nabaz-e-punjab.com

ਰਿਕਵਰੀਆਂ ਲਈ ਦਬਾਅ ਬਣਾਉਣ ਤੋਂ ਬਾਝ ਨਾ ਆਉਣ ’ਤੇ ਡੀਟੀਐੱਫ਼ ਵੱਲੋਂ ਸੰਘਰਸ਼ ਦੀ ਚਿਤਾਵਨੀ

ਵਿਭਾਗੀ ਗਲਤੀ ਕਾਰਨ ਹੋਈ ਦੋਹਰੀ/ਤੀਹਰੀ ਵਜ਼ੀਫਾ ਅਦਾਇਗੀ ਦੀ ਰਿਕਵਰੀ ਲਈ ਦਬਾਅ ਬਣਾਉਣਾ ਬੰਦ ਕਰਨ ਅਧਿਕਾਰੀ

ਨਬਜ਼-ਏ-ਪੰਜਾਬ, ਮੁਹਾਲੀ, 7 ਫਰਵਰੀ:
ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਨੇ ਇੱਕ ਪੱਤਰ ਜਾਰੀ ਕਰਕੇ ਸੈਸ਼ਨ 2022-23 ਦੇ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਫਾਰ ਐੱਸਸੀ ਐਂਡ ਅਦਰਜ਼ ਸਕੀਮ ਅਧੀਨ ਵਜ਼ੀਫੇ ਦੀ ਰਾਸ਼ੀ ਦੀ ਦੋਹਰੀ/ਤੀਹਰੀ ਅਦਾਇਗੀ ਨੂੰ ਵਾਪਸ ਲੈਣ ਲਈ ਸਕੂਲ ਮੁਖੀਆਂ ਤੇ ਬਣਾਏ ਜਾ ਰਹੇ ਦਬਾਅ ਦਾ ਵਿਰੋਧ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਕਿਹਾ ਕਿ ਵਿਭਾਗ ਵੱਲੋਂ ਸੈਸ਼ਨ 2022-23 ਦੇ ਵਜ਼ੀਫ਼ੇ ਦੀ ਰਾਸ਼ੀ 23001 ਵਿਦਿਆਰਥੀਆਂ ਦੇ ਖਾਤਿਆਂ ਵਿੱਚ 1400 ਰੁਪਏ ਦੀ ਅਦਾਇਗੀ ਦੋ ਵਾਰ ਹੋ ਗਈ ਹੈ ਅਤੇ 694 ਵਿਦਿਆਰਥੀਆਂ ਦੇ ਖਾਤਿਆਂ ਵਿੱਚ ਇਹ ਅਦਾਇਗੀ ਤਿੰਨ ਵਾਰ ਹੋ ਗਈ ਹੈ। ਵਿਭਾਗ ਇਸ ਪਿੱਛੇ ਤਕਨੀਕੀ ਨੁਕਸ ਐਲਾਨ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਸਕੂਲ ਮੁਖੀਆਂ ’ਤੇ ਰਿਕਵਰੀ ਕਰਨ ਲਈ ਨਾਜਾਇਜ਼ ਦਬਾਅ ਬਣਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਕੀਤੀਆਂ ਜਾ ਰਹੀਆਂ ਜ਼ੂਮ ਮੀਟਿੰਗਾਂ ਵਿੱਚ ਵਰਤੀ ਜਾ ਰਹੀ ਗੈਰ-ਵਾਜਿਬ ਸ਼ਬਦਾਵਲੀ ਅਤੇ ਦੱਬਕਿਆਂ ਨੂੰ ਕਿਸੇ ਕੀਮਤ ’ਤੇ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਅਗਾਂਹ ਤੋਂ ਕਿਸੇ ਮੀਟਿੰਗ ਵਿੱਚ ਅਧਿਕਾਰੀਆਂ ਦੇ ਅਜਿਹੇ ਵਤੀਰੇ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀ ਮੁਕਤਸਰ ਸਾਹਿਬ ਵੱਲੋਂ ਰਹਿੰਦੀ ਰਿਕਵਰੀ ‘ਬਾਏ ਹੁੱਕ ਐਂਡ ਕਰੁੱਕ’ ਇੱਕ ਦਿਨ ਵਿੱਚ ਵਿਭਾਗ ਦੇ ਖਾਤੇ ਵਿੱਚ ਜਮ੍ਹਾਂ ਕਰਾਉਣ ਦੇ ਹੁਕਮਾਂ ਰਾਹੀਂ ਸਕੂਲ ਮੁਖੀਆਂ ’ਤੇ ਬੇਲੋੜਾ ਦਬਾਅ ਬਣਾਉਣ ਦਾ ਸਖ਼ਤ ਨੋਟਿਸ ਲਿਆ ਅਤੇ ਇਸ ਖ਼ਿਲਾਫ਼ ਲੋੜ ਪੈਣ ’ਤੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਜਾਵੇਗਾ।
ਆਗੂਆਂ ਨੇ ਦੱਸਿਆ ਕਿ ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਵੱਖ-ਵੱਖ ਸਕੀਮਾਂ ਅਧੀਨ ਵਜ਼ੀਫਾ ਅਪਲਾਈ ਕਰਾਉਣ ਲਈ ਸਕੂਲ ਮੁਖੀਆਂ ਅਤੇ ਕਲਾਸ ਇੰਚਾਰਜਾਂ ’ਤੇ ਗੈਰ ਵਾਜਬ ਦਬਾਅ ਬਣਾਇਆ ਜਾ ਰਿਹਾ ਹੈ ਜਦਕਿ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਨੂੰ ਵਜ਼ੀਫ਼ਾ ਅਪਲਾਈ ਕਰਨ ਲਈ ਲੋੜੀਂਦੇ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਏ ਜਾ ਰਹੇ। ਉਨ੍ਹਾਂ ਦੱਸਿਆ ਕਿ ਵਜ਼ੀਫ਼ਾ ਅਪਲਾਈ ਕਰਨ ਲਈ ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਡੋਮੀਸਾਇਲ ਸਰਟੀਫਿਕੇਟ ਆਦਿ ਲੋੜੀਂਦੇ ਹਨ। ਇਨ੍ਹਾਂ ਸਰਟੀਫਿਕੇਟਾਂ ਦਾ ਨਾ ਹੋਣਾ ਜਾਂ ਸਾਰਿਆਂ ਵਿੱਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਨਾਵਾਂ ਦੀ ਸਮਾਨਤਾ ਦੀ ਘਾਟ ਕਾਰਨ ਵਜ਼ੀਫ਼ਾ ਅਪਲਾਈ ਕਰਨ ਵਿੱਚ ਆ ਰਹੀਆਂ ਦਿੱਕਤਾਂ ਨੂੰ ਵਿਭਾਗ ਵੱਲੋਂ ਨਹੀਂ ਦੇਖਿਆ ਜਾ ਰਿਹਾ। ਸਗੋਂ ਵਿਦਿਆਰਥੀਆਂ ਦੇ ਵਜ਼ੀਫ਼ੇ ਅਪਲਾਈ ਨਾ ਕਰਨ ਦਾ ਜ਼ਿੰਮੇਵਾਰ ਅਧਿਆਪਕ ਨੂੰ ਮੰਨ ਕੇ ਉਸ ’ਤੇ ਦਬਾਅ ਬਣਾ ਕੇ ਵਜ਼ੀਫ਼ਾ ਅਪਲਾਈ ਨਾ ਹੋਣ ਲਈ ਸਬੰਧਤ ਅਧਿਆਪਕ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਡੀਟੀਐੱਫ਼ ਦੇ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਸਿੰਘ ਕੋਟਲੀ, ਜਸਵਿੰਦਰ ਅੌਜਲਾ, ਰਘਬੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਗੈਰ ਵਾਜਬ ਦਬਾਆਂ ਤੋਂ ਅਧਿਕਾਰੀਆਂ ਨੂੰ ਬਾਜ਼ ਆਉਣਾ ਚਾਹੀਦਾ ਹੈ ਨਹੀਂ ਤਾਂ ਇਨ੍ਹਾਂ ਵਿਰੁੱਧ ਜਥੇਬੰਦੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਵਿੱਢਿਆ ਜਾਵੇਗਾ ਅਤੇ ਅਧਿਕਾਰੀ ਜ਼ਿੰਮੇਵਾਰ ਅਧਿਕਾਰੀ ਹੋਣਗੇ।

Load More Related Articles
Load More By Nabaz-e-Punjab
Load More In General News

Check Also

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ ਯੋਗਾ ਕਲਾਸਾਂ ਵੱਧ ਭਾਰ, ਪ…