ਮਨਰੇਗਾ ਵਰਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛਾਂਗੇ ਸਵਾਲ, ਪਿੰਡਾਂ ’ਚ ਲਾਮਬੰਦੀ ਜ਼ੋਰਾਂ ’ਤੇ

16 ਫਰਵਰੀ ਨੂੰ ਮੁਹਾਲੀ ਵਿੱਚ ਮਨਰੇਗਾ ਕਾਮਿਆਂ ਦੀ ਹੋਵੇਗੀ ਵਿਸ਼ਾਲ ਕਾਨਫ਼ਰੰਸ: ਡੀਐਮਐਫ਼

ਦਰਸ਼ਨ ਸਿੰਘ ਸੋਢੀ/ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 6 ਫਰਵਰੀ
ਡੈਮੋਕ੍ਰੇਟਿਕ ਮਨਰੇਗਾ ਫ਼ਰੰਟ (ਡੀਐਮਐਫ਼) ਦੇ ਵਰਕਰਾਂ ਪੰਜਾਬ ਦੀ ਆਪ ਸਰਕਾਰ ਨੂੰ ਘੇਰਨ ਲਈ ਕਮਰ ਕੱਸ ਲਈ ਹੈ। ਇਸ ਸਬੰਧੀ ਪਿੰਡਾਂ ਵਿੱਚ ਮਨਰੇਗਾ ਵਰਕਰਾਂ ਅਤੇ ਦਿਹਾੜੀਦਾਰਾਂ\ਮਜ਼ਦੂਰਾਂ ਦੀ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਡੀਐਮਐਫ਼ ਦੀ ਸੂਬਾਈ ਆਗੂ ਸੁਨੀਤਾ ਰਾਣੀ ਕੈਦੂਪੁਰ ਅਤੇ ਮਨਪ੍ਰੀਤ ਕੌਰ ਰਾਜਪੁਰਾ ਨੇ ਦੱਸਿਆ ਕਿ 16 ਫਰਵਰੀ ਨੂੰ ਮੁਹਾਲੀ ਵਿਖੇ ਸੂਬਾ ਪੱਧਰੀ ਵਿਸ਼ਾਲ ਕਾਨਫ਼ਰੰਸ ਕੀਤੀ ਜਾਵੇਗੀ। ਜਿਸ ਵਿੱਚ ਮੁਹਾਲੀ ਜ਼ਿਲ੍ਹੇ ’ਚੋਂ ਵੱਡੀ ਗਿਣਤੀ ਵਿੱਚ ਮਨਰੇਗਾ ਵਰਕਰ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਸ਼ਾਮਲ ਹੋਣਗੇ।
ਆਗੂਆਂ ਨੇ ਕਿਹਾ ਕਿ ਪੰਜਾਬ ਭਰ ਦੇ ਮਨਰੇਗਾ ਵਰਕਰ 16 ਫਰਵਰੀ ਨੂੰ ਮੁਹਾਲੀ ਵਿੱਚ ਵਿਸ਼ਾਲ ਕਾਨਫ਼ਰੰਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛਣਗੇ ਕਿ ਪਿੰਡਾਂ ਵਿੱਚ ਵਸਦੇ ਅਸਲ ਆਮ ਆਦਮੀ ਲਈ ਰੁਜ਼ਗਾਰ ਕਿੱਥੇ ਹੈ? ਸਰਕਾਰ ਨੇ ਰੁਜ਼ਗਾਰ ਦੇਣ ਲਈ ਕਿਹੜੀਆਂ ਨੀਤੀਆਂ ਅਤੇ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਕਿਹਾ ਕਿ ਮਨਰੇਗਾ ਐਕਟ 18 ਸਾਲ ਪਹਿਲਾਂ ਬਣਿਆ ਪਰ ਅੱਜ ਤੱਕ ਬੇਰੁਜ਼ਗਾਰੀ ਭੱਤੇ ਦੇ ਨਿਯਮ ਨਹੀਂ ਬਣਾਏ ਜਾ ਸਕੇ ਹਨ? ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਮਨਰੇਗਾ ਸਕੀਮ ਤਹਿਤ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਘੱਟੋ-ਘੱਟ ਉਜਰਤ ਦੇ ਬਰਾਬਰ ਦਿਹਾੜੀ ਕਿਉਂ ਨਹੀਂ ਦਿੱਤੀ ਜਾ ਰਹੀ? ਪਿੰਡਾਂ ਦੇ ਗਰੀਬ ਲੋਕਾਂ ਦਾ ਸ਼ੋਸ਼ਣ ਕਿਉਂ ਕੀਤਾ ਜਾ ਰਿਹਾ ਹੈ?
ਆਗੂਆਂ ਨੇ ਦੱਸਿਆ ਕਿ ਸੂਬਾ ਪੱਧਰੀ ਕਾਨਫ਼ਰੰਸ ਨੂੰ ਸਫਲ ਬਣਾਉਣ ਲਈ ਮਨਰੇਗਾ ਵਰਕਰਾਂ ਦੀ ਲਾਮਬੰਦੀ ਜ਼ੋਰਾਂ ਸ਼ੋਰਾਂ ਨਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਮੁਹਾਲੀ ਨੇੜਲੇ ਪਿੰਡ ਬੜੀ, ਸਿਆਊ, ਮਟਰਾਂ, ਕੁਰੜਾ, ਕੁਰੜੀ, ਸੇਖਣਮਾਜਰਾ, ਮੋਟੇਮਾਜਰਾ, ਤੰਗੋਰੀ, ਨਗਾਰੀਂ, ਮਿੱਢੇਮਾਜਰਾ, ਗੀਗੇਮਾਜਰਾ, ਕਲੌਲੀ, ਖਾਨਪੁਰ ਬਾਂਗਰ ਅਤੇ ਹੁਲਕਾ ਆਦਿ ਪਿੰਡਾਂ ਦੀਆਂ ਸੱਥਾਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ ਵਿੱਚ ਬਾਕੀ ਪਿੰਡਾਂ ਵਿੱਚ ਵਰਕਰਾਂ ਅਤੇ ਮਜ਼ਦੂਰਾਂ ਦੀ ਲਾਮਬੰਦੀ ਕਰਨ ਲਈ ਡਿਊਟੀਆਂ ਲਗਾਈਆਂ ਗਈਆਂ ਹਨ।

Load More Related Articles
Load More By Nabaz-e-Punjab
Load More In General News

Check Also

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ ਯੋਗਾ ਕਲਾਸਾਂ ਵੱਧ ਭਾਰ, ਪ…