ਜਲ ਸਪਲਾਈ ਵਿਭਾਗ ਦੇ ਇੰਜੀਨੀਅਰ ਸੜਕਾਂ ’ਤੇ ਉੱਤਰੇ, ਠੰਢ ਵਿੱਚ ਧਰਨੇ ’ਤੇ ਬੈਠੇ

ਨਬਜ਼-ਏ-ਪੰਜਾਬ, ਮੁਹਾਲੀ, 29 ਜਨਵਰੀ:
ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਜੀਨੀਅਰਾਂ ਵੱਲੋਂ ਅੱਜ ਤੋਂ 31 ਜਨਵਰੀ ਤੱਕ ਪੰਜਾਬ ਦੇ 13 ਸਰਕਲਾਂ ਅੱਗੇ ਰੋਸ ਪ੍ਰਦਰਸ਼ਨ ਕਰਨ ਦੀ ਕੜੀ ਤਹਿਤ ਸੋਮਵਾਰ ਨੂੰ ਪਹਿਲੇ ਦਿਨ ਮੁਹਾਲੀ ਦੇ ਫੇਜ਼-2 ਸਥਿਤ ਸਰਕਲ ਚੰਡੀਗੜ੍ਹ ਦੇ ਬਾਹਰ ਪੂਰਨ ਧਰਨਾ ਦਿੱਤਾ। ਜਿਸ ਵਿੱਚ ਸੂਬਾ ਕਮੇਟੀ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ।
ਇਸ ਮੌਕੇ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਕਰਮਜੀਤ ਸਿੰਘ ਬੀਹਲਾ ਨੇ ਕਿਹਾ ਕਿ ਜਲ ਸਪਲਾਈ ਵਿਭਾਗ ਵਿੱਚ ਪਹਿਲੀ ਵਾਰੀ ਪਿਛਲੇ ਸਾਲ ਅਤੇ ਮੌਜੂਦਾ ਵਿੱਤੀ ਚਾਲੂ ਸਾਲ ਵਿੱਚ ਸਹਾਇਕ ਇੰਜੀਨੀਅਰ ਤੋਂ ਉਪ ਮੰਡਲ ਇੰਜੀਨੀਅਰ ਅਤੇ ਉਪ ਮੰਡਲ ਇੰਜੀਨੀਅਰ ਤੋਂ ਕਾਰਜਕਾਰੀ ਇੰਜੀਨੀਅਰ ਲਈ ਕਿਸੇ ਨੂੰ ਪਦਉੱਨਤ ਨਹੀਂ ਕੀਤਾ ਗਿਆ ਅਤੇ ਨਾ ਹੀ ਪਦ-ਉੱਨਤੀ ਕੋਟਾ 50 ਤੋਂ 75 ਫੀਸਦੀ ਕਰਨ ਅਤੇ ਪਦ-ਉੱਨਤੀ ਲਈ ਸਮਾਂ ਘਟਾਉਣ ਲਈ ਕੋਈ ਕਦਮ ਹੀ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਉਪ ਮੰਡਲ ਇੰਜੀਨੀਅਰਾਂ ਨੂੰ ਸਫ਼ਰੀ ਭੱਤਾ ਦੇਣਾ ਤਾਂ ਦੂਰ ਸਗੋਂ ਜੂਨੀਅਰ ਇੰਜੀਨੀਅਰ ਤੋਂ ਵੀ ਪੈਟਰੋਲ ਭੱਤੇ ਦਾ ਹੱਕ ਖੋਹ ਲਿਆ।
ਐਸੋਸੀਏਸ਼ਨ ਦੇ ਚੇਅਰਮੈਨ ਸੁਖਵਿੰਦਰ ਸਿੰਘ ਲਵਲੀ ਅਤੇ ਜਨਰਲ ਸਕੱਤਰ ਅਰਵਿੰਦ ਸੈਣੀ ਨੇ ਕਿਹਾ ਕਿ ਜਲ ਸਪਲਾਈ ਮੰਤਰੀ ਨੇ ਮੀਟਿੰਗ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਹੁਣ ਮੂੰਹ ਫੇਰ ਲਿਆ ਹੈ। ਜਿਸ ਕਾਰਨ ਇੰਜੀਨੀਅਰਿੰਗ ਸਟਾਫ਼ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਿੱਤ ਸਕੱਤਰ ਕਰਮਜੀਤ ਸਿੰਘ ਮਾਨ ਨੇ ਕਿਹਾ ਕਿ ਪ੍ਰੋਬੇਸ਼ਨ ਸਮਾਂ ਕਲੀਅਰ ਕਰਨ, ਉਪ ਮੰਡਲ ਇੰਜੀਨੀਅਰਾਂ ਦੀਆਂ ਖੋਹੀਆਂ ਵਿੱਤੀ ਸ਼ਕਤੀਆਂ ਮੁੜ ਬਹਾਲ ਕਰਨ, ਪਦ-ਉੱਨਤੀ ਕੋਟੇ ਵਿੱਚ ਵਾਧਾ ਕਰਨ, ਨਾਨ-ਗਜ਼ਟਿਡ ਨਾਲ ਸਬੰਧਤ ਮਸਲੇ ਮੁੱਖ ਦਫ਼ਤਰ ਪਟਿਆਲਾ ਨੂੰ ਸ਼ਕਤੀ ਪ੍ਰਦਾਨ ਕਰਨ ਅਤੇ ਹੋਰ ਮਸਲਿਆਂ ਦੇ ਹੱਲ ਲਈ ਕੁਝ ਨਹੀਂ ਕੀਤਾ ਜਾ ਰਿਹਾ। ਵਿਭਾਗ ਦੇ ਮੁਖੀ ਮੀਟਿੰਗਾਂ ਵਿੱਚ ਕੀਤੇ ਲਿਖਤੀ ਵਾਅਦਿਆਂ ਤੋਂ ਲਗਾਤਾਰ ਮੁਨਕਰ ਹੁੰਦੇ ਆ ਰਹੇ ਹਨ। ਚੰਡੀਗੜ੍ਹ ਜ਼ੋਨ ਦੇ ਪ੍ਰਧਾਨ ਦੀਪਾਂਸ਼ ਗੁਪਤਾ ਨੇ ਭਰੋਸਾ ਦਿੱਤਾ ਕਿ ਜਿਵੇਂ ਪਿਛਲੇ ਸਮਿਆਂ ਵਿੱਚ ਚੰਡੀਗੜ੍ਹ ਜ਼ੋਨ ਨੇ ਧਰਨਿਆਂ, ਰੋਸ ਮੁਜ਼ਾਹਰਿਆਂ ਵਿੱਚ ਮੋਹਰੀ ਭੂਮਿਕਾ ਨਿਭਾਈ ਸੀ, ਹੁਣ ਵੀ ਨੌਜਵਾਨ ਸਾਥੀਆਂ ਨਾਲ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜ਼ੋਨ ਸਕੱਤਰ ਮਨਜੀਤ ਸਿੰਘ, ਵਿੱਤ ਸਕੱਤਰ ਗਗਨਦੀਪ ਸਿੰਘ, ਕੁਲਦੀਪ ਸਿੰਘ, ਰਣਜੀਤ ਸੈਣੀ, ਗੁਰਜਿੰਦਰ ਸਿੰਘ ਬੜਾਣਾ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਮੈਗਾ ਪੀਟੀਐਮ: ਸਰਕਾਰੀ ਸਕੂਲਾਂ ਵਿੱਚ 5 ਕੈਬਨਿਟ ਮੰਤਰੀਆਂ ਨੇ ਕੀਤੀ ਬੱਚਿਆਂ ਤੇ ਮਾਪਿਆਂ ਨਾਲ ਗੱਲ

ਮੈਗਾ ਪੀਟੀਐਮ: ਸਰਕਾਰੀ ਸਕੂਲਾਂ ਵਿੱਚ 5 ਕੈਬਨਿਟ ਮੰਤਰੀਆਂ ਨੇ ਕੀਤੀ ਬੱਚਿਆਂ ਤੇ ਮਾਪਿਆਂ ਨਾਲ ਗੱਲ ਸਕੂਲੀ ਸਿ…