ਮਜ਼ਦੂਰਾਂ ਦੀਆਂ ਦੁੱਖ-ਤਕਲੀਫ਼ਾਂ ਦਾ ਫੌਰੀ ਹੱਲ ਕਰੇ ਸਰਕਾਰ: ਸਤਵੀਰ ਧਨੋਆ

ਮਜ਼ਦੂਰਾਂ ਲਈ ਪੱਕੇ ਲੇਬਰ ਚੌਂਕ, ਪੱਕੇ ਸ਼ੈੱਡ, ਬਾਥਰੂਮ, ਸ਼ੁੱਧ ਪਾਣੀ ਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ

ਨਬਜ਼-ਏ-ਪੰਜਾਬ, ਮੁਹਾਲੀ, 4 ਜੁਲਾਈ:
ਮੁਹਾਲੀ ਵਿੱਚ ਮਜ਼ਦੂਰਾਂ ਲਈ ਪੱਕੇ ਚੌਕ, ਸ਼ੈੱਡ, ਪਬਲਿਕ ਪਖਾਨੇ ਅਤੇ ਬਿਜਲੀ-ਪਾਣੀ ਦੀ ਸੁਵਿਧਾ ਨਾ ਹੋਣ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ ਦਿਹਾੜੀ ਲਈ ਸ਼ਹਿਰ ਆਉਂਦੇ ਹਨ। ਪੰਜਾਬੀ ਵਿਰਸਾ ਸਭਿਆਚਾਰਕ ਅਤੇ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਫ਼ੌਰੀ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰੋਜ਼ਾਨਾ ਸਵੇਰੇ ਆਰਜ਼ੀ ਲੇਬਰ ਚੌਕਾਂ ’ਤੇ ਮਜ਼ਦੂਰ ਕੰਮ ਦੀ ਭਾਲ ਵਿੱਚ ਆਉਂਦੇ ਹਨ। ਜਿਨ੍ਹਾਂ ’ਚੋਂ ਕਈਆਂ ਨੂੰ ਦਿਹਾੜੀ ਨਾ ਮਿਲਣ ਕਾਰਨ ਉਹ ਸਾਰਾ-ਸਾਰਾ ਦਿਨ ਸੜਕਾਂ ਕਿਨਾਰੇ ਖੜੇ ਰਹਿੰਦੇ ਹਨ ਅਤੇ ਸ਼ਾਮ ਨੂੰ ਖਾਲੀ ਹੱਥ ਨਿਰਾਸ਼ ਹੋ ਕੇ ਘਰਾਂ ਨੂੰ ਪਰਤਦੇ ਹਨ।
ਸਾਬਕਾ ਕੌਂਸਲਰ ਸਤਵੀਰ ਧਨੋਆ ਨੇ ਕਿਹਾ ਕਿ ਮਜ਼ਦੂਰਾਂ ਨੂੰ ਕੰਮ ਦੀ ਭਾਲ ਅਤੇ ਗਰੀਬੀ ਕਾਰਨ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀਆਂ ਤਕਲੀਫ਼ਾਂ ਵੱਲ ਧਿਆਨ ਨਹੀਂ ਦਿੱਤਾ। ਸ਼ਹਿਰ ਵਿੱਚ ਕਰੀਬ ਪੰਜ ਥਾਵਾਂ ’ਤੇ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ ਰੋਜ਼ਾਨਾ ਰੁਜ਼ਗਾਰ ਲਈ ਆਉਂਦੇ ਹਨ। ਧਨੋਆ ਨੇ ਅੱਜ ਵੱਖ-ਵੱਖ ਲੇਬਰ ਚੌਕਾਂ ਦਾ ਦੌਰਾ ਕਰਕੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਪ੍ਰੰਤੂ ਮਜ਼ਦੂਰਾਂ ਨੂੰ ਗਰਮੀ, ਸਰਦੀ ਵਿੱਚ ਲੇਬਰ ਚੌਕਾਂ ’ਤੇ ਖੜਨ-ਬੈਠਣ ਲਈ ਕੋਈ ਪੱਕੀ ਥਾਂ ਨਹੀਂ ਹੈ ਅਤੇ ਰੁੱਖ ਹੀ ਉਨ੍ਹਾਂ ਦਾ ਆਰਜ਼ੀ ਸਹਾਰਾ ਹਨ।
ਧਨੋਆ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਜ਼ਦੂਰ ਸਖ਼ਤ ਮਿਹਨਤ ਕਰਕੇ ਅਰਥਚਾਰੇ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ ਪਰ ਇਸਦੇ ਬਾਵਜੂਦ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਨਹੀਂ ਦਿੱਤਾ ਜਾਂਦਾ ਜੋ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮਜ਼ਦੂਰਾਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ ਪ੍ਰੰਤੂ ਸਮੇਂ ਦੀਆਂ ਸਰਕਾਰਾਂ ਨੇ ਮਜ਼ਦੂਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੋਈ ਨੀਤੀ ਨਹੀਂ ਘੜੀ।

Load More Related Articles
Load More By Nabaz-e-Punjab
Load More In General News

Check Also

ਵੱਡੀ ਲਾਪਰਵਾਹੀ: ਪੰਚਾਇਣ ਚੋਣਾਂ ਸਬੰਧੀ ਅਸਲਾ ਜਮ੍ਹਾ ਕਰਵਾਉਣਾ ਭੁੱਲੀ ਸਰਕਾਰ

ਵੱਡੀ ਲਾਪਰਵਾਹੀ: ਪੰਚਾਇਣ ਚੋਣਾਂ ਸਬੰਧੀ ਅਸਲਾ ਜਮ੍ਹਾ ਕਰਵਾਉਣਾ ਭੁੱਲੀ ਸਰਕਾਰ ਪਿੰਡ ਮਨੌਲੀ ਦੇ ਜਤਿੰਦਰ ਸਿੰਘ…