ਸਿਹਤ ਮੰਤਰੀ ਵੱਲੋਂ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਦੀ ਵੈੱਬਸਾਈਟ ਲਾਂਚ

ਮੁੱਖ ਮੰਤਰੀ ਦਾ ਅਭਿਲਾਸ਼ੀ ਪ੍ਰਾਜੈਕਟ ਛੇਤੀ ਹੋਵੇਗਾ ਕਾਰਜਸ਼ੀਲ, ਓਪੀਡੀ ਸੇਵਾਵਾਂ ਪਹਿਲਾਂ ਹੀ ਕਾਰਜਸ਼ੀਲ

ਨਬਜ਼-ਏ-ਪੰਜਾਬ, ਮੁਹਾਲੀ, 5 ਫਰਵਰੀ:
ਮੁੱਖ ਮੰਤਰੀ ਭਗਵੰਤ ਮਾਨ ਦੇ ਮੁਹਾਲੀ ਵਿਖੇ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਰੀ ਸਾਇੰਸਜ਼ (ਪੀਆਈਐਲਬੀਐਸ) ਦੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜਨਤਕ ਸਹੂਲਤ ਲਈ ਸੰਸਥਾ ਦੀ ਵੈਬਸਾਈਟ www.pilbs.punjab.gov.in ਲਾਂਚ ਕੀਤੀ। ਇਸ ਮੌਕੇ ਹੈਪੇਟੋਲੋਜੀ ਵਿਭਾਗ, ਪੀਜੀਆਈ ਦੇ ਸਾਬਕਾ ਪ੍ਰੋਫੈਸਰ ਤੇ ਮੁਖੀ ਅਤੇ ਵੈੱਬਸਾਈਟ ਸੰਸਥਾ ਦੇ ਡਾਇਰੈਕਟਰ ਪ੍ਰੋ. ਵਰਿੰਦਰ ਸਿੰਘ ਵੀ ਮੌਜੂਦ ਸਨ। ਇਹ ਸੰਸਥਾ ਮੁਹਾਲੀ ਦੇ ਫੇਜ਼-3ਬੀ1 ਵਿੱਚ ਕਮਿਊਨਿਟੀ ਹੈਲਥ ਸੈਂਟਰ ਨੂੰ ਇੱਥੋਂ ਦੂਰਦੁਰਾਡੇ ਪਿੰਡ ਸੰਤੇਮਾਜਰਾ ਵਿੱਚ ਸ਼ਿਫ਼ਟ ਕਰਕੇ ਹੋਂਦ ਵਿੱਚ ਲਿਆਂਦੀ ਗਈ ਹੈ। ਜਿਸ ਦਾ ਪਹਿਲੇ ਦਿਨ ਤੋਂ ਹੀ ਸਖ਼ਤ ਵਿਰੋਧ ਹੋ ਰਿਹਾ ਹੈ ਅਤੇ ਪਿਛਲੇ ਦਿਨੀਂ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਾਈ ਕੋਰਟ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਤੇ ਹੋਰ ਸਬੰਧਤ ਅਫ਼ਸਰਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਸੰਸਥਾ ਮੁਹਾਲੀ ਫੇਜ਼-3ਬੀ1 ਵਿਖੇ ਪਿਛਲੇ 8 ਮਹੀਨਿਆਂ ਤੋਂ ਓਪੀਡੀ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ, ਜਲਦ ਹੀ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਵੇਗੀ ਕਿਉਂਕਿ ਸੰਸਥਾ ਵਿੱਚ ਸਾਰੇ ਅਤਿ-ਆਧੁਨਿਕ ਉਪਕਰਨ ਲਗਾਏ ਜਾ ਰਹੇ ਹਨ ਅਤੇ ਸੁਪਰ-ਸਪੈਸਲਿਸਟ ਡਾਕਟਰਾਂ ਅਤੇ ਹੋਰ ਪੈਰਾ-ਮੈਡੀਕਲ ਸਟਾਫ਼ ਦੀ ਭਰਤੀ ਪ੍ਰਕਿਰਿਆ ਵੀ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਸੰਸਥਾ ਦੇ ਪੂਰੀ ਤਰ੍ਹਾਂ ਕਾਰਜਸ਼ੀਲ ਹੋਣ ਨਾਲ ਲਿਵਰ ਅਤੇ ਬਿਲੀਅਰੀ ਸਬੰਧੀ ਬਿਮਾਰੀਆਂ ਵਾਲੇ ਮਰੀਜ਼ ਪਹਿਲੇ ਦਰਜੇ ਦੀਆਂ ਡਾਕਟਰੀ ਦੇਖਭਾਲ ਸੇਵਾਵਾਂ ਦਾ ਲਾਭ ਲੈ ਸਕਣਗੇ। ਉਨ੍ਹਾਂ ਅੱਗੇ ਕਿਹਾ ਕਿ ਗੰਭੀਰ ਅਤੇ ਪੁਰਾਣੀ ਹੈਪੇਟਾਈਟਸ, ਸਿਰੋਸਿਸ, ਲਿਵਰ ਕੈਂਸਰ, ਸ਼ਰਾਬ ਕਾਰਨ ਹੋਣ ਵਾਲੀ ਲਿਵਰ ਦੀ ਬਿਮਾਰੀ, ਜਲਣ, ਵੱਖ-ਵੱਖ ਪੈਨਕ੍ਰੀਆਟਿਕ ਬਿਮਾਰੀਆਂ ਅਤੇ ਪਿੱਤੇ ਦੀ ਥੈਲੀ ਦੇ ਵਿਕਾਰ ਅਤੇ ਬਿਲੀਅਰੀ ਬਿਮਾਰੀਆਂ ਸਮੇਤ ਵੱਖ-ਵੱਖ ਕਿਸਮਾਂ ਦੀਆਂ ਲਿਵਰ ਦੀਆਂ ਬਿਮਾਰੀਆਂ ਵਾਲੇ ਮਰੀਜ਼ ਇਲਾਜ ਕਰਵਾ ਸਕਣਗੇ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਲੋਕ ਇਸ ਇੰਸਟੀਚਿਊਟ ਵਿੱਚ ਲਿਵਰ ਟਰਾਂਸਪਲਾਂਟ ਦਾ ਵੀ ਲਾਭ ਉਠਾ ਸਕਣਗੇ, ਜੋ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਿਜ਼, ਨਵੀਂ ਦਿੱਲੀ ਦੀ ਤਰਜ਼ ‘ਤੇ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਲਿਵਰ ਅਤੇ ਬਿਲੀਅਰੀ ਸਬੰਧੀ ਬਿਮਾਰੀਆਂ ਵਾਲੇ ਮਰੀਜ਼ਾਂ ਲਈ ਪਹਿਲੇ ਦਰਜੇ ਦੀਆਂ ਡਾਕਟਰੀ ਦੇਖਭਾਲ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲਾ ਦੇਸ਼ ਦਾ ਦੂਜਾ ਸਰਕਾਰੀ ਸੁਪਰ-ਸਪੈਸ਼ਲਿਟੀ ਇੰਸਟੀਚਿਊਟ ਹੈ।
ਜ਼ਿਕਰਯੋਗ ਹੈ ਕਿ ਇਹ ਵੈੱਬਸਾਈਟ ਮਰੀਜ਼ਾਂ ਨੂੰ ਰੋਗਾਂ ਦੀ ਮੁੱਢਲੀ ਜਾਣਕਾਰੀ, ਰੋਕਥਾਮ ਉਪਾਵਾਂ ਅਤੇ ਸਿਹਤ ਸਿੱਖਿਆ ਦੇ ਨਾਲ-ਨਾਲ ਲੈਬ ਟੈਸਟਾਂ, ਆਨਲਾਈਨ ਰਿਪੋਰਟਿੰਗ, ਪ੍ਰਕਿਰਿਆਵਾਂ ਅਤੇ ਲਿਵਰ ਟ੍ਰਾਂਸਪਲਾਂਟ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਦਦ ਕਰੇਗੀ। ਇਸ ਦੇ ਨਾਲ ਹੀ ਆਮ ਲੋਕਾਂ ਦੀ ਸਹੂਲਤ ਲਈ ਹਸਪਤਾਲ ਫੈਕਲਟੀ, ਓਪੀਡੀ ਸੇਵਾਵਾਂ ਵਾਲੇ ਦਿਨ ਅਤੇ ਵਿਸ਼ੇਸ਼ਤਾਵਾਂ ਸਬੰਧੀ ਵੇਰਵੇ ਵੈਬਸਾਈਟ ‘ਤੇ ਉਪਲਬਧ ਹੋਣਗੇ। ਇਸ ਵੈੱਬਸਾਈਟ ’ਤੇ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਤੱਕ ਪਹੁੰਚ ਲਈ ਟੈਲੀ-ਮੈਡੀਸਨ ਸਬੰਧੀ ਵੇਰਵੇ ਵੀ ਹੋਣਗੇ।

Load More Related Articles
Load More By Nabaz-e-Punjab
Load More In General News

Check Also

ਭਾਈ ਘਨੱਈਆ ਜੀ ਮੱਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ

ਭਾਈ ਘਨੱਈਆ ਜੀ ਮੱਲ੍ਹਮ ਪੱਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ 1 ਨਵੰਬਰ ਨੂੰ ਸ਼ਰਧਾ ਭਾਵਨਾ ਤੇ ਉਤਸ਼ਾਹ…