ਕੰਗਨਾ ਥੱਪੜ ਮਾਮਲਾ: ਭਾਜਪਾ ਸੰਸਦ ਮੈਂਬਰ ਨੂੰ ਕਾਨੂੰਨੀ ਨੋਟਿਸ ਭੇਜ ਕੇ ਮੁਆਫ਼ੀ ਮੰਗਣ ਲਈ ਕਿਹਾ

ਨਬਜ਼-ਏ-ਪੰਜਾਬ, ਮੁਹਾਲੀ, 19 ਜੂਨ:
ਬੌਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਪਹਿਲੀ ਵਾਰ ਚੋਣ ਜਿੱਤਣ ਤੋਂ ਬਾਅਦ ਦਿੱਲੀ ਜਾਣ ਸਮੇਂ ਪਿਛਲੇ ਦਿਨੀਂ ਸ਼ਹੀਦ ਭਗਤ ਸਿੰਘ ਹਵਾਈ ਅੱਡਾ ਮੁਹਾਲੀ ’ਤੇ ਕੰਗਨਾ ਰਣੌਤ ਵੱਲੋਂ ਮਹਿਲਾ ਸਿਪਾਹੀ ਕੁਲਵਿੰਦਰ ਕੌਰ ਨੂੰ ਉਕਸਾਉਣ ਕਾਰਨ ਕਾਫ਼ੀ ਵਿਵਾਦ ਹੋਇਆ ਸੀ। ਇਸ ਦੌਰਾਨ ਮਹਿਲਾ ਸਿਪਾਹੀ ਨੇ ਭਾਜਪਾ ਸੰਸਦ ਮੈਂਬਰ ਨੂੰ ਥੱਪੜ ਜੜ੍ਹ ਦਿੱਤਾ। ਇਸ ਤੋਂ ਬਾਅਦ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ’ਤੇ ਇੱਕ ਪੋਸਟ ਅਪਲੋਡ ਕਰਕੇ ਪੰਜਾਬ ਵਿੱਚ ਅਤਿਵਾਦ ਹੋਣ ਬਾਰੇ ਟਿੱਪਣੀ ਕੀਤੀ ਸੀ। ਉਂਜ ਇਸ ਤੋਂ ਪਹਿਲਾਂ ਵੀ ਕੰਗਨਾ ਕਿਸਾਨਾਂ ਅਤੇ ਪੰਜਾਬੀਆਂ ਨੂੰ ਅਤਿਵਾਦੀ ਕਹਿ ਚੁੱਕੀ ਹੈ।
ਇਸ ਸਬੰਧੀ ਸ਼ਹੀਦ ਭਗਤ ਸਿੰਘ ਸਮਾਜ ਭਲਾਈ ਸੰਸਥਾ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਆਪਣੇ ਵਕੀਲ ਐਡਵੋਕੇਟ ਲਿਆਕਤ ਅਲੀ ਰਾਹੀਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਕਾਨੂੰਨੀ ਨੋਟਿਸ ਭੇਜ ਕੇ ਤੁਰੰਤ ਜਨਤਕ ਤੌਰ ’ਤੇ ਮੁਆਫ਼ੀ ਮੰਗਣ ਲਈ ਕਿਹਾ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਕੰਗਨਾ ਰਣੌਤ ਵੱਲੋਂ ਬੀਤੀ 6 ਜੂਨ ਨੂੰ ਐਕਸ ਪੋਸਟ ਕੀਤੇ ਗਏ ਇੱਕ ਟਵੀਟ ਰਾਹੀਂ ਪੰਜਾਬ ਵਿੱਚ ਅਤਿਵਾਦ ਵਧਣ ਦਾ ਦੋਸ਼ ਲਗਾਇਆ ਸੀ। ਇਹੀ ਨਹੀਂ ਉਕਤ ਘਟਨਾ ਤੋਂ ਬਾਅਦ ਕੰਗਨਾ ਨੇ ਸੋਸ਼ਲ ਮੀਡੀਆ ’ਤੇ ਆਪਣੀ ਵੀਡੀਓ ਵੀ ਅਪਲੋਡ ਕੀਤੀ ਸੀ। ਇਸ ਟਿੱਪਣੀ ਨਾਲ ਪੰਜਾਬ ਅਤੇ ਪੰਜਾਬੀਆਂ ਦੀ ਸਾਖ ਨੂੰ ਕਾਫ਼ੀ ਧੱਕਾ ਲੱਗਾ ਹੈ ਅਤੇ ਸੂਬੇ ਵਿੱਚ ਅਖੰਡਤਾ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ। ਐਡਵੋਕੇਟ ਲਿਆਕਤ ਅਲੀ ਨੇ ਨੋਟਿਸ ਵਿੱਚ ਕਿਹਾ ਹੈ ਕਿ ਪੰਜਾਬ ਵਿਰੁੱਧ ਦਿੱਤੇ ਗਏ ਅਪਮਾਨਜਨਕ ਬਿਆਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਇਸ ਗਲਤੀ ਲਈ ਜਨਤਕ ਤੌਰ ’ਤੇ ਮੁਆਫ਼ੀ ਮੰਗੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਨੋਟਿਸ ਪ੍ਰਾਪਤ ਹੋਣ ਤੋਂ 7 ਦਿਨਾਂ ਦੇ ਅੰਦਰ-ਅੰਦਰ ਜੇਕਰ ਕੰਗਨਾ ਨੇ ਮੁਆਫ਼ੀ ਨਾ ਮੰਗੀ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…