ਪੰਜਾਬ ਬੋਰਡ ਮੈਨੇਜਮੈਂਟ ਵੱਲੋਂ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਨੂੰ ਮੁਅੱਤਲ ਕਰਨ ਦਾ ਮਾਮਲਾ ਭਖਿਆ

ਬੋਰਡ ਮੁਖੀ ਨੂੰ ਤਾਜ਼ਾ ਫ਼ੈਸਲੇ ’ਤੇ ਪੁਨਰਵਿਚਾਰ ਕਰਨ ਦੀ ਗੁਹਾਰ, ਹਾਲਾਤ ਨਾ ਸੁਧਰੇ ਤਾਂ ਸੰਘਰਸ਼ ਵਿੱਢਾਂਗੇ: ਖੰਗੂੜਾ

ਨਬਜ਼-ਏ-ਪੰਜਾਬ, ਮੁਹਾਲੀ, 6 ਜੁਲਾਈ:
ਪੰਜਾਬ ਸਕੂਲ ਸਿੱਖਿਆ ਬੋਰਡ ਮੈਨੇਜਮੈਂਟ ਵੱਲੋਂ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਸਮੇਤ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਅੱਜ ਮੁਹਾਲੀ ਪ੍ਰੈੱਸ ਕਲੱਬ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਪਰਵਿੰਦਰ ਸਿੰਘ ਖੰਗੂੜਾ ਅਤੇ ਹੋਰਨਾਂ ਆਗੂਆਂ ਨੇ ਸਾਜ਼ਿਸ਼ ਤਹਿਤ ਮੁਅੱਤਲ ਕਰਨ ਦਾ ਦੋਸ਼ ਲਾਇਆ ਹੈ। ਖੰਗੂੜਾ ਨੇ ਕਿਹਾ ਕਿ ਉਹ ਲਗਾਤਾਰ ਬੋਰਡ ਮੈਨੇਜਮੈਂਟ ਦੇ ਕਥਿਤ ਘਪਲਿਆਂ ਵਿਰੁੱਧ ਆਵਾਜ਼ ਬੁਲੰਦ ਕਰਦੇ ਆ ਰਹੇ ਹਨ ਅਤੇ ਜਾਂਚ ਅਧਿਕਾਰੀ ਸੰਯੁਕਤ ਸਕੱਤਰ ਜੇਆਰ ਮਹਿਰੋਕ ਨਾਲ ਵੀ ਉਨ੍ਹਾਂ ਦਾ ਸਿੱਧਾ ਪੇਚਾ ਹੈ। ਜਿਸ ਕਾਰਨ ਉਨ੍ਹਾਂ ਵਿਰੁੱਧ ਖੁੰਦਕ ਵਿੱਚ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੇ ਜਾਂਚ ਨੂੰ ਤੱਥਾਂ ਤੋਂ ਪਰ੍ਹੇ ਦੱਸਦਿਆਂ ਕਿਹਾ ਕਿ ਬੋਰਡ ਮੈਨੇਜਮੈਂਟ ਨੇ ਉਨ੍ਹਾਂ ਦੇ ਅਕਸ ਨੂੰ ਢਾਹ ਲਾਈ ਹੈ ਅਤੇ ਉਸ ਨੂੰ ਸੱਚ ਬੋਲਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਬੋਰਡ ਮੁਖੀ ਨੂੰ ਅਪੀਲ ਕੀਤੀ ਕਿ ਤਾਜ਼ਾ ਫ਼ੈਸਲੇ ’ਤੇ ਪੁਨਰਵਿਚਾਰ ਕੀਤਾ ਜਾਵੇ ਅਤੇ ਮੁਅੱਤਲੀ ਦੇ ਤਾਜ਼ਾ ਹੁਕਮ ਤੁਰੰਤ ਵਾਪਸ ਲਏ ਜਾਣ।
ਸ੍ਰੀ ਖੰਗੂੜਾ ਨੇ ਕਿਹਾ ਕਿ ਜਿਨ੍ਹਾਂ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ, ਉਹ ਮੁਹਾਲੀ ਨਾਲ ਸਬੰਧਤ ਹਨ ਜਦੋਂਕਿ ਉਨ੍ਹਾਂ ਕੋਲ ਸੰਗਰੂਰ ਅਤੇ ਤਰਨ ਤਾਰਨ ਦਾ ਚਾਰਜ ਹੈ। ਇਹ ਕੇਸ ਪਿਛਲੇ ਸਾਲ ਵੈਰੀਫਿਕੇਸ਼ਨ ਸ਼ਾਖ਼ਾ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਸਿੰਗਲ ਵਿੰਡੋ ਤੋਂ ਹੀ ਕਿਸੇ ਵੱਲੋਂ ਤਸਦੀਕ ਕਰਕੇ ਪੰਜਾਬ ਫਾਰਮੇਸੀ ਕੌਂਸਲ ਨੂੰ ਭੇਜੀ ਗਈ ਸੀ। ਉਨ੍ਹਾਂ ਦੱਸਿਆ ਕਿ ਵੈਰੀਫਿਕੇਸ਼ਨ ਦੀ ਤਸਦੀਕ ਦਾ ਪ੍ਰੋਫਾਰਮਾ ਸੀਨੀਅਰ ਸਹਾਇਕ ਦੀ ਕਸਟੱਡੀ ਵਿੱਚ ਨਹੀਂ ਹੁੰਦਾ ਸਗੋਂ ਇਹ ਬਰਾਂਚ ਵਿੱਚ ਆਮ ਉਪਲਬਧ ਹੁੰਦਾ ਹੈ। ਉਹ ਪਿਛਲੇ 5 ਸਾਲ ਤੋਂ ਵੈਰੀਫਿਕੇਸ਼ਨ ਸ਼ਾਖਾ ਵਿੱਚ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨਾਲ ਸ਼ੁਰੂ ਤੋਂ ਹੀ ਕੋਈ ਰੈਗੂਲਰ ਕਲਰਕ ਨਹੀਂ ਹੈ ਬਲਕਿ ਡੇਲੀਵੇਜ ਵਰਕਰ ਨਾਲ ਕੰਮ ਚਲਾਉਣਾ ਪੈਂਦਾ ਹੈ।
ਖੰਗੂੜਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਵੈਰੀਫਿਕੇਸ਼ਨ ਦਾ ਮਾਮਲਾ ਜੁਲਾਈ 2023 ਦਾ ਹੈ ਜਦੋਂਕਿ ਉਨ੍ਹਾਂ ਨੇ 10 ਹਜ਼ਾਰ ਰੁਪਏ ਜੂਨ 2024 ਨੂੰ ਆਪਣੇ ਘਰੇਲੂ ਕੰਮ ਲਈ ਹੈਲਪਰ ਰਣਜੀਤ ਸਿੰਘ ਰਾਹੀਂ ਦਫ਼ਤਰ ਦੇ ਮੁੱਖ ਗੇਟ ਤੋਂ ਮੰਗਵਾਏ ਸੀ। ਜਿਸ ਨੂੰ ਜਾਣਬੁੱਝ ਕੇ ਸਾਲ ਬਾਅਦ ਇਸ ਕੇਸ ਨਾਲ ਜੋੜਿਆ ਗਿਆ ਹੈ। ਉਨ੍ਹਾਂ ਇਸ ਮਾਮਲੇ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਾਰਵਾਈ ਜਾਵੇ। ਜੇਕਰ ਬੋਰਡ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਪੰਜਾਬ ਦੀਆਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਪਰਮਜੀਤ ਸਿੰਘ ਬੈਨੀਪਾਲ, ਗੁਰਚਰਨ ਸਿੰਘ ਤਰਮਾਲਾ, ਹਰਮਨਦੀਪ ਬੋਪਾਰਾਏ, ਸੀਮਾ ਸੂਦ, ਮਲਕੀਤ ਸਿੰਘ, ਗੁਰਜੀਤ ਸਿੰਘ, ਲਖਵਿੰਦਰ ਸਿੰਘ ਘੜੂੰਆਂ, ਮਨਜਿੰਦਰ ਸਿੰਘ ਹੁਲਕਾ, ਜਸਪਾਲ ਸਿੰਘ ਹਾਜ਼ਰ ਸਨ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਸਿੱਖਿਆ ਬੋਰਡ ਦੇ ਸੰਯੁਕਤ ਸਕੱਤਰ ਤੇ ਜਾਂਚ ਅਧਿਕਾਰੀ ਜਨਕ ਰਾਜ ਮਹਿਰੋਕ ਨੇ ਕਿਹਾ ਕਿ ਬੋਰਡ ਮੈਨੇਜਮੈਂਟ ਵੱਲੋਂ ਉਨ੍ਹਾਂ ਨੂੰ ਉਕਤ ਮਾਮਲੇ ਦੀ ਜਾਂਚ ਦਾ ਕੰਮ ਸੌਂਪਿਆ ਸੀ। ਉਨ੍ਹਾਂ ਨੇ ਵੱਖਵੱਖ ਪਹਿਲੂਆਂ ’ਤੇ ਪੜਤਾਲ ਕਰਕੇ ਆਪਣੀ ਰਿਪੋਰਟ ਬੋਰਡ ਮੁਖੀ ਨੂੰ ਸੌਂਪ ਦਿੱਤੀ ਸੀ। ਇਸ ਤੋਂ ਬਾਅਦ ਅਥਾਰਟੀ ਕੋਲ ਹੋਰ ਕਿਹੜੇ ਤੱਥ ਸਾਹਮਣੇ ਆਏ। ਇਸ ਬਾਰੇ ਉਨ੍ਹਾਂ ਨੂੰ ਲਿਖਤੀ ਜਾਂ ਜ਼ੁਬਾਨੀ ਕੁੱਝ ਨਹੀਂ ਪੁੱਛਿਆ ਗਿਆ। ਬੋਰਡ ਨੇ ਮੁਅੱਤਲੀ ਦਾ ਫ਼ੈਸਲਾ ਆਪਣੇ ਪੱਧਰ ’ਤੇ ਕੀਤਾ ਹੈ। ਸਕੱਤਰ ਅਵਿਕੇਸ਼ ਗੁਪਤਾ ਨੇ ਫੋਨ ਨਹੀਂ ਚੁੱਕਿਆ।

Load More Related Articles
Load More By Nabaz-e-Punjab
Load More In General News

Check Also

ਵੱਡੀ ਲਾਪਰਵਾਹੀ: ਪੰਚਾਇਣ ਚੋਣਾਂ ਸਬੰਧੀ ਅਸਲਾ ਜਮ੍ਹਾ ਕਰਵਾਉਣਾ ਭੁੱਲੀ ਸਰਕਾਰ

ਵੱਡੀ ਲਾਪਰਵਾਹੀ: ਪੰਚਾਇਣ ਚੋਣਾਂ ਸਬੰਧੀ ਅਸਲਾ ਜਮ੍ਹਾ ਕਰਵਾਉਣਾ ਭੁੱਲੀ ਸਰਕਾਰ ਪਿੰਡ ਮਨੌਲੀ ਦੇ ਜਤਿੰਦਰ ਸਿੰਘ…