ਪਿੰਡ ਕੈਲੋਂ ਗੋਲੀਬਾਰੀ: ਇੱਕ ਮੁਲਜ਼ਮ ਅਸਲੇ ਸਣੇ ਗ੍ਰਿਫ਼ਤਾਰ, ਦੂਜਾ ਮੁਲਜ਼ਮ ਫ਼ਰਾਰ

ਬਿਜਲੀ ਟਰਾਂਸਫ਼ਾਰਮਰ ਨੂੰ ਲੈ ਕੇ ਝਗੜੇ ਦੌਰਾਨ ਤਿੰਨ ਭਰਾਵਾਂ ’ਤੇ ਚਲਾਈਆਂ ਸਨ ਗੋਲੀਆਂ

ਨਬਜ਼-ਏ-ਪੰਜਾਬ, ਮੁਹਾਲੀ, 22 ਜੂਨ:
ਸੋਹਾਣਾ ਪੁਲੀਸ ਨੇ ਮੁਹਾਲੀ ਨੇੜਲੇ ਪਿੰਡ ਕੈਲੋਂ ਵਿੱਚ ਟਰਾਂਸਫ਼ਾਰਮਰ ਨੂੰ ਲੈ ਕੇ ਮਾਮੂਲੀ ਬਹਿਸ ਤੋਂ ਬਾਅਦ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਜੰਗ ਬਹਾਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਕੋਲੋਂ .32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ। ਉਸ ਦਾ ਦੂਜਾ ਸਾਥੀ ਪਰਮਿੰਦਰ ਸਿੰਘ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ 20 ਜੂਨ ਅਤੇ 21 ਜੂਨ ਦੀ ਦਰਮਿਆਨੀ ਰਾਤ ਸਮੇਂ ਪਿੰਡ ਕੈਲੋਂ ਵਿੱਚ ਅਚਾਨਕ ਬਿਜਲੀ ਗੁੱਲ ਹੋਣ ’ਤੇ ਪਿੰਡ ਵਾਸੀ ਟਰਾਂਸਫ਼ਾਰਮਰ ਕੋਲ ਇਕੱਠੇ ਹੋਣੇ ਸ਼ੁਰੂ ਹੋ ਗਏ। ਲਖਬੀਰ ਸਿੰਘ ਵੀ ਆਪਣੇ ਭਰਾਵਾਂ ਨਾਲ ਉੱਥੇ ਗਿਆ ਸੀ। ਇਸ ਦੌਰਾਨ ਉਸ ਦੀ ਜੰਗ ਬਹਾਦਰ ਸਿੰਘ ਅਤੇ ਉਸ ਦੇ ਸਾਥੀ ਪਰਮਿੰਦਰ ਸਿੰਘ ਨਾਲ ਮਾਮੂਲੀ ਬਹਿਸ ਹੋ ਗਈ ਅਤੇ ਗੱਲ ਗੋਲੀਬਾਰੀ ਤੱਕ ਪਹੁੰਚ ਗਈ।
ਜਿਵੇਂ ਹੀ ਸਤਨਾਮ ਸਿੰਘ ਅਤੇ ਹਰਵਿੰਦਰ ਸਿੰਘ ਨੇ ਲਖਬੀਰ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਜੰਗ ਬਹਾਦਰ ਨੇ ਪਹਿਲਾਂ ਲਖਬੀਰ ਸਿੰਘ ਵੱਲ ਗੋਲੀ ਚਲਾ ਦਿੱਤੀ। ਫਿਰ ਸਤਨਾਮ ਸਿੰਘ ਅਤੇ ਹਰਵਿੰਦਰ ਸਿੰਘ ’ਤੇ ਵੀ ਫਾਇਰ ਕੀਤਾ ਗਿਆ। ਜਿਸ ਕਾਰਨ ਇਹ ਤਿੰਨੇ ਭਰਾ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਸੋਹਾਣਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਦੋਂਕਿ ਜੰਗ ਬਹਾਦਰ ਅਤੇ ਪਰਮਿੰਦਰ ਸਿੰਘ ਮੌਕੇ ਤੋਂ ਫ਼ਰਾਰ ਹੋ ਗਏ ਸਨ।
ਡੀਐਸਪੀ ਬੱਲ ਨੇ ਦੱਸਿਆ ਕਿ ਇਸ ਸਬੰਧੀ ਜ਼ਖ਼ਮੀ ਹਰਵਿੰਦਰ ਸਿੰਘ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਜੰਗ ਬਹਾਦਰ ਅਤੇ ਪਰਮਿੰਦਰ ਸਿੰਘ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਧਾਰਾ 341,323,307,506,34 ਅਤੇ ਅਸਲਾ ਐਕਟ ਤਹਿਤ ਪਰਚਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ। ਅੱਜ ਸੋਹਾਣਾ ਥਾਣਾ ਦੇ ਐਸਐਚਓ ਜਸਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਪੁਲੀਸ ਵੱਲੋਂ ਸੈਕਟਰ-79 ਸਥਿਤ ਹਾਊਸਫੈੱਡ ਕੰਪਲੈਕਸ ਨੇੜੇ ਲੱਗਦੀ ਮੰਡੀ ਨੇੜੇ ਟਰੈਫ਼ਿਕ ਲਾਈਟ ਪੁਆਇੰਟ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲੀਸ ਨੇ ਇੱਕ ਮੁਲਜ਼ਮ ਜੰਗ ਬਹਾਦਰ ਨੂੰ ਕਾਬੂ ਕਰ ਲਿਆ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ .32 ਬੋਰ ਦਾ ਪਿਸਤੌਲ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਉਸ ਦੇ ਫ਼ਰਾਰ ਸਾਥੀ ਦੇ ਟਿਕਾਣੇ ਬਾਰੇ ਪਤਾ ਕੀਤਾ ਜਾ ਰਿਹਾ ਹੈ। ਉਸ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…