰਾਂ ਲਗਾ ਕੇ ਫੇਸਬੁੱਕ ’ਤੇ ਅਪਲੋਡ ਦਿੱਤੀਆਂ। ਇਸ ਤੋਂ ਬਾਅਦ ਪੀੜਤ ਅਧਿਆਪਕਾ ਨੂੰ ਫੋਨ ਅਤੇ ਗੰਦੇ ਸੁਨੇਹੇ ਆਉਣੇ ਸ਼ੁਰੂ ਹੋ ਗਏ। ਇਸ ਹਰਕਤ ਨਾਲ ਪੀੜਤ ਅਧਿਆਪਕਾ ਦੇ ਵਿਆਹੁਤਾ ਜੀਵਨ ਵਿੱਚ ਕਾਫ਼ੀ ਮੁਸ਼ਕਲ ਖੜੀ ਹੋ ਗਈ ਅਤੇ ਉਸ ਦਾ ਵਸਿਆ ਵਸਾਇਆ ਘਰ ਟੁੱਟਣ ਤੱਕ ਪਹੁੰਚ ਗਿਆ ਪ੍ਰੰਤੂ ਉਸਦੇ ਪਤੀ ਨੇ ਆਪਣੀ ਪਤਨੀ ਦਾ ਸਾਥ ਦਿੱਤਾ ਲੇਕਿਨ ਪੀੜਤ ਅਧਿਆਪਕਾ ਮਾਨਸਿਕ ਤੌਰ ’ਤੇ ਬੁਰੀ ਤਰ੍ਹਾਂ ਟੁੱਟ ਗਈ ਅਤੇ ਉਹ ਡਿਪਰੈਸ਼ਨ ਵਿੱਚ ਚਲੀ ਗਈ। ਜਿਸ ਕਾਰਨ ਕਾਫ਼ੀ ਸਮਾਂ ਉਸ ਨੂੰ ਇਲਾਜ ਕਰਵਾਉਣਾ ਪਿਆ। ਇਸੇ ਸਦਮੇ ਕਾਰਨ ਦੋ ਵਾਰ ਪੀੜਤ ਅਧਿਆਪਕਾ ਦਾ ਗਰਭਪਾਤ ਵੀ ਹੋ ਗਿਆ। ਉਧਰ, ਸਿੱਖਿਆ ਵਿਭਾਗ ਵੱਲੋਂ ਸਿੰਮੀ ਨੂੰ ਚਾਰਜਸ਼ੀਟ ਕਰਨ ਦੀ ਤਿਆਰੀ ਕਰ ਲਈ ਹੈ ਕਿਉਂਕਿ ਉਹ 18 ਜਨਵਰੀ ਤੋਂ ਲਗਾਤਾਰ ਗੈਰ ਹਾਜ਼ਰ ਚਲੀ ਆ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

DGP Gaurav Yadav conducts ‘Night Domination’ across Punjab to inspect nakas, Police Stations

DGP Gaurav Yadav conducts ‘Night Domination’ across Punjab to inspect nakas, P…