ਸਫ਼ਾਈ ਸੇਵਕਾਂ ਵੱਲੋਂ ਗਮਾਡਾ ਦਫ਼ਤਰ ਦੇ ਗੇਟ ਅੱਗੇ ਕੂੜਾ ਸੁੱਟ ਕੇ ਰੋਸ ਪ੍ਰਦਰਸ਼ਨ

ਸ਼ਹਿਰ ’ਚ ਸਫ਼ਾਈ ਦਾ ਕੰਮ ਬੰਦ ਕਰਕੇ ਗਮਾਡਾ ਤੇ ਨਿਗਮ ਦਫ਼ਤਰ ਦਾ ਘਿਰਾਓ ਕਰਨ ਦੀ ਚਿਤਾਵਨੀ

ਨਬਜ਼-ਏ-ਪੰਜਾਬ, ਮੁਹਾਲੀ, 21 ਜੂਨ:
ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਬੈਨਰ ਹੇਠ ਸਫ਼ਾਈ ਕਰਮਚਾਰੀਆਂ ਨੇ ਅੱਜ ਗਮਾਡਾ ਦਫ਼ਤਰ ਅੱਗੇ ਕੂੜਾ ਸੁੱਟ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਆਉਂਦੇ ਦਿਨਾਂ ਵਿੱਚ ਗਮਾਡਾ ਅਤੇ ਨਗਰ ਨਿਗਮ ਭਵਨ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ। ਫੈਡਰੇਸ਼ਨ ਸੀਨੀਅਰ ਮੀਤ ਪ੍ਰਧਾਨ ਮੋਹਣ ਸਿੰਘ, ਜਨਰਲ ਸਕੱਤਰ ਪਵਨ ਗੋਡਯਾਲ, ਪ੍ਰਧਾਨ ਸੋਭਾ ਰਾਮ, ਜਗਜੀਤ ਸਿੰਘ, ਰਾਜਨ ਚਾਵਰੀਆ, ਅਨਿਲ ਕੁਮਾਰ, ਯਸ਼ਪਾਲ, ਮਨੀਕੰਡਨ, ਸਚਿਨ ਕੁਮਾਰ, ਰਜਿੰਦਰ, ਬ੍ਰਿਜ ਮੋਹਨ, ਰੋਸ਼ਨ ਲਾਲ, ਰਾਜੂ ਸੰਗੇਲਿਆ ਨੇ ਕਿਹਾ ਕਿ ਉਹ ਨੈਸ਼ਨਲ ਗਰੀਨ ਟ੍ਰਿਬਿਊਨਲ ਦਾ ਸਨਮਾਨ ਕਰਦੇ ਹਨ ਪ੍ਰੰਤੂ ਮੁਹਾਲੀ ਨਗਰ ਨਿਗਮ ਵੱਲੋਂ ਕੂੜੇ ਦੇ ਬਦਲਵਾਂ ਪ੍ਰਬੰਧ ਨਾ ਕਰਕੇ ਡੰਪਿੰਗ ਗਰਾਉਂਡ ਵਿੱਚ ਕੂੜਾ ਸੁੱਟਣਾ ਬੰਦ ਕਰਨਾ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਨੂੰ ਕਾਮਯਾਬ ਕਰਨਾ ਪੂਰੇ ਸ਼ਹਿਰ ਵਾਸੀਆਂ ਦੀ ਜ਼ਿੰਮੇਵਾਰੀ ਹੈ। ਕੂੜੇ ਨੂੰ ਸੈਗਰੀਗੇਸ਼ਨ ਲਈ ਗਿੱਲਾ ਸੁੱਕਾ ਕੂੜਾ ਵੱਖੋ-ਵੱਖਰਾ ਕਰਨਾ ਹਰੇਕ ਨਾਗਰਿਕ ਦਾ ਕੰਮ ਹੈ।
ਸਫ਼ਾਈ ਕਰਮਚਾਰੀਆਂ ਨੇ ਦੱਸਿਆ ਕਿ ਗਮਾਡਾ ਵੱਲੋਂ ਐਰੋਸਿਟੀ, ਇਕੋਸਿਟੀ, ਆਈਟੀ ਸਿਟੀ ਦੇ ਕੂੜੇ ਦੇ ਪ੍ਰਬੰਧ ਲਈ ਕੂੜੇਦਾਨ ਨਹੀਂ ਬਣਾਏ ਗਏ ਅਤੇ ਇਨ੍ਹਾਂ ਸੈਕਟਰਾਂ ਦਾ ਕੂੜਾ ਵੀ ਡੰਪਿੰਗ ਗਰਾਉਂਡ ਵਿੱਚ ਸੁੱਟਿਆ ਜਾ ਰਿਹਾ ਸੀ ਲੇਕਿਨ ਹੁਣ ਨਗਰ ਨਿਗਮ ਨੇ ਇੱਥੇ ਕੂੜਾ ਸੁੱਟਣਾ ਬੰਦ ਕਰ ਦਿੱਤਾ ਹੈ। ਜਿਸ ਕਾਰਨ ਆਮ ਲੋਕਾਂ ਸਮੇਤ ਸਫ਼ਾਈ ਸੇਵਕਾਂ/ਵੇਸਟ ਕੁਲੈਕਟਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਸਲੇ ਦਾ ਤੁਰੰਤ ਪੱਕਾ ਹੱਲ ਨਹੀਂ ਕੀਤਾ ਗਿਆ ਅਤੇ ਨਵੇਂ ਸੈਕਟਰਾਂ ਦਾ ਕੂੜਾ ਸੁੱਟਣ ਦਾ ਢੁਕਵਾਂ ਪ੍ਰਬੰਧ ਨਾ ਕੀਤਾ ਗਿਆ ਤਾਂ ਆਉਂਦੇ ਦਿਨਾਂ ਵਿੱਚ ਗਮਾਡਾ ਅਤੇ ਨਗਰ ਨਿਗਮ ਦਫ਼ਤਰ ਦੇ ਬਾਹਰ ਕੂੜਾ ਸੁੱਟ ਕੇ ਘਿਰਾਓ ਕੀਤਾ ਜਾਵੇਗਾ ਅਤੇ ਪੈਦਾ ਹੋਏ ਹਾਲਾਤਾਂ ਲਈ ਗਮਾਡਾ ਅਤੇ ਨਿਗਮ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।
ਇਸੇ ਦੌਰਾਨ ਗਮਾਡਾ ਦੇ ਅਸਟੇਟ ਅਫ਼ਸਰ ਹਰਬੰਸ ਸਿੰਘ ਸਮੇਤ ਹੋਰ ਅਧਿਕਾਰੀ ਧਰਨੇ ਵਿੱਚ ਪਹੁੰਚੇ ਅਤੇ ਸਫ਼ਾਈ ਕਰਮਚਾਰੀਆਂ ਨੂੰ ਧਰਨਾ ਖ਼ਤਮ ਕਰਨ ਦੀ ਅਪੀਲ ਕੀਤੀ। ਗਮਾਡਾ ਅਧਿਕਾਰੀ ਨੇ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਇਸ ਗੰਭੀਰ ਸਮੱਸਿਆ ਦੇ ਨਿਪਟਾਰੇ ਲਈ ਗਮਾਡਾ ਦੇ ਮੁੱਖ ਪ੍ਰਸ਼ਾਸਕ ਅਤੇ ਮੁਹਾਲੀ ਨਿਗਮ ਦੇ ਕਮਿਸ਼ਨਰ ਨਾਲ ਮੀਟਿੰਗ ਕਰਵਾ ਕੇ ਢੁਕਵਾਂ ਹੱਲ ਕੱਢਿਆ ਜਾਵੇਗਾ। ਇਸ ਤੋਂ ਬਾਅਦ ਸਫ਼ਾਈ ਸੇਵਕਾਂ ਵੱਲੋਂ ਧਰਨਾ ਖ਼ਤਮ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…