nabaz-e-punjab.com

ਸੈਨਾ ਵਿੱਚ ਭਰਤੀ: ਚਾਹਵਾਨ ਉਮੀਦਵਾਰ 16 ਫਰਵਰੀ ਤੋਂ ਲੈ ਕੇ 15 ਮਾਰਚ ਤੱਕ ਆਨਲਾਈਨ ਅਪਲਾਈ ਕਰਨ

ਭਰਤੀ ਲਈ ਆਨਲਾਈਨ ਪੇਪਰ ਜ਼ਰੂਰੀ, ਅਪਰੈਲ ਦੇ ਆਖ਼ਰੀ ਹਫ਼ਤੇ ਵਿੱਚ ਹੋਵੇਗੀ ਪ੍ਰੀਖਿਆ: ਮਾਨਸ਼ਾਹੀਆ

ਨਬਜ਼-ਏ-ਪੰਜਾਬ, ਮੁਹਾਲੀ, 1 ਫਰਵਰੀ:
ਭਾਰਤੀ ਸੈਨਾ ਵੱਲੋਂ ਅਗਨੀਵੀਰ ਅਤੇ ਹੋਰ ਰੁਜ਼ਗਾਰ ਸਕੀਮਾਂ ਜਿਵੇਂ ਕਿ ਮਹਿਲਾ ਅਗਨੀਵੀਰ ਪੁਲੀਸ, ਜੇਸੀਓ ਕੇਟਰਿੰਗ ਜਾਂ ਸੋਲਜ਼ਰ, ਨਰਸਿੰਗ ਅਸਿਸਟੈਂਟ ਜਾਂ ਹੋਰਨਾਂ ਲਈ ਸੈਨਾ ਦੀ ਭਰਤੀ ਕੀਤੀ ਜਾਵੇਗੀ। ਭਾਰਤੀ ਸੈਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰ 16 ਫਰਵਰੀ ਤੋਂ ਲੈ ਕੇ 15 ਮਾਰਚ ਤੱਕ ਆਨਲਾਈਨ ਵਿਧੀ ਰਾਹੀਂ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਅਪਰੈਲ ਦੇ ਅਖ਼ਰੀਲੇ ਹਫ਼ਤੇ ਵਿੱਚ ਪ੍ਰੀਖਿਆ ਲਈ ਜਾਵੇਗੀ।
ਇਹ ਜਾਣਕਾਰੀ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਚਾਹਵਾਨ ਤੇ ਯੋਗ ਉਮੀਦਵਾਰ, ਸੈਨਾ ਭਰਤੀ ਦੀ ਰਜਿਸਟ੍ਰੇਸ਼ਨ ਲਈ ਬਿਨੈਕਾਰ ਭਾਰਤੀ ਸੈਨਾ ਦੀ ਵੈੱਬਸਾਈਟ https://joinindianarmy.nic.in ’ਤੇ ਲਾਗਇੰਨ ਕਰ ਸਕਦੇ ਹਨ। ਜਿਸ ਵਿੱਚ ਪ੍ਰਾਰਥੀ 175 ’ਚੋਂ ਪੰਜ ਸੈਂਟਰ ਚੁਣ ਸਕਦੇ ਹਨ। ਜਿਸ ’ਚੋਂ ਉਨ੍ਹਾਂ ਨੂੰ ਇੱਕ ਸੈਂਟਰ ਪ੍ਰਦਾਨ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਭਾਰਤੀ ਸੈਨਾ ਵਿੱਚ ਭਰਤੀ ਹੋਣ ਲਈ ਬਿਨੈਕਾਰ ਕੇਵਲ ਆਨ ਲਾਈਨ ਮਾਧਿਅਮ ਰਾਹੀਂ ਹੀ ਖ਼ੁਦ ਨੂੰ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੈਨਾ ਦੀ ਭਰਤੀ ਤਿੰਨ ਚਰਨਾਂ ਵਿੱਚ ਹੋਵੇਗੀ, ਆਨਲਾਈਨ ਕਾਮਨ ਐਂਟਰੈਂਸ ਪ੍ਰੀਖਿਆ (ਕੰਪਿਊਟਰ ਆਧਾਰਿਤ ਪ੍ਰੀਖਿਆ) ਫਿਜ਼ੀਕਲ ਟੈੱਸਟ ਅਤੇ ਮੈਡੀਕਲ ਟੈੱਸਟ।
ਇਹ ਨਵੀਂ ਭਰਤੀ ਪ੍ਰਕਿਰਿਆ ਤਕਨੀਕੀ ਯੁਕਤ ਅਤੇ ਫਿਜ਼ੀਕਲ ਫਿੱਟ ਪ੍ਰਾਰਥੀਆਂ ਨੂੰ ਸੈਨਾ ਵਿੱਚ ਸੇਵਾ ਕਰਨ ਦਾ ਮੌਕਾ ਪ੍ਰਦਾਨ ਕਰਨ ਲਈ ਬਣਾਈ ਗਈ ਹੈ। ਇਸ ਸਕੀਮ ਵਿੱਚ (ਦਸਵੀਂ ਪਾਸ) ਦੋ ਸਾਲ ਆਈਟੀਆਈ ਪਾਸ ਪ੍ਰਾਰਥੀ, ਪਾਲੀਟੈਕਨਿਕ ਪਾਸ, ਐੱਨਸੀਸੀ ਦੇ ਏ/ਬੀ/ਸੀ ਸਰਟੀਫਿਕੇਟ ਹੋਲਡਰ ਪ੍ਰਾਰਥੀ ਅਤੇ ਸਪੋਰਟਸ ਨਾਲ ਸਬੰਧੀ ਪ੍ਰਾਰਥੀਆਂ ਲਈ ਬੋਨਸ ਮਾਰਕਸ ਹਨ।
ਸ੍ਰੀ ਮਾਨਸ਼ਾਹੀਆ ਨੇ ਦੱਸਿਆ ਕਿ ਸੈਨਾ ਵਿੱਚ ਹੁਣ ਜਿਹੜੀ ਵੀ ਭਰਤੀ ਹੋਵੇਗੀ ਉਹ ਉੱਪਰ ਦਿੱਤੀ ਪ੍ਰਕਿਰਿਆ ਅਨੁਸਾਰ ਹੀ ਹੋਵੇਗੀ। ਪ੍ਰੀਖਿਆ ਦੇ ਸਿਲੇਬਸ ਅਤੇ ਪੇਪਰ ਪੈਟਰਨ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਰਹੀ, ਫ਼ਰਕ ਕੇਵਲ ਐਨਾ ਹੈ ਕਿ ਪੇਪਰ ਪੈੱਨ ਪ੍ਰੀਖਿਆ ਦੀ ਥਾਂ ਆਨਲਾਈਨ ਪ੍ਰੀਖਿਆ ਹੋਵੇਗੀ। ਪ੍ਰੀਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ ਭਾਰਤੀ ਸੈਨਾ ਦੀ ਭਰਤੀ ਵੈੱਬਸਾਈਟ joinindianarmy.nic.in ’ਤੇ ਉਪਲਬਧ ਹੈ। ਉਨ੍ਹਾਂ ਨੇ ਪ੍ਰਾਰਥੀਆਂ ਨੂੰ ਭਾਰਤੀ ਸੈਨਾ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਯੋਗ ਪ੍ਰਾਰਥੀ ਇਸ ਮੌਕੇ ਦਾ ਲਾਭ ਉਠਾਉਣ ਅਤੇ 16 ਫਰਵਰੀ ਤੋਂ 15 ਮਾਰਚ ਤੱਕ ਲੋੜੀਂਦੇ ਦਸਤਾਵੇਜ਼ ਲੈ ਕੇ ਉੱਪਰ ਦਿੱਤੀ ਵੈੱਬਸਾਈਟ ’ਤੇ ਖ਼ੁਦ ਨੂੰ ਰਜਿਸਟਰ ਕਰਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਸਫ਼ਾਈ ਮਜ਼ਦੂਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 2 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਸਫ਼ਾਈ ਮਜ਼ਦੂਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 2 ਮੁਲਜ਼ਮ ਕਾਬੂ ਮੁਲਜ਼ਮਾਂ ਨੇ ਕੁਲਹਾੜੀ …