ਮੁਹਾਲੀ ਦੇ ਨਵੇਂ ਸੈਕਟਰਾਂ ਵਿੱਚ ਵੱਖਰਾ ਆਰਐਮਸੀ ਪੁਆਇੰਟ ਬਣਾਉਣ ’ਤੇ ਜ਼ੋਰ

ਸ਼ਹਿਰ ਵਿੱਚ ਨਵਾਂ ਡੰਪਿੰਗ ਗਰਾਉਂਡ ਬਣਾ ਕੇ ਨਵੀਨਤਮ ਟੈਕਨਾਲੋਜੀ ਦੇ ਪ੍ਰੋਸੈਸਿੰਗ ਪੁਆਇੰਟ ਲਗਾਏ ਗਮਾਡਾ

ਡਿਪਟੀ ਮੇਅਰ ਕੁਲਜੀਤ ਬੇਦੀ ਨੇ ਮੁੱਖ ਮੰਤਰੀ ਅਤੇ ਗਮਾਡਾ ਅਧਿਕਾਰੀਆਂ ਨੂੰ ਲਿਖਿਆ ਪੱਤਰ

ਨਬਜ਼-ਏ-ਪੰਜਾਬ, ਮੁਹਾਲੀ, 17 ਜੂਨ:
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸ਼ਹਿਰ ਦੀ ਸਫ਼ਾਈ ਵਿਵਸਥਾ ਵਿੱਚ ਸੁਧਾਰ ਲਿਆਉਣ ਲਈ ਨਵੇਂ ਸੈਕਟਰਾਂ ਵਿੱਚ ਵੱਖਰੇ ਆਰਐਮਸੀ ਪੁਆਇੰਟ (ਕੂੜੇਦਾਨ) ਅਤੇ ਪ੍ਰੋਸੈਸਿੰਗ ਯੂਨਿਟ ਲਗਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਜੋ ਗਮਾਡਾ ਦੇ ਵੀ ਚੇਅਰਮੈਨ ਹਨ, ਨੂੰ ਪੱਤਰ ਲਿਖਿਆ ਹੈ। ਪੱਤਰ ਦਾ ਉਤਾਰਾ ਗਮਾਡਾ ਅਧਿਕਾਰੀਆਂ ਨੂੰ ਵੀ ਭੇਜਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸ਼ਹਿਰ ਦੀ ਸਫ਼ਾਈ ਵਿਵਸਥਾ ਦਾ ਬੁਰਾ ਹਾਲ ਹੈ। ਇਸ ਵਿੱਚ ਗਮਾਡਾ ਦੀ ਲਾਪਰਵਾਹੀ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਗਮਾਡਾ ਅਧਿਕਾਰੀ ਸਿਰਫ਼ ਪ੍ਰਾਪਰਟੀ ਵੇਚ ਕੇ ਸਰਕਾਰ ਦੇ ਕਮਾਊ ਪੁੱਤ ਬਣੇ ਹੋਏ ਹਨ ਪਰ ਜਦੋਂ ਮੁਹਾਲੀ ਦੇ ਵਿਕਾਸ ਅਤੇ ਬੁਨਿਆਦੀ ਢਾਂਚੇ ਦੀ ਗੱਲ ਆਉਂਦੀ ਹੈ ਤਾਂ ਉਹ ਕੁੰਭਕਰਨੀ ਨੀਂਦ ’ਚ ਸੌਂ ਜਾਂਦੇ ਹਨ।
ਡਿਪਟੀ ਮੇਅਰ ਨੇ ਕਿਹਾ ਕਿ ਨਵੇਂ ਸੈਕਟਰਾਂ ਟੀਡੀਆਈ, ਐਰੋਸਿਟੀ, ਆਈਟੀ ਸਿਟੀ, ਸੈਕਟਰ-90 ਤੇ ਸੈਕਟਰ-91 ਸਮੇਤ ਜੇਐਲਪੀਐਲ, ਐਮਆਰ ਐਮਜੀਐਫ਼ ਗਮਾਡਾ ਅਤੇ ਪ੍ਰਾਈਵੇਟ ਬਿਲਡਰਾਂ ਨੇ ਵਿਕਸਿਤ ਕੀਤੇ ਹਨ। ਗਮਾਡਾ ਵੱਲੋਂ ਇਨ੍ਹਾਂ ਨੂੰ ਸੜਕਾਂ ਬਣਾਉਣ, ਸੀਵਰੇਜ ਪਾਉਣ ਅਤੇ ਹਰ ਤਰ੍ਹਾਂ ਦੀਆਂ ਪ੍ਰਵਾਨਗੀਆਂ ਦਿੱਤੀਆਂ ਹਨ ਪਰ ਕਿਸੇ ਵੀ ਥਾਂ ’ਤੇ ਕੂੜਾ ਇਕੱਠਾ ਕਰਨ ਲਈ ਆਰਐਮਸੀ ਪੁਆਇੰਟ ਲਈ ਥਾਂ ਨਹੀਂ ਦਿੱਤੀ। ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਸੈਕਟਰ ਨਗਰ ਨਿਗਮ ਦੀ ਹੱਦ ਤੋਂ ਬਾਹਰ ਹਨ। ਇਨ੍ਹਾਂ ਨਵੇਂ ਸੈਕਟਰਾਂ ਅਤੇ ਕਲੋਨੀਆਂ ਦਾ ਸਾਰਾ ਕੂੜਾ ਮੁਹਾਲੀ ਦੇ ਡੰਪਿੰਗ ਗਰਾਉਂਡ ਵਿੱਚ ਸੁੱਟਿਆ ਜਾਂਦਾ ਹੈ। ਜਿਸ ਕਰਕੇ ਮੌਜੂਦਾ ਡੰਪਿੰਗ ਗਰਾਉਂਡ ਵਿੱਚ ਲੱਗੇ ਕੂੜੇ ਦੇ ਢੇਰ ਨਾਲ ਲਗਦੀਆਂ ਫੈਕਟਰੀਆਂ ਦੀਆਂ ਇਮਾਰਤਾਂ ਤੋਂ ਵੀ ਉੱਚਾ ਪਹਾੜ ਵਾਂਗ ਹੋ ਗਿਆ ਹੈ। ਇੱਥੇ ਗਾਈਡਲਾਈਨਾਂ ਤੋਂ ਵੱਧ ਕੂੜਾ ਇਕੱਠਾ ਹੋ ਰਿਹਾ ਹੈ। ਸ਼ਹਿਰ ਵਾਸੀਆਂ ਨੇ ਨਗਰ ਨਿਗਮ ਖ਼ਿਲਾਫ਼ ਅਦਾਲਤ ਵਿੱਚ ਕੇਸ ਵੀ ਦਾਇਰ ਕੀਤੇ ਹੋਏ ਹਨ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਵੀ ਹਦਾਇਤਾਂ ਨਿਗਮ ਨੂੰ ਦਿੱਤੀਆਂ ਜਾਂਦੀਆਂ ਹਨ।
ਜੇਕਰ ਇਹੀ ਹਾਲ ਰਿਹਾ ਤਾਂ ਹਾਈ ਕੋਰਟ ਵੱਲੋਂ ਮੁਹਾਲੀ ਦਾ ਕੂੜਾ ਮੌਜੂਦਾ ਡੰਪਿੰਗ ਗਰਾਉਂਡ ਵਿੱਚ ਸੁੱਟਣਾ ਬੰਦ ਕਰਵਾਇਆ ਜਾ ਸਕਦਾ ਹੈ। ਅਜਿਹੇ ਹਾਲਾਤਾਂ ਵਿੱਚ ਆਮ ਸ਼ਹਿਰੀਆਂ ਦਾ ਜਿਊਣਾ ਅੌਖਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਗਮਾਡਾ ਨੇ ਹੁਣ ਤੱਕ ਵੱਖਰੇ ਡੰਪਿੰਗ ਗਰਾਉਂਡ ਦੀ ਵਿਵਸਥਾ ਨਹੀਂ ਕੀਤੀ ਹੈ। ਉਨ੍ਹਾਂ ਮੰਗ ਕੀਤੀ ਮੁਹਾਲੀ ਵਿੱਚ ਇੱਕ ਹੋਰ ਡੰਪਿੰਗ ਗਰਾਉਂਡ ਬਣਾ ਕੇ ਉੱਥੇ ਨਵੀਂ ਟੈਕਨਾਲੋਜੀ ਨਾਲ ਕੂੜੇ ਨੂੰ ਪ੍ਰੋਸੈੱਸ ਕਰਨ ਲਈ ਪਲਾਂਟ ਲਗਾਇਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…