ਕੂੜਾ ਪ੍ਰਬੰਧਨ: ਡਿਪਟੀ ਮੇਅਰ ਦੀ ਅਗਵਾਈ ਹੇਠ ਅਫ਼ਸਰਸ਼ਾਹੀ ਦਾ ਪੁਤਲਾ ਸਾੜਿਆ, ਭੁੱਖ ਹੜਤਾਲ ਸ਼ੁਰੂ ਕਰਨ ਦੀ ਚਿਤਾਵਨੀ

ਸ਼ਹਿਰ ਵਾਸੀਆਂ, ਇਨਸਾਫ਼ ਪਸੰਦ ਲੋਕਾਂ ਤੇ ਸਿਆਸੀ ਆਗੂਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤੀ ਸ਼ਮੂਲੀਅਤ

ਨਬਜ਼-ਏ-ਪੰਜਾਬ, ਮੁਹਾਲੀ, 26 ਜੂਨ:
ਮੁਹਾਲੀ ਵਿੱਚ ਸਫ਼ਾਈ ਵਿਵਸਥਾ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਕੂੜਾ ਪ੍ਰਬੰਧ ਨੂੰ ਲੈ ਕੇ ਲੋਕ ਸੜਕਾਂ ’ਤੇ ਉਤਰ ਆਏ ਹਨ। ਅੱਜ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਸਥਾਨਕ ਫੇਜ਼-3\5 ਟਰੈਫ਼ਿਕ ਲਾਈਟ ਪੁਆਇੰਟ ’ਤੇ ਮੁਹਾਲੀ ਪ੍ਰਸ਼ਾਸਨ\ਅਫ਼ਸਰਸ਼ਾਹੀ ਦਾ ਪੁਤਲਾ ਸਾੜ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਸ਼ਹਿਰ ਵਾਸੀਆਂ, ਇਨਸਾਫ਼ ਪਸੰਦ ਲੋਕਾਂ ਅਤੇ ਵੱਖ-ਵੱਖ ਸਿਆਸੀ ਆਗੂਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਮੂਲੀਅਤ ਕੀਤੀ। ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਮੁਹਾਲੀ ਪ੍ਰਸ਼ਾਸਨ ਹੁਣ ਵੀ ਗੂੜ੍ਹੀ ਨੀਂਦ ਨਾ ਜਾਗਿਆ ਤਾਂ ਉਹ ਭੁੱਖ ਹੜਤਾਲ ਸ਼ੁਰੂ ਕਰਨਗੇ। ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਉਹ ਸ਼ਹਿਰ ਦੇ ਭਲੇ ਲਈ ਇੱਕ ਮੰਚ ’ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਬਿਨਾਂ ਪਿੱਟਿਆ ਕੋਈ ਅਧਿਕਾਰੀ ਗੱਲ ਨਹੀਂ ਸੁਣਦਾ।
ਇਸ ਮੌਕੇ ਬੋਲਦਿਆਂ ਕੁਲਜੀਤ ਬੇਦੀ ਨੇ ਕਿਹਾ ਕਿ ਸ਼ਹਿਰ ਵਿੱਚ ਕੂੜਾ ਪ੍ਰਬੰਧਨ ਮਾਮਲੇ ਵਿੱਚ ਅਫ਼ਸਰਸ਼ਾਹੀ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਡੰਪਿੰਗ ਗਰਾਉਂਡ ਵਿੱਚ ਸੁੱਟਣ ’ਤੇ ਪਾਬੰਦੀ ਲਗਾਉਣ ਨਾਲ ਪ੍ਰਮੁੱਖ ਸੜਕਾਂ ਕਿਨਾਰੇ ਕੂੜੇ ਦੇ ਢੇਰ ਲੱਗ ਗਏ ਹਨ ਜਦੋਂਕਿ ਕਾਫ਼ੀ ਥਾਵਾਂ ’ਤੇ ਕੂੜੇ ਨਾਲ ਭਰੀਆਂ ਟਰਾਲੀਆਂ ਖੜੀਆਂ ਹਨ ਅਤੇ ਸਾਰੇ ਆਰਐਮਸੀ ਸੈਂਟਰਾਂ ਦੇ ਬਾਹਰ ਤੱਕ ਕੂੜਾ ਖਿੱਲਰਿਆ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਹੱਲ ਲਈ ਉਹ ਮੁੱਖ ਮੰਤਰੀ ਸਮੇਤ ਡੀਸੀ ਅਤੇ ਗਮਾਡਾ ਦੇ ਅਧਿਕਾਰੀਆਂ ਨੂੰ ਵੀ ਪੱਤਰ ਲਿਖ ਚੁੱਕੇ ਪਰ ਜਦੋਂ ਕੋਈ ਕਾਰਵਾਈ ਨਾ ਹੋਈ ਤਾਂ ਉਨ੍ਹਾਂ ਨੂੰ ਮਜਬੂਰ ਹੋ ਕੇ ਸੰਘਰਸ਼ ਦਾ ਰਾਹ ਅਪਣਾਉਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਭੁੱਖ-ਹੜਤਾਲ ਸ਼ੁਰੂ ਕਰਨਗੇ ਅਤੇ ਲੋੜ ਪੈਣ ’ਤੇ ਅਦਾਲਤ ਦਾ ਬੂਹਾ ਖੜਕਾਇਆ ਜਾਵੇਗਾ।
ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਜਦੋਂ ਸਾਰੇ ਰਾਹ ਮੁੱਕ ਜਾਣ ਤਾਂ ਫਿਰ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਹੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਫ਼ਸਰਸ਼ਾਹੀ ਨੂੰ ਕੁੰਭਕਰਨੀ ਨੀਂਦ ਤਿਆਗ ਕੇ ਇਸ ਮਸਲੇ ਦਾ ਫੌਰੀ ਹੱਲ ਕਰਨਾ ਚਾਹੀਦਾ ਹੈ। ਕੌਂਸਲਰ ਪ੍ਰਮੋਦ ਮਿੱਤਰਾ ਨੇ ਕਿਹਾ ਕਿ ਅਧਿਕਾਰੀਆਂ ਨੇ ਸ਼ਹਿਰ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਥਾਂ-ਥਾਂ ਕੂੜੇ ਦੇ ਢੇਰ ਲੱਗਣ ਨਾਲ ਪ੍ਰਦੂਸ਼ਣ ਫੈਲ ਰਿਹਾ ਹੈ। ਰਾਮਗੜ੍ਹੀਆ ਸਭਾ ਮੁਹਾਲੀ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਆਗੂ ਕਰਮ ਸਿੰਘ ਬਬਰਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਕੂੜੇ ਦੇ ਪ੍ਰਬੰਧ ਵਿੱਚ ਨਾਕਾਮ ਰਹਿਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਐਮਪੀਸੀਏ ਦੇ ਪ੍ਰਧਾਨ ਹਰਜਿੰਦਰ ਸਿੰਘ ਧਵਨ, ਸਾਬਕਾ ਕੌਂਸਲਰ ਮਨਮੋਹਨ ਸਿੰਘ ਲੰਗ, ਗੁਰਮੀਤ ਸਿੰਘ, ਗੁਰਦੇਵ ਸਿੰਘ ਚੌਹਾਨ, ਜਤਿੰਦਰ ਕੌਰ, ਸੀਮਾ ਸਿੰਗਲਾ, ਆਰਪੀ ਵਿੱਜ, ਪਿੰਕੀ ਅੌਲਖ, ਸੁਰਿੰਦਰ ਧਾਲੀਵਾਲ, ਜਗਜੀਤ ਕੌਰ, ਰਾਜਵਿੰਦਰ ਕੌਰ ਗਿੱਲ, ਕਮਲਜੀਤ ਕੌਰ, ਕੁਲਦੀਪ ਕੌਰ, ਦਪਿੰਦਰ ਸਿੰਘ, ਜਤਿੰਦਰ ਸਿੰਘ ਭੱਟੀ, ਸੁਖਬੀਰ ਸਿੰਘ, ਅਮਨਦੀਪ ਗੁਲਾਟੀ, ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ, ਰਣਜੋਤ ਸਿੰਘ, ਨਰਿੰਦਰ ਸਿੰਘ, ਜਸਵਿੰਦਰ ਸਿੰਘ, ਕਰਮਵੀਰ ਗਿੱਲ, ਆਰਐਸ ਅੌਲਖ, ਨਾਹਰ ਸਿੰਘ ਧਾਲੀਵਾਲ, ਕਮਲਪ੍ਰੀਤ ਸਿੰਘ ਬੈਨੀਪਾਲ, ਤਨਵੀਰ ਸਿੰਘ ਅਤੇ ਬਲਵਿੰਦਰ ਬੰਸਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ ਨਬਜ਼-ਏ-ਪੰਜਾਬ, ਮੁਹਾਲੀ, 5 ਅਕ…