nabaz-e-punjab.com

ਵੱਧ ਪੈਸੇ ਵਸੂਲਣ ਦਾ ਦੋਸ਼: ਸਰਕਾਰੀ ਹਸਪਤਾਲ ਵਿਚਲਾ ਜੂਸ-ਕਮ-ਸਨੈਕਸ ਬਾਰ ਕੀਤਾ ਬੰਦ

ਹਸਪਤਾਲ ਪ੍ਰਸ਼ਾਸਨ ਨੇ ਪੰਜਾਬ ਐਗਰੋ ਨੂੰ ਪੱਤਰ ਲਿਖ ਕੇ ਮਾਮਲੇ ਦੀ ਪੜਤਾਲ ਲਈ ਕਿਹਾ

ਨਬਜ਼-ਏ-ਪੰਜਾਬ, ਮੁਹਾਲੀ, 18 ਅਪਰੈਲ:
ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਕੰਪਲੈਕਸ ਵਿੱਚ ਚੱਲ ਰਹੇ ਜੂਸ-ਕਮ-ਸਨੈਕਸ ਬਾਰ ਨੂੰ ਫਿਲਹਾਲ ਬੰਦ ਕਰਵਾ ਦਿੱਤਾ ਗਿਆ ਹੈ। ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਅਤੇ ਐਸਐਮਓ ਡਾ. ਐਚ.ਐਸ. ਚੀਮਾ ਨੇ ਦੱਸਿਆ ਕਿ ਦੁਕਾਨਦਾਰ ਖ਼ਿਲਾਫ਼ ਵੱਧ ਵਸੂਲੀ ਦੀਆਂ ਗੰਭੀਰ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਸਬੰਧੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ। ਜਿਸ ਨੂੰ ਆਧਾਰ ਬਣਾ ਕੇ ਇਹ ਕਾਰਵਾਈ ਕੀਤੀ ਗਈ ਹੈ।
ਜੂਸ-ਕਮ-ਸਨੈਕਸ ਬਾਰ ਦਾ ਦੁਕਾਨਦਾਰ ਗਾਹਕਾਂ ਕੋਲੋਂ ਵੱਧ ਤੋਂ ਵੱਧ ਪਰਚੂਨ ਕੀਮਤ (ਐਮਆਰਪੀ) ਤੋਂ ਵੱਧ ਪੈਸੇ ਵਸੂਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੀਡੀਓ ਵਿੱਚ ਦੋਸ਼ ਲਗਾਏ ਗਏ ਹਨ ਕਿ ਸਬੰਧਤ ਦੁਕਾਨਦਾਰ ਜੂਸ, ਪਾਣੀ ਆਦਿ ਦੀ ਬੋਤਲ ’ਤੇ ਗਾਹਕਾਂ ਕੋਲੋਂ ਤੈਅ ਕੀਮਤ ਨਾਲੋਂ ਵੱਧ ਪੈਸੇ ਵਸੂਲ ਰਿਹਾ ਹੈ। ਇਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਵੱਲੋਂ ਆਪਣੇ ਪੱਧਰ ’ਤੇ ਕਰਵਾਈ ਗਈ ਮੁੱਢਲੀ ਪੜਤਾਲ ਵਿੱਚ ਦੁਕਾਨਦਾਰ ਨੂੰ ਕਸੂਰਵਾਰ ਪਾਏ ਜਾਣ ’ਤੇ ਇਹ ਕਾਰਵਾਈ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਹ ਦੁਕਾਨ ਪੰਜਾਬ ਐਗਰੋ ਜੂਸਜ਼ ਲਿਮਟਿਡ ਵੱਲੋਂ ਦੁਕਾਨਦਾਰ ਨਾਲ ਕੀਤੇ ਗਏ ਇਕਰਾਰਨਾਮੇ ਅਧੀਨ ਖੋਲ੍ਹੀ ਗਈ ਹੈ ਅਤੇ ਸਰਕਾਰ ਹਸਪਤਾਲ ਪ੍ਰਸ਼ਾਸਨ ਵੱਲੋਂ ਸਿਰਫ਼ ਹਸਪਤਾਲ ਕੰਪਲੈਕਸ ਅੰਦਰ ਲੋੜੀਂਦੀ ਜਗ੍ਹਾ ਉਪਲਬਧ ਕਰਵਾਈ ਗਈ ਹੈ। ਇਸ ਤੋਂ ਇਲਾਵਾ ਹਸਪਤਾਲ ਪ੍ਰਸ਼ਾਸਨ ਵੱਲੋਂ ਪੰਜਾਬ ਐਗਰੋ ਜੂਸਜ਼ ਲਿਮਟਿਡ ਨੂੰ ਅਗਲੀ ਕਾਰਵਾਈ ਲਈ ਲੋੜੀਂਦੀ ਸੂਚਨਾ ਭੇਜਦੇ ਹੋਏ ਅਪਣੇ ਤੌਰ ’ਤੇ ਸਮੁੱਚੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਵਿਭਾਗ ਦੀ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…