ਪੰਚਾਇਤੀ ਚੋਣਾਂ ਸਬੰਧੀ ਸੈਮੀਨਾਰ: ਸਿਆਸੀ ਦਖ਼ਲਅੰਦਾਜ਼ੀ ਦੀ ਥਾਂ ਲੋਕਾਂ ਨੂੰ ਆਪਣੇ ਨੁਮਾਇੰਦੇ ਖ਼ੁਦ ਚੁਣਨ ਦਾ ਹੋਕਾ

ਸੈਮੀਨਾਰ ਨੂੰ ਕਾਹਨ ਸਿੰਘ ਪੰਨੂ, ਡਾ. ਪਿਆਰੇ ਲਾਲ ਗਰਗ, ਗਿਆਨੀ ਕੇਵਲ ਸਿੰਘ ਅਤੇ ਹਮੀਰ ਸਿੰਘ ਨੇ ਕੀਤਾ ਸੰਬੋਧਨ

ਨਬਜ਼-ਏ-ਪੰਜਾਬ, ਮੁਹਾਲੀ, 25 ਜਨਵਰੀ:
ਪੁਆਧੀ ਮੰਚ ਮੁਹਾਲੀ ਵੱਲੋਂ ਪਿੰਡ ਬਚਾਓ-ਪੰਜਾਬ ਬਚਾਓ ਲਹਿਰ ਦੇ ਸਹਿਯੋਗ ਇੱਕੋ ਦੇ ਸੈਕਟਰ-77 ਸਥਿਤ ਪੁਆਧ ਖੇਤਰ ਦੇ ਭਗਤ ਕਵੀ ਆਸਾ ਰਾਮ ਬੈਦਵਾਨ ਦੀ ਸਮਾਧ ਉੱਤੇ ‘ਮੁੱਦਿਆਂ ’ਤੇ ਆਧਾਰਿਤ ਪੰਚਾਇਤੀ ਚੋਣਾਂ’ ਸਬੰਧੀ ਸੈਮੀਨਾਰ ਕਰਵਾਇਆ ਗਿਆ। ਠੰਢ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਸੇਵਾਮੁਕਤ ਆਈਏਐਸ ਕਾਹਨ ਸਿੰਘ ਪੰਨੂ, ਉੱਘੇ ਚਿੰਤਕ ਡਾ. ਪਿਆਰੇ ਲਾਲ ਗਰਗ, ਸੀਨੀਅਰ ਪੱਤਰਕਾਰ ਹਮੀਰ ਸਿੰਘ ਅਤੇ ਗਿਆਨੀ ਕੇਵਲ ਸਿੰਘ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਚਾਇਤੀ ਸੰਸਥਾਵਾਂ ਰਾਜਨੀਤਕ ਦਖ਼ਲ ਤੋਂ ਮੁਕਤ ਹੋਣਗੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀਆਂ ਚੋਣਾਂ ਵਿੱਚ ਰਾਜਸੀ ਚੋਣ ਨਿਸ਼ਾਨਾਂ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ ਅਤੇ ਪਿੰਡ ਪੱਧਰ ’ਤੇ ਲੋਕਾਂ ਨੂੰ ਪੜੇ-ਲਿਖੇ ਸੂਝਵਾਨ ਵਿਅਕਤੀਆਂ ਦੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਚੋਣ ਕਰਨੀ ਚਾਹੀਦੀ ਹੈ।
ਬੁਲਾਰਿਆਂ ਨੇ ਪੰਚਾਇਤ ਐਕਟ, ਪੰਚਾਇਤ ਦੇ ਕੰਮਾਂ, ਇਜਲਾਸਾਂ, ਮਗਨਰੇਗਾ, ਗਰਾਮ ਸਭਾ ਬਾਰੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕਰਦਿਆਂ ਪਿੰਡਾਂ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਆਪੋ-ਆਪਣੇ ਤਜਰਬੇ ਵੀ ਸਾਂਝੇ ਕੀਤੇ।
ਇਸ ਮੌਕੇ ਦਰਸ਼ਨ ਸਿੰਘ ਧਨੇਠਾ, ਡਾ. ਜਸਪਾਲ ਸਿੰਘ, ਖ਼ੁਸ਼ਹਾਲ ਸਿੰਘ ਨੇ ਵੀ ਪੰਚਾਇਤੀ ਸੰਸਥਾਵਾਂ ਬਾਰੇ ਚਰਚਾ ਕੀਤੀ। ਫ਼ਿਲਮੀ ਅਦਾਕਾਰਾ ਮੋਹਣੀ ਤੂਰ ਨੇ ਪੁਆਧ ਦੇ ਸਭਿਆਚਾਰ ਦੀ ਪੇਸ਼ਕਾਰੀ ਕਰਦੇ ਦੋ ਗੀਤ ਪੁਆਧੀ ਵਿੱਚ ਗਾ ਕੇ ਰੰਗ ਬੰਨ੍ਹਿਆ। ਮੰਚ ਦੇ ਪ੍ਰਧਾਨ ਡਾ. ਗੁਰਮੀਤ ਸਿੰਘ ਬੈਦਵਾਨ, ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਪੱਤਰਕਾਰ ਗੁਰਪ੍ਰੀਤ ਸਿੰਘ ਨਿਆਮੀਆਂ, ਪਰਮਦੀਪ ਸਿੰਘ ਬੈਦਵਾਨ ਅਤੇ ਹਰਦੀਪ ਸਿੰਘ ਬਠਲਾਣਾ ਨੇ ਬੋਲਦਿਆਂ ਪੁਆਧੀ ਮੰਚ ਦੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ। ਮੰਚ ਵੱਲੋਂ ਸਾਰੇ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ।
ਡਾ. ਕਰਮਜੀਤ ਸਿੰਘ ਚਿੱਲਾ ਨੇ ਪੇਸ਼ ਮਤਿਆਂ ਰਾਹੀਂ ਪਿੰਡਾਂ ਦੀ ਲਾਲ ਲਕੀਰ ਵਧਾਉਣ, ਮੁਹਾਲੀ ਸ਼ਹਿਰ ਵਿੱਚ ਆ ਚੁੱਕੇ ਪਿੰਡਾਂ ਨੇੜਿਓਂ ਲੰਘਦੀਆਂ ਸੜਕਾਂ ਅਤੇ ਚੌਕਾਂ ਦੇ ਨਾਂ ਸਬੰਧਤ ਪਿੰਡਾਂ ਦੇ ਨਾਮ ਉੱਤੇ ਰੱਖਣ, ਪਿੰਡਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਸਮੇਂ ਸਬੰਧਤ ਪਿੰਡਾਂ ਨੂੰ ਸਿੱਧੀਆਂ ਸੜਕਾਂ ਨਾਲ ਜੋੜਨ ਅਤੇ ਵੱਖ-ਵੱਖ ਮੰਤਵਾਂ ਲਈ ਜ਼ਮੀਨ ਰਾਖਵੀਂ ਰੱਖਣ ਅਤੇ ਮੁਹਾਲੀ ਵਿੱਚ ਪੁਆਧੀ ਭਵਨ ਲਈ ਪੰਜ ਏਕੜ ਥਾਂ ਮੁਹੱਈਆ ਕਰਾਉਣ ਦੀ ਮੰਗ ਕੀਤੀ। ਸਾਰੇ ਮਤਿਆਂ ਨੂੰ ਇਕੱਤਰਤਾ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ।
ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੁਹਾਲੀ ਦੀ ਚੇਅਰਪਰਸਨ ਜਸਵਿੰਦਰ ਕੌਰ ਦੁਰਾਲੀ, ਹਰਕੇਸ਼ ਚੰਦ ਸ਼ਰਮਾ, ਛੱਜਾ ਸਿੰਘ ਸਰਪੰਚ ਕੁਰੜੀ, ਪੰਜਾਬ ਪੁਲੀਸ ਸੇਵਾਮੁਕਤ ਕਰਮਚਾਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ, ਜਥੇਦਾਰ ਅਮਰੀਕ ਸਿੰਘ ਮਲਕਪੁਰ, ਗੁਰਦਰਸ਼ਨ ਸਿੰਘ ਖਾਸਪੁਰ, ਕਿਸਾਨ ਆਗੂ ਕਿਰਪਾਲ ਸਿੰਘ ਸਿਆਊ, ਬੂਟਾ ਸਿੰਘ ਸੋਹਾਣਾ, ਬੀਕੇ ਗੋਇਲ ਸਰਪੰਚ ਮੌਲੀ, ਠੇਕੇਦਾਰ ਮੋਹਣ ਸਿੰਘ ਬਠਲਾਣਾ, ਸ਼ੇਰ ਸਿੰਘ ਦੈੜੀ, ਜਗਤਾਰ ਸਿੰਘ ਘੋਲਾ ਮਨੌਲੀ, ਟਹਿਲ ਸਿੰਘ ਮਾਣਕਪੁਰ, ਐਡਵੋਕੇਟ ਗੁਰਿੰਦਰ ਸਿੰਘ, ਰਣਧੀਰ ਕੌਰ ਸੰਤੇਮਾਜਰਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮਾਲਵਿੰਦਰ ਮਾਲੀ ਕੇਸ: ਹਾਈ ਕੋਰਟ ਵਿੱਚ ਹੁਣ 28 ਨੂੰ ਹੋਵੇਗੀ ਸੁਣਵਾਈ, ਸਰਕਾਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ

ਮਾਲਵਿੰਦਰ ਮਾਲੀ ਕੇਸ: ਹਾਈ ਕੋਰਟ ਵਿੱਚ ਹੁਣ 28 ਨੂੰ ਹੋਵੇਗੀ ਸੁਣਵਾਈ, ਸਰਕਾਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ ਮਾ…