ਰੁਜ਼ਗਾਰ ਦੀ ਥਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੀ ਭੱਠੀ ਵਿੱਚ ਝੋਕਣ ਦੇ ਰਾਹ ਪਈ ਸਰਕਾਰ: ਬੈਦਵਾਨ

ਕਿੱਤਾ-ਮੁਖੀ ਕੋਰਸ ਬੰਦ ਕਰਨ ਦਾ ਨਾਦਰਸ਼ਾਹੀ ਹੁਕਮ ਬਰਦਾਸ਼ਤ ਨਹੀਂ ਕਰਾਂਗੇ: ਪੁਰਖਾਲਵੀ

ਨਬਜ਼-ਏ-ਪੰਜਾਬ, ਮੁਹਾਲੀ, 22 ਜੂਨ:
ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਬੈਦਵਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇੱਕ ਪਾਸੇ ਪੰਜਾਬ ਦੀ ‘ਆਪ’ ਸਰਕਾਰ 45 ਹਜ਼ਾਰ ਨੌਕਰੀਆਂ ਦੇਣ ਦਾ ਦਾਅਵਾ ਕਰ ਰਹੀ ਹੈ, ਦੂਜੇ ਪਾਸੇ ਨੌਜਵਾਨਾਂ ਹੱਥੋਂ ਰੁਜ਼ਗਾਰ ਖੋਹ ਕੇ ਗਰੀਬਾਂ ਦੇ ਚੁੱਲ੍ਹਿਆਂ ਦੀ ਅੱਗ ਨੂੰ ਠੰਢਾ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਡੂੰਘੀ ਸੱਟ ਵੱਜਣੀ ਸੁਭਾਵਿਕ ਹੈ ਕਿਉਂਕਿ ਸਵੈ-ਰੁਜ਼ਗਾਰ ਅਰਥਚਾਰੇ ਲਈ ਰੀੜ੍ਹ ਦੀ ਹੱਡੀ ਦਾ ਕੰਮ ਕਰਦਾ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਸ਼ਮਸ਼ੇਰ ਸਿੰਘ ਪੁਰਖਾਲਵੀ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਵਿਸ਼ਵ ਪੱਧਰੀ ਦਿੱਲੀ ਮਾਡਲ ਦੀ ਤਰਜ਼ ’ਤੇ ਪੰਜਾਬ ਦੀ ਸੱਤਾ ਉੱਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਹਜ਼ਾਰਾਂ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਕੇ ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਰਹੀ ਹੈ, ਜਿਸ ਦਾ ਖੁਲਾਸਾ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਇੱਕ ਪੱਤਰ ਵਿੱਚ ਹੋਇਆ ਹੈ। ਜਿਸ ਵਿੱਚ ਅਗਾਮੀ ਦਾਖ਼ਲਾ ਸੈਸ਼ਨ 2024-25 ਲਈ ਅਨੇਕਾਂ ਕਿੱਤਾ-ਮੁਖੀ ਕੋਰਸਾਂ ਨੂੰ ਬੰਦ ਕਰਨ ਦਾ ਨਾਦਰਸ਼ਾਹੀ ਹੁਕਮ ਜਾਰੀ ਕੀਤਾ ਗਿਆ ਹੈ।
ਅਕਾਲੀ ਆਗੂ ਸ੍ਰੀ ਪੁਰਖਾਲਵੀ ਨੇ ਦੱਸਿਆ ਕਿ ਪੰਜਾਬ ਦੀਆਂ ਕਰੀਬ 150 ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈਟੀਆਈਜ) ਵਿੱਚ ਵੱਖ-ਵੱਖ ਸਕੀਮਾਂ ਅਧੀਨ ਚਲਾਏ ਜਾ ਰਹੇ ਵੱਖ-ਵੱਖ ਕੋਰਸਾਂ ਵਿੱਚ 35 ਤੋਂ 40 ਹਜ਼ਾਰ ਸਿੱਖਿਆਰਥੀ ਕਿੱਤਾ ਮੁਖੀ ਕੋਰਸਾਂ ਵਿੱਚ ਟਰੇਨਿੰਗ ਲੈਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਤੱਤਕਾਲੀ ਹਕੂਮਤਾਂ ਵੱਲੋਂ ਸਿੱਖਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਮਿਆਰੀ ਟਰੇਨਿੰਗ ਦਿਵਾਉਣ ਲਈ ਯਤਨ ਕੀਤੇ ਜਾਂਦੇ ਰਹੇ ਹਨ। ਵਿਭਾਗ ਵਿੱਚ ਪਹਿਲਾਂ ਤੋਂ ਹੀ ਪੀਪੀਪੀ, ਐਨਸੀਵੀਟੀ, ਡੀਐਸਟੀ ਅਤੇ ਨਿਊ ਵੋਕੇਸ਼ਨਲ ਟਰੇਨਿੰਗ ਫਾਰ ਐਸਸੀ ਸਟੂਡੈਂਟਸ ਲਈ ਚੱਲ ਰਹੀਆਂ ਸਕੀਮਾਂ ਅਧੀਨ ਹਜ਼ਾਰਾਂ ਸਿੱਖਿਆਰਥੀ ਵੈਲਡਰ, ਕਾਰਪੈਂਟਰ, ਡਰਾਫ਼ਟਸਮੈਨ, ਕੰਪਿਊਟਰ, ਟਰਨਰ, ਮਸ਼ੀਨਿਸ਼ਟ, ਸਿਲਾਈ-ਕਢਾਈ, ਬਿਊਟੀ ਪਾਰਲਰ, ਸਟੈਨੋ, ਫਿਟਰ, ਟਰੈਕਟਰ ਮਕੈਨਿਕ, ਮੋਟਰ ਮਕੈਨਿਕ, ਪਲੰਬਰ ਅਤੇ ਪੇਂਟਰ ਆਦਿ ਜਿਹੀਆਂ ਲਾਹੇਵੰਦ ਟਰੇਡਾਂ ਵਿੱਚ ਮੁਹਾਰਤ ਹਾਸਲ ਕਰਕੇ ਸਰਕਾਰੀ ਅਤੇ ਪ੍ਰਾਈਵੇਟ ਨੌਕਰੀ ਦੇ ਨਾਲ-ਨਾਲ ਆਪਣਾ ਸਵੈ-ਰੁਜ਼ਗਾਰ ਚਲਾਉਣ ਦੇ ਸਮਰੱਥ ਬਣਦੇ ਆ ਰਹੇ ਹਨ।
ਜਿਨ੍ਹਾਂ ਵਿੱਚ ਵਿਭਾਗ ਦੇ ਤਤਕਾਲੀ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਵਿਆਪਕ ਸੁਧਾਰ ਕੀਤੇ ਗਏ ਸਨ ਪ੍ਰੰਤੂ ਮੌਜੂਦਾ ਹਕੂਮਤ ਨੇ ਕਈ ਲਾਹੇਵੰਦ ਕੋਰਸ ਬੰਦ ਕਰਨ ਦੇ ਨਾਦਰਸ਼ਾਹੀ ਹੁਕਮ ਜਾਰੀ ਕਰਕੇ ਜਿੱਥੇ ਅਨੇਕਾਂ ਇੰਸਟਰਕਟਰਾਂ ਨੂੰ ਬੇਰੁਜ਼ਗਾਰੀ ਦੇ ਰਾਹ ਤੋਰਿਆ ਹੈ, ਉੱਥੇ ਹਜ਼ਾਰਾਂ ਸਿੱਖਿਆਰਥੀਆਂ ਦੇ ਭਵਿੱਖ ਨੂੰ ਤਬਾਹ ਕਰਕੇ ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਦਾ ਕੋਝਾ ਯਤਨ ਕੀਤਾ ਹੈ। ਹਕੂਮਤ ਦੇ ਇਸ ਲੋਕ ਵਿਰੋਧੀ ਕਾਰੇ ਦਾ ਸ਼੍ਰੋਮਣੀ ਅਕਾਲੀ ਦਲ ਸਖ਼ਤ ਵਿਰੋਧ ਕਰਦਾ ਹੈ।
ਸ੍ਰੀ ਪੁਰਖਾਲਵੀ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਰਾਜ ਵਿੱਚ ਵਿਆਪਕ ਪੱਧਰ ਤੇ ਫੈਲੇ ਨਸ਼ਿਆਂ ਦੇ ਤੰਦੂਆ ਜਾਲ ਨੂੰ ਤੋੜਨ ਲਈ ਵਿਉਂਤਬੰਦੀ ਕਰਨ ਦਾ ਪ੍ਰਪੰਚ ਰਚ ਰਹੀ ਹੈ ਜਦਕਿ ਅੰਦਰਖਾਤੇ ਜਵਾਨੀ ਨੂੰ ਵਿਹਲੀ ਕਰਕੇ ਲੁਕਵੇਂ ਢੰਗ ਨਾਲ ਉਨ੍ਹਾਂ ਨੂੰ ਨਸ਼ਿਆਂ ਵੱਲ ਧੱਕਣ ਲਈ ਯਤਨਸ਼ੀਲ ਹੈ, ਜਿਹੜਾ ਕਿ ਪੰਜਾਬ ਦੇ ਭਵਿੱਖ ਲਈ ਤਬਾਹਕੁਨ ਸਾਬਤ ਹੋਵੇਗਾ। ਸ੍ਰੀ ਪੁਰਖਾਲਵੀ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਵੱਖ-ਵੱਖ ਕੋਰਸਾਂ ਨੂੰ ਬੰਦ ਕਰਨ ਸੰਬੰਧੀ ਜਾਰੀ ਕੀਤੇ ਗਏ ਵਿਭਾਗੀ ਪੱਤਰ ਤੁਰੰਤ ਵਾਪਸ ਲੈਕੇ ਇਸ ਵਿੱਚ ਪੁਰਾਣੇ ਕੋਰਸਾਂ ਦੇ ਨਾਲ-ਨਾਲ ਸਮੇਂ ਦੇ ਹਾਣੀ ਨਵੇਂ ਕੋਰਸ ਚਲਾਉਣ ਲਈ ਚਾਰਾਜੋਈ ਕੀਤੀ ਜਾਵੇ ਕਿਉਂਕਿ ਨੌਜਵਾਨੀ ਦੇਸ਼ ਦਾ ਵਡਮੁੱਲਾ ਤੇ ਅਹਿਮ ਸਰਮਾਇਆ ਹੈ ਜਿਹੜਾ ਤੁਹਾਡੇ ਸੁਪਨਿਆਂ ਦੇ ਰੰਗਲੇ ਪੰਜਾਬ ਦੀ ਸਿਰਜਣਾ ਲਈ ਸਹਾਇਕ ਹੋਣ ਦੀ ਸਮਰੱਥਾ ਰੱਖਦਾ ਹੈ। ਸ਼੍ਰੀ ਪੁਰਖਾਲਵੀ ਨੇ ਅੰਤ ਵਿੱਚ ਵਿਭਾਗ ਵਿੱਚ ਫੈਲੇ ਕਥਿਤ ਭ੍ਰਿਸ਼ਟਾਚਾਰ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਦੀ ਵੀ ਮੰਗ ਕੀਤੀ। ਇਸ ਮੌਕੇ ਸੀਨੀਅਰ ਅਕਾਲੀ ਆਗੂ ਤਰਸੇਮ ਸਿੰਘ ਗੰਧੋਂ, ਜ਼ਿਲ੍ਹਾ ਆਗੂ ਡਾ. ਹਰਪ੍ਰੀਤ ਸਿੰਘ ਮੌਜਪੁਰ, ਸੋਹਣ ਸਿੰਘ ਜੁਝਾਰ ਨਗਰ ਅਤੇ ਪੰਚ ਜਰਨੈਲ ਸਿੰਘ ਬਲੌਂਗੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ

ਵੈਟਰਨਰੀ ਡਾਕਟਰਾਂ ਨੇ ਓਪੀਡੀ ਸੇਵਾਵਾਂ ਠੱਪ ਕਰਕੇ ਪੰਜਾਬ ਭਰ ’ਚ ਕੀਤੇ ਰੋਸ ਮੁਜ਼ਾਹਰੇ ਸਰਕਾਰ ’ਤੇ ਵਾਰ-ਵਾਰ ਮ…