ਮੁਹਾਲੀ ਪੁਲੀਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 17 ਅਪਰੈਲ:
ਮੁਹਾਲੀ ਪੁਲੀਸ ਨੇ ਪਿੰਡ ਕੁੰਭੜਾ ਵਿੱਚ ਇੱਕ ਵਿਅਕਤੀ ਦੀ ਤਲਵਾਰਾਂ ਅਤੇ ਡੰਡੇ ਨਾਲ ਕੁੱਟਮਾਰ ਕਰਨ ਅਤੇ ਉਸ ਦਾ ਮੋਬਾਈਲ ਫੋਨ, 300 ਰੁਪਏ ਦੀ ਨਗਦੀ ਅਤੇ ਸੋਨੇ ਦੀ ਚੈਨ ਖੋਹ ਕੇ ਫਰਾਰ ਹੋਏ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਪਿੰਡ ਕੁੰਭੜਾ ਦੇ ਹੀ ਵਸਨੀਕ ਹਨ। ਜਿਨ੍ਹਾਂ ਦੀ ਪਛਾਣ ਸੂਰਜ ਚੌਹਾਨ ਵਾਸੀ ਪਿੰਡ ਕੁੰਬੜਾ ਅਤੇ ਅਰਵਿੰਦਰ ਸਿੰਘ ਵਜੋਂ ਹੋਈ ਹੈ।
ਅੱਜ ਇੱਥੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਐੱਸਐੱਸਪੀ ਸੰਦੀਪ ਗਰਗ ਦੀਆਂ ਹਦਾਇਤਾਂ ’ਤੇ ਐਸਪੀ (ਡੀ) ਡਾ. ਜਯੋਤੀ ਯਾਦਵ ਅਤੇ ਐਸਪੀ (ਸਿਟੀ) ਹਰਬੀਰ ਸਿੰਘ ਅਟਵਾਲ ਦੀ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ ਅਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਉਕਤ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਜਰੂਬ ਸੂਬਮ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਬੀਤੇ ਦਿਨੀਂ ਤੜਕੇ ਕਰੀਬ ਪੌਣੇ ਚਾਰ ਵਜੇ ਡਿਊਟੀ ਤੋਂ ਵਾਪਸ ਘਰ ਆਉਣ ਸਮੇਂ ਪਿੰਡ ਕੁੰਭੜਾ ਦੀ ਗਲੀ ਵਿੱਚ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ’ਤੇ ਡੰਡੇ ਅਤੇ ਤਲਵਾਰਾਂ ਨਾਲ ਹਮਲਾ ਕਰਕੇ ਉਸ ਕੋਲੋਂ ਮੋਬਾਈਲ ਫੋਨ, 300 ਰੁਪਏ ਅਤੇ ਸੋਨੇ ਦੀ ਚੈਨ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਸੈਂਟਰਲ ਥਾਣਾ ਫੇਜ਼-8 ਵਿੱਚ ਧਾਰਾ 392, 323 ਤਹਿਤ ਪਰਚਾ ਦਰਜ ਕੀਤਾ ਗਿਆ।
ਡੀਐਸਪੀ ਬੱਲ ਨੇ ਦੱਸਿਆ ਕਿ ਥਾਣਾ ਮੁਖੀ ਦੀ ਅਗਵਾਈ ਵਾਲੀ ਟੀਮ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਦੇ ਹੋਏ ਅਣਪਛਾਤੇ ਲੁਟੇਰਿਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਗਏ ਡੰਡੇ ਅਤੇ ਤਲਵਾਰ ਵੀ ਬਰਾਮਦ ਕਰ ਲਈ ਗਈ ਹੈ ਅਤੇ ਸ਼ਿਕਾਇਤ ਕਰਤਾ ਦਾ ਖੋਹਿਆ ਮੋਬਾਇਲ ਫੋਨ ਅਤੇ ਸੋਨੇ ਦੀ ਚੇਨ ਵੀ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੇ ਪਿੰਡ ਕੁੰਭੜਾ ਵਿੱਚ ਪ੍ਰਵਾਸੀ ਕਿਰਾਏਦਾਰਾਂ ਨਾਲ ਹੋਰ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…