ਜਤਿੰਦਰ ਸਿੰਘ ਅੌਲਖ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਦੀ ਸਹੁੰ ਚੁੱਕੀ

ਪੰਜਾਬ ਰਾਜ ਮੁੱਖ ਸੂਚਨਾ ਕਮਿਸ਼ਨਰ ਦੇ ਚੇਅਰਮੈਨ ਵਜੋਂ ਇੰਦਰਪਾਲ ਸਿੰਘ ਨੂੰ ਸਹੁੰ ਚੁਕਾਈ

ਨਬਜ਼-ਏ-ਪੰਜਾਬ, ਮੁਹਾਲੀ, 29 ਜਨਵਰੀ:
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਪੰਜਾਬ ਰਾਜ ਭਵਨ ਚੰਡੀਗੜ੍ਹ ਵਿਖੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਨਵ-ਨਿਯੁਕਤ ਚੇਅਰਮੈਨ ਜਤਿੰਦਰ ਸਿੰਘ ਅੌਲਖ ਅਤੇ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਨਵ-ਨਿਯੁਕਤ ਰਾਜ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਨੂੰ ਅਹੁਦੇ ਦਾ ਭੇਤ ਗੁਪਤ ਰੱਖਣ ਦਾ ਹਲਫ਼ ਦਿਵਾਇਆ। ਇੱਥੇ ਪੰਜਾਬ ਰਾਜ ਭਵਨ ਵਿਖੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਚਲਾਈ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਬ੍ਰਹਮ ਸ਼ੰਕਰ ਜਿੰਪਾ ਤੇ ਗੁਰਮੀਤ ਸਿੰਘ ਖੁੱਡੀਆ, ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਵੀਕੇ ਸਿੰਘ, ਡੀਜੀਪੀ ਗੌਰਵ ਯਾਦਵ, ਮੁੱਖ ਮੰਤਰੀ ਦੇ ਡਾਇਰੈਕਟਰ ਮੀਡੀਆ ਬਲਤੇਜ ਸਿੰਘ ਪੰਨੂ, ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੈਂਬਰ ਗੁਰਪ੍ਰਤਾਪ ਸਿੰਘ ਮਾਨ, ਸੁਪ੍ਰੀਤ ਘੁੰਮਣ ਤੇ ਹਰਮੋਹਨ ਕੌਰ ਸੰਧੂ, ਰਾਜ ਸੂਚਨਾ ਕਮਿਸ਼ਨਰ ਅਸਿਤ ਜੌਲੀ ਤੇ ਅੰਮ੍ਰਿਤ ਪ੍ਰਤਾਪ ਸਿੰਘ ਸੇਖੋਂ ਤੋਂ ਇਲਾਵਾ ਸਿਵਲ ਅਤੇ ਪੁਲੀਸ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਅਤੇ ਸ੍ਰੀ ਅੌਲਖ ਅਤੇ ਇੰਦਰਪਾਲ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਸ਼ੁਭ-ਚਿੰਤਕ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਪੰਜਾਬ ਕਾਡਰ ਦੇ 1997 ਬੈਚ ਦੇ ਸੀਨੀਅਰ ਆਈਪੀਐਸ ਅਧਿਕਾਰੀ ਜਤਿੰਦਰ ਸਿੰਘ ਅੌਲਖ ਪਿੰਡ ਬਰਗਾੜੀ (ਫਰੀਦਕੋਟ) ਦੇ ਜੰਮਪਲ ਹਨ। ਪੰਜਾਬ ਪੁਲੀਸ ਵਿੱਚ 33 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਤੋਂ ਬਾਅਦ ਪਿੱਛੇ ਜਿਹੇ ਏਡੀਜੀਪੀ ਦੇ ਰੈਂਕ ਉੱਤੇ ਇੰਟੈਲੀਜੈਂਸ ਚੀਫ਼ ਵਜੋਂ ਸੇਵਾਮੁਕਤ ਹੋਏ ਸਨ। ਸ੍ਰੀ ਅੌਲਖ ਨੇ ਪੀਪੀਐਸ ਨਾਭਾ ਤੋਂ ਸਕੂਲੀ ਸਿੱਖਿਆ, ਡੀਏਵੀ ਕਾਲਜ ਚੰਡੀਗੜ੍ਹ ਤੋਂ ਬੀਏ (ਆਨਰਜ਼) ਅਤੇ ਪੰਜਾਬ ਯੂਨੀਵਰਸਿਟੀ ਤੋਂ ਐਲਐਲਬੀ ਅਤੇ ਇਤਿਹਾਸ ਵਿਸ਼ੇ ਵਿੱਚ ਐਮਏ ਦੀ ਡਿਗਰੀ ਹਾਸਲ ਕੀਤੀ।
ਆਪਣੇ ਸੇਵਾਕਾਲ ਦੌਰਾਨ ਉਹ ਵੱਖ-ਵੱਖ ਜ਼ਿਲ੍ਹਿਆਂ ਐਸ.ਏ.ਐਸ. ਨਗਰ (ਮੁਹਾਲੀ), ਸੰਗਰੂਰ, ਰੂਪਨਗਰ, ਜਗਰਾਉਂ, ਐਸ.ਬੀ.ਐਸ. ਨਗਰ, ਅਤੇ ਖੰਨਾ ਵਿਖੇ ਐਸਐਸਪੀ ਵਜੋਂ ਤਾਇਨਾਤ ਰਹੇ। ਉਹ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਤੇ ਪੁਲੀਸ ਕਮਿਸ਼ਨਰ ਲੁਧਿਆਣਾ, ਆਈਜੀ ਪਟਿਆਲਾ ਤੇ ਫਿਰੋਜ਼ਪੁਰ ਰੇਂਜ, ਆਈਜੀ ਹੈੱਡਕੁਆਰਟਰ ਅਤੇ ਇੰਟੈਲੀਜੈਂਸ ਵਜੋਂ ਸੇਵਾ ਨਿਭਾਉਣ ਉਪਰੰਤ ਏਡੀਜੀਪੀ ਦੇ ਰੈਂਕ ’ਤੇ ਖੁਫ਼ੀਆ ਵਿੰਗ ਦੇ ਮੁਖੀ ਵਜੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ (ਵਿਸ਼ੇਸ਼), ਵਿਸ਼ੇਸ਼ ਸੇਵਾਵਾਂ ਲਈ ਪੁਲੀਸ ਮੈਡਲ, ਪੁਲੀਸ ਮੈਡਲ ਫਾਰ ਮੈਰੀਟੋਰੀਅਸ ਸਰਵਿਸਿਜ਼, ਮੁੱਖ ਮੰਤਰੀ ਮੈਡਲ ਅਤੇ ਤਿੰਨ ਵਾਰ ਡੀਜੀਪੀ ਦੀ ਸ਼ਲਾਘਾ ਡਿਸਕ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸ੍ਰੀ ਅੌਲਖ ਲੋਕਾਂ ਦੇ ਬਹੁਤ ਹੀ ਹਰਮਨ ਪਿਆਰੇ ਅਤੇ ਬਹੁਤ ਹੀ ਮਿਲਾਪੜੇ ਅਫ਼ਸਰ ਹਨ। ਉਨ੍ਹਾਂ ਦੀ ਸਾਦਗੀ ਅਤੇ ਇਮਾਨਦਾਰੀ ਦੀ ਲੋਕ ਸ਼ੁਰੂ ਤੋਂ ਸ਼ਲਾਘਾ ਕਰਦੇ ਆਏ ਹਨ।

ਉਧਰ, ਰਾਜ ਮੁੱਖ ਸੂਚਨਾ ਕਮਿਸ਼ਨਰ ਵਜੋਂ ਸਹੁੰ ਚੁੱਕਣ ਵਾਲੇ ਉੱਘੇ ਐਡਵੋਕੇਟ ਇੰਦਰਪਾਲ ਸਿੰਘ ਹੁਸ਼ਿਆਰਪੁਰ ਦੇ ਵਸਨੀਕ ਹਨ। ਉਨ੍ਹਾਂ ਨੇ ਕਾਨੂੰਨੀ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਅਤੇ ਉਹ ਬ੍ਰਿਟਿਸ਼ ਹਾਈ ਕਮਿਸ਼ਨ ਲਈ ਸਟੈਂਡਿੰਗ ਕੌਂਸਲ, ਪੈਨਲ ਭਾਰਤੀ ਯੂਨੀਅਨ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਬਾਰ ਕੌਂਸਲ ਮੈਂਬਰ ਚੁਣੇ ਗਏ। ਇਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਬਾਰ ਕੌਂਸਲ ਦੇ ਉਪ ਚੇਅਰਮੈਨ ਚੁਣੇ ਗਏ। ਉਨ੍ਹਾਂ ਨੂੰ 20 ਅਗਸਤ, 2022 ਨੂੰ ਪੰਜਾਬ ਦੇ ਸੀਨੀਅਰ ਵਧੀਕ ਐਡਵੋਕੇਟ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਮੈਗਾ ਪੀਟੀਐਮ: ਸਰਕਾਰੀ ਸਕੂਲਾਂ ਵਿੱਚ 5 ਕੈਬਨਿਟ ਮੰਤਰੀਆਂ ਨੇ ਕੀਤੀ ਬੱਚਿਆਂ ਤੇ ਮਾਪਿਆਂ ਨਾਲ ਗੱਲ

ਮੈਗਾ ਪੀਟੀਐਮ: ਸਰਕਾਰੀ ਸਕੂਲਾਂ ਵਿੱਚ 5 ਕੈਬਨਿਟ ਮੰਤਰੀਆਂ ਨੇ ਕੀਤੀ ਬੱਚਿਆਂ ਤੇ ਮਾਪਿਆਂ ਨਾਲ ਗੱਲ ਸਕੂਲੀ ਸਿ…