ਜਾਅਲੀ ਸਰਟੀਫਿਕੇਟਾਂ ’ਤੇ ਨੌਕਰੀਆਂ ਕਰਨ ਦੀ ਮੁੜ ਤੋਂ ਹੋਵੇਗੀ ਜਾਂਚ

ਨਬਜ਼-ਏ-ਪੰਜਾਬ, ਮੁਹਾਲੀ, 3 ਫਰਵਰੀ:
ਜਾਅਲੀ ਐਸਸੀ ਸਰਟੀਫਿਕੇਟ ਦੇ ਆਧਾਰ ’ਤੇ ਨੌਕਰੀਆਂ ਕਰਨ ਅਤੇ ਹੋਰ ਲਾਭਪਾਤਰੀਆਂ ਬਾਰੇ ਵਿਜੀਲੈਂਸ ਬਿਊਰੋ ਨਵੇਂ ਸਿਰਿਓਂ ਪੜਤਾਲ ਕੀਤੀ ਜਾਵੇਗੀ ਜਦੋਂਕਿ ਡੀਜੀਪੀ ਵੱਲੋਂ ਬਲੈਕਮੇਲਿੰਗ ਅਤੇ ਆਵਾਜ਼ ਰਿਕਾਰਡਿੰਗ ਮਾਮਲੇ ਦੀ ਜਾਂਚ ਮੁਹਾਲੀ ਦੇ ਐੱਸਐੱਸਪੀ ਤੋਂ ਵਾਪਸ ਲੈ ਕੇ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ ਦਿੱਤੀ ਗਈ ਹੈ। ਡੀਜੀਪੀ ਅਤੇ ਵਿਜੀਲੈਂਸ ਮੁਖੀ ਨੇ ਇਹ ਭਰੋਸਾ ਪੰਜਾਬ ਏਜੰਡਾ ਫੋਰਮ ਅਤੇ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਮੈਂਬਰਾਂ ਨੂੰ ਦਿੱਤਾ ਹੈ। ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਇਹ ਜਾਣਕਾਰੀ ਐਸਸੀ\ਬੀਸੀ ਮਹਾਂ-ਪੰਚਾਇਤ ਦੇ ਝੰਡੇ ਥੱਲੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਵੱਲੋਂ ਮੁਹਾਲੀ ਵਿੱਚ ਸ਼ੁਰੂ ਕੀਤੇ ਪੱਕਾ ਮੋਰਚੇ ਨੂੰ ਸੰਬੋਧਨ ਕਰਦਿਆਂ ਦਿੱਤੀ। ਦਲਿਤ ਸੰਗਠਨਾਂ ਦਾ ਪੱਕਾ ਮੋਰਚਾ ਅੱਜ 45ਵੇਂ ਦਿਨ ਵਿੱਚ ਦਾਖ਼ਲ ਹੋ ਗਿਆ।
ਸਤਨਾਮ ਸਿੰਘ ਦਾਊਂ ਅਤੇ ਜੰਗ ਸਿੰਘ ਨੇ ਦੱਸਿਆ ਕਿ ਡੀਜੀਪੀ ਅਤੇ ਵਿਜੀਲੈਂਸ ਬਿਊਰੋ ਦੇ ਮੁਖੀ ਨਾਲ ਸੰਸਥਾਵਾਂ ਦੇ ਮੈਂਬਰਾਂ ਦੀ ਵੱਖੋ-ਵੱਖੋ ਮੀਟਿੰਗਾਂ ਬੜੇ ਸੁਖਾਵੇਂ ਮਾਹੌਲ ਵਿੱਚ ਹੋਈਆਂ। ਵਫ਼ਦ ਨੇ ਵਿਜੀਲੈਂਸ ਮੁਖੀ ਵਰਿੰਦਰ ਕੁਮਾਰ ਨੂੰ ਮੁਲਾਕਾਤ ਦੌਰਾਨ ਦੱਸਿਆ ਕਿ ਜਾਅਲੀ ਐਸਸੀ ਸਰਟੀਫਿਕੇਟਾਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਨੂੰ ਲੈ ਕੇ ਮੁਹਾਲੀ ਵਿੱਚ ਡਾਇਰੈਕਟਰ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਸ਼ੁਰੂ ਕਰਨ ਵਾਲੇ ਵਿਸਲ ਬਲੋਅਰ ਬਲਬੀਰ ਸਿੰਘ ਆਲਮਪੁਰ ਨੂੰ ਭ੍ਰਿਸ਼ਟਾਚਾਰ ਦੇ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਵਿਜੀਲੈਂਸ ਮੁਖੀ ਨੇ ਵਫ਼ਦ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਵਿਭਾਗ ਦੇ ਡਾਇਰੈਕਟਰ ਰਾਹੁਲ ਐਸ ਨੂੰ ਮੁੜ ਜਾਂਚ ਕਰਨ ਲਈ ਕਿਹਾ ਹੈ।
ਇਸ ਮਗਰੋਂ ਵਫ਼ਦ ਨੇ ਡੀਜੀਪੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੂਰੇ ਮਾਮਲੇ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਬਲੈਕਮੇਲਿੰਗ ਅਤੇ ਨਿਊਜ਼ ਚੈਨਲ ’ਤੇ ਖ਼ਬਰ ਚਲਾਉਣ ਲਈ ਕੀਤੀ ਗਈ ਰਿਕਾਰਡਿੰਗ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਪੂਰੇ ਘਟਨਾਕ੍ਰਮ ਤੋਂ ਵੀ ਜਾਣੂ ਕਰਵਾਇਆ ਗਿਆ। ਬਲੈਕਮੇਲਿੰਗ ਅਤੇ ਰਿਕਾਰਡਿੰਗ ਮਾਮਲੇ ਦੀ ਜਾਂਚ ਐੱਸਐੱਸਪੀ ਮੁਹਾਲੀ ਕਰ ਰਹੇ ਸਨ ਪ੍ਰੰਤੂ ਹੁਣ ਇਹ ਜਾਂਚ ਵੀ ਬੀਆਈਓ ਨੂੰ ਦਿੱਤੀ ਗਈ ਹੈ। ਵਫ਼ਦ ਨੇ ਦੱਸਿਆ ਕਿ ਜਾਅਲੀ ਸਰਟੀਫਿਕੇਟ ਮਾਮਲੇ ਵਿੱਚ ਵਿਜੀਲੈਂਸ ਮੁਲਾਜ਼ਮ, ਅਫ਼ਸਰਾਂ ਦੇ ਰਿਸ਼ਤੇਦਾਰ ਅਤੇ ਹੋਰ ਅਧਿਕਾਰੀ ਵੀ ਕਸੂਤੇ ਫਸਦੇ ਹਨ। ਇਸ ਲਈ ਜਾਅਲੀ ਸਰਟੀਫਿਕੇਟਾਂ ਦੀ ਆਵਾਜ਼ ਚੁੱਕਣ ਵਾਲੇ ਆਗੂਆਂ ਦੀ ਸੰਘੀ ਘੁੱਟਣ ਲਈ ਝੂਠੇ ਵਿੱਚ ਫਸਾਇਆ ਗਿਆ ਹੈ।
ਇਸ ਮੌਕੇ ਦਲਿਤ ਆਗੂ ਬਲਵਿੰਦਰ ਸਿੰਘ ਕੁੰਭੜਾ, ਮੋਰਚੇ ਦੇ ਕਨਵੀਨਰ ਜਸਵੀਰ ਸਿੰਘ ਪਮਾਲੀ, ਅਵਤਾਰ ਸਿੰਘ ਸੈਂਪਲਾਂ, ਅਵਤਾਰ ਸਿੰਘ ਸਹੋਤਾ, ਲਖਵੀਰ ਸਿੰਘ ਬਡਾਲਾ, ਗੁਰਮੁੱਖ ਸਿੰਘ ਢੋਲਣਮਾਜਰਾ, ਅਜੈਬ ਸਿੰਘ ਬਠੋਈ, ਤਰਸੇਮ ਚੁੰਬਰ, ਐਡਵੋਕੇਟ ਇੰਦਲ, ਸਿਮਰਨਜੀਤ ਸ਼ੈਂਕੀ, ਪ੍ਰਵੀਨ ਟਾਂਕ ਅਤੇ ਤਰਸੇਮ ਸਿੰਘ ਆਦਿ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ ਕੈਬਨਿਟ ਮੰਤਰੀ…