nabaz-e-punjab.com

ਵਿਜੀਲੈਂਸ ਵੱਲੋਂ ਏਆਈਜੀ ਮਾਲਵਿੰਦਰ ਸਿੱਧੂ ਦਾ ਸਹਿਯੋਗੀ ਬਲਵੀਰ ਸਿੰਘ ਆਲਮਪੁਰ ਗ੍ਰਿਫ਼ਤਾਰ

ਮੁਹਾਲੀ ਅਦਾਲਤ ਨੇ ਮੁਲਜ਼ਮ ਨੂੰ 5 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ

ਨਬਜ਼-ਏ-ਪੰਜਾਬ, ਮੁਹਾਲੀ, 24 ਜਨਵਰੀ:
ਪੰਜਾਬ ਪੁਲੀਸ ਦੇ ਬਹੁਚਰਚਿਤ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਦੇ ਸਾਥੀ ਅਤੇ ਦਲਿਤ ਆਗੂ ਬਲਬੀਰ ਸਿੰਘ ਆਲਮਪੁਰ (ਪਟਿਆਲਾ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਜੀਲੈਂਸ ਵੱਲੋਂ ਮੁਲਜ਼ਮ ਬਲਬੀਰ ਨੂੰ ਏਆਈਜੀ ਸਿੱਧੂ ਦਾ ਕਰਿੰਦਾ ਦੱਸਿਆ ਜਾ ਰਿਹਾ ਹੈ। ਸਿੱਧੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਹ ਰੂਪੋਸ਼ ਹੋ ਗਿਆ ਸੀ ਅਤੇ ਲਗਾਤਾਰ ਆਪਣੀ ਗ੍ਰਿਫ਼ਤਾਰੀ ਤੋਂ ਬਚਦਾ ਆ ਰਿਹਾ ਸ। ਵਿਜੀਲੈਂਸ ਦੀ ਜਾਂਚ ਟੀਮ ਵੱਲੋਂ ਬਲਬੀਰ ਸਿੰਘ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਬਲਬੀਰ ਸਿੰਘ ਆਲਮਪੁਰ, ਸਿੱਧੂ ਖ਼ਿਲਾਫ਼ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵਿਜੀਲੈਂਸ ਨੂੰ ਲੋੜੀਂਦਾ ਸੀ। ਉਧਰ, ਦਲਿਤ ਸੰਗਠਨਾਂ ਨੇ ਵਿਜੀਲੈਂਸ ਦੀ ਕਾਰਵਾਈ ਨੂੰ ਬਦਲਾਖੋਰੀ ਦੱਸਿਆ ਹੈ। ਪਿਛਲੇ ਦਿਨੀਂ ਉਨ੍ਹਾਂ ਨੇ ਵਿਜੀਲੈਂਸ ਵੱਲੋਂ ਦਰਜ ਐਫ਼ਆਈਆਰ ਦੀ ਕਾਪੀਆਂ ਸਾੜ ਕੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਸੀ।
ਵਿਜੀਲੈਂਸ ਅਨੁਸਾਰ ਬਲਬੀਰ ਸਿੰਘ, ਏਆਈਜੀ ਸਿੱਧੂ ਦੇ ਇਸ਼ਾਰੇ ’ਤੇ ਵੱਖ-ਵੱਖ ਵਿਭਾਗਾਂ ਵਿੱਚ ਕਰਮਚਾਰੀਆਂ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਉਂਦਾ ਸੀ ਅਤੇ ਉਨ੍ਹਾਂ ਨੂੰ ਬਲੈਕਮੇਲ ਕਰਕੇ ਪੈਸੇ ਦੀ ਮੰਗ ਕਰਦਾ ਸੀ। ਵਿਜੀਲੈਂਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਕਿਹਾ ਕਿ ਮੁਲਜ਼ਮ ਕੋਲੋਂ ਹਥਿਆਰ ਬਰਾਮਦ ਕਰਨਾ ਹੈ ਅਤੇ ਇਸ ਮਾਮਲੇ ਵਿੱਚ ਹੋਰਨਾਂ ਵਿਅਕਤੀਆਂ ਦੀ ਸ਼ਮੂਲੀਅਤ ਦਾ ਪਤਾ ਲਗਾਉਣਾ ਹੈ।
ਵਿਜੀਲੈਂਸ ਦੀ ਮੁੱਢਲੀ ਜਾਂਚ ਦੇ ਆਧਾਰ ’ਤੇ ਵਿਜੀਲੈਂਸ ਬਿਊਰੋ ਉਡਣ ਦਸਤਾ-1, ਮੁਹਾਲੀ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ ਧਾਰਾ 384, 419, 420, 120-ਬੀ, 201 ਤਹਿਤ 30 ਅਕਤੂਬਰ 2023 ਨੂੰ ਪਰਚਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਪਹਿਲਾਂ ਹੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਬੰਦ ਹਨ।
ਵਿਜੀਲੈਂਸ ਅਨੁਸਾਰ ਜਾਂਚ ਵਿੱਚ ਪਾਇਆ ਗਿਆ ਕਿ ਏਆਈਜੀ ਸਿੱਧੂ ਨੇ ਖ਼ੁਦ ਨੂੰ ਵਿਜੀਲੈਂਸ ਦਾ ਆਈਜੀ ਵਜੋਂ ਪੇਸ਼ ਕਰਦਾ ਸੀ। ਜਦੋਂਕਿ ਇਹ ਪੁਲੀਸ ਅਧਿਕਾਰੀ 2017 ਤੋਂ ਬਾਅਦ ਕਦੇ ਵੀ ਵਿਜੀਲੈਂਸ ਬਿਊਰੋ ਵਿੱਚ ਏਆਈਜੀ ਜਾਂ ਆਈਜੀ ਦੇ ਅਹੁਦੇ ’ਤੇ ਤਾਇਨਾਤ ਨਹੀਂ ਰਿਹਾ। ਮੁਲਜ਼ਮ ਬਲਵੀਰ ਸਿੰਘ ਅਤੇ ਹੋਰਨਾਂ ਨੇ ਮਿਲ ਕੇ ਸਰਕਾਰੀ ਮੁਲਾਜ਼ਮਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਨੀਆਂ ਸ਼ੁਰੂ ਕਰ ਦਿੱਤੀਆਂ, ਤਾਂ ਜੋ ਇਹ ਸ਼ਿਕਾਇਤਾਂ ਵਾਪਸ ਲੈਣ ਬਦਲੇ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾ ਸਕੇ ਅਤੇ ਉਨ੍ਹਾਂ ਤੋਂ ਪੈਸੇ ਵਸੂਲੇ ਜਾ ਸਕਣ।
ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਏਆਈਜੀ ਸਿੱਧੂ ਨੇ ਸਰਕਾਰੀ ਵਾਹਨ ‘ਆਰਟੀਗਾ’ ਦੀ ਦੁਰਵਰਤੋਂ ਕੀਤੀ ਸੀ ਅਤੇ ਵਾਹਨ ਦੇ ਤੇਲ ਤੇ ਹੋਰ ਖਰਚੇ ਸਰਕਾਰੀ ਖਾਤੇ ’ਚੋਂ ਖਰਚੇ ਗਏ ਸਨ। ਉਸਨੇ ਕਦੇ ਵੀ ਉਕਤ ਗੱਡੀ ਦੀ ਵਰਤੋਂ ਦਾ ਰਿਕਾਰਡ (ਲੌਗ-ਬੁੱਕ) ਨਹੀਂ ਰੱਖਿਆ ਜੋ ਸਰਕਾਰੀ ਸੰਪਤੀ ਦੀ ਦੁਰਵਰਤੋਂ ਮੰਨਿਆ ਜਾਂਦਾ ਹੈ। ਮੁਲਜ਼ਮ ਬਲਬੀਰ ਸਿੰਘ ਨੇ ਏਆਈਜੀ ਸਿੱਧੂ ਦੇ ਕਹਿਣ ’ਤੇ ਵੱਖ-ਵੱਖ ਵਿਭਾਗਾਂ ਵਿੱਚ ਅਨੁਸੂਚਿਤ ਜਾਤੀ ਅਤੇ ਸੁਤੰਤਰਤਾ ਸੈਨਾਨੀਆਂ ਦੇ ਕੋਟੇ ਤਹਿਤ ਭਰਤੀ ਹੋਏ ਮੁਲਾਜ਼ਮਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਈਆਂ ਸਨ ਤਾਂ ਜੋ ਉਨ੍ਹਾਂ ’ਤੇ ਦਬਾਅ ਬਣਾ ਕੇ ਬਲੈਕਮੇਲ ਕੀਤਾ ਜਾ ਸਕੇ ਅਤੇ ਬਦਲੇ ਵਿੱਚ ਰਿਸ਼ਵਤ ਲਈ ਜਾ ਸਕੇ, ਜਿਸ ਨੂੰ ਬਾਅਦ ਵਿੱਚ ਉਹ, ਮਾਲਵਿੰਦਰ ਸਿੰਘ ਅਤੇ ਹੋਰ ਮੁਲਜ਼ਮ ਆਪਸ ਵਿੱਚ ਵੰਡ ਲੈਂਦੇ ਸਨ। ਵਿਜੀਲੈਂਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਵੀ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਪ੍ਰਮੁੱਖ ਸਕੱਤਰ ਦੇ ਭਰੋਸੇ ਮਗਰੋਂ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਪ੍ਰੋਗਰਾਮ ਮੁਲਤਵੀ

ਵੈਟਰਨਰੀ ਡਾਕਟਰਾਂ ਨੇ ਪ੍ਰਮੁੱਖ ਸਕੱਤਰ ਦੇ ਭਰੋਸੇ ਮਗਰੋਂ ਜ਼ਿਲ੍ਹਾ ਪੱਧਰੀ ਧਰਨੇ ਦੇਣ ਦਾ ਪ੍ਰੋਗਰਾਮ ਮੁਲਤਵੀ ਪ…