ਮੁਹਾਲੀ ਪੁਲੀਸ ਵੱਲੋਂ ਦੋ ਬਦਮਾਸ਼ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 16 ਜੁਲਾਈ:
ਮੁਹਾਲੀ ਅਤੇ ਆਸਪਾਸ ਇਲਾਕੇ ਵਿੱਚ ਗੰਨ ਪੁਆਇੰਟ ’ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਨੇ ਅੱਜ ਦੋ ਬਦਮਾਸ਼ਾਂ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਵਿੱਕੀ ਉਰਫ਼ ਕਾਲਾ ਵਾਸੀ ਫਿਰੋਜ਼ਪੁਰ ਅਤੇ ਧਰਮਿੰਦਰ ਵਾਸੀ ਫ਼ੌਜੀ ਕਲੋਨੀ ਕਪੂਰਥਲਾ ਵਜੋਂ ਹੋਈ ਹੈ। ਮੁਹਾਲੀ ਦੇ ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਇਸ ਸਮੇਂ ਦੋਵੇਂ ਮੁਲਜ਼ਮ ਜ਼ੀਰਕਪੁਰ ਦੇ ਖ਼ੁਸ਼ਹਾਲ ਐਨਕਲੇਵ ਵਿੱਚ ਰਹਿੰਦੇ ਸਨ। ਤਲਾਸ਼ੀ ਦੌਰਾਨ ਪੁਲੀਸ ਨੇ ਮੁਲਜ਼ਮਾਂ ਕੋਲੋਂ .32 ਬੋਰ ਦੇ ਦੋ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਕੋਲੋਂ ਚੋਰੀ ਦਾ ਇੱਕ ਬੁਲਟ ਮੋਟਰ ਸਾਈਕਲ ਵੀ ਬਰਾਮਦ ਕੀਤਾ ਗਿਆ ਹੈ।
ਐੱਸਐੱਸਪੀ ਗਰਗ ਨੇ ਦੱਸਿਆ ਕਿ ਬੀਤੀ 12 ਜੁਲਾਈ ਨੂੰ ਮੁਲਜ਼ਮਾਂ ਨੇ ਇਨਡਰਾਈਵ ਐਪ ਰਾਹੀਂ ਜ਼ੀਰਕਪੁਰ ਤੋਂ ਇੱਕ ਟੈਕਸੀ ਕਿਰਾਏ ’ਤੇ ਲਈ ਸੀ ਜਦੋਂ ਉਹ ਮੁਹਾਲੀ ਏਅਰਪੋਰਟ ਚੌਕ ਨੇੜੇ ਐਰੋਸਿਟੀ ਨਜ਼ਦੀਕ ਪਹੁੰਚੇ ਤਾਂ ਮੁਲਜ਼ਮ ਪਿਸਤੌਲ ਦੀ ਨੋਕ ’ਤੇ ਚਾਲਕ ਕੋਲੋਂ ਟੈਕਸੀ ਅਤੇ ਨਗਦੀ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਅਣਪਛਾਤੇ ਮੁਲਜ਼ਮਾਂ ਆਈਟੀ ਸਿਟੀ ਥਾਣੇ ਵਿੱਚ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ।
ਐੱਸਐੱਸਪੀ ਨੇ ਦੱਸਿਆ ਕਿ ਅੱਜ ਪੁਲੀਸ ਨੂੰ ਮੁਲਜ਼ਮਾਂ ਬਾਰੇ ਗੁਪਤ ਸੂਚਨਾ ਮਿਲੀ ਸੀ। ਏਅਰਪੋਰਟ ਸੜਕ ’ਤੇ ਪੁਲੀਸ ਕਰਮਚਾਰੀ ਗਸ਼ਤ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਨੇ ਬਿਨਾਂ ਨੰਬਰੀ ਬੁਲਟ ਮੋਟਰ ਸਾਈਕਲ ’ਤੇ ਜਾ ਰਹੇ ਦੋ ਸ਼ੱਕੀ ਵਿਅਕਤੀਆਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਪੁਲੀਸ ਨੂੰ ਦੇਖ ਕੇ ਮੋਟਰ ਸਾਈਕਲ ਭਜਾ ਲਿਆ ਲੇਕਿਨ ਅੱਗੇ ਜਾ ਕੇ ਉਨ੍ਹਾਂ ਦਾ ਮੋਟਰ ਸਾਈਕਲ ਸੜਕ ’ਤੇ ਪਏ ਪੱਥਰਾਂ ਨਾਲ ਟਕਰਾ ਗਿਆ ਅਤੇ ਉਹ ਜ਼ਮੀਨ ’ਤੇ ਡਿੱਗ ਗਏ। ਇਸ ਹਾਦਸੇ ਵਿੱਚ ਉਹ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਸੂਚਨਾ ਮਿਲਦੇ ਹੀ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਵੀ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਵੱਲੋਂ ਜ਼ਖ਼ਮੀ ਮੁਲਜ਼ਮਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਨੇ ਕੁੱਝ ਦਿਨ ਪਹਿਲਾਂ ਹੀ ਜ਼ੀਰਕਪੁਰ ਏਰੀਆ ’ਚੋਂ ਕਰੇਟਾ ਕਾਰ ਖੋਹੀ ਸੀ ਅਤੇ ਉਹ ਮੁਹਾਲੀ ਜ਼ਿਲ੍ਹੇ ਵਿੱਚ ਪਿਸਤੌਲ ਦੀ ਨੋਕ ’ਤੇ ਲੋਕਾਂ ਨਾਲ ਲੁੱਟਾਂ-ਖੋਹਾਂ ਕਰਦੇ ਆ ਰਹੇ ਸੀ ਲੇਕਿਨ ਅੱਜ ਪੁਲੀਸ ਦੇ ਧੱਕੇ ਚੜ੍ਹ ਗਏ। ਪੁਲੀਸ ਅਨੁਸਾਰ ਇਨ੍ਹਾਂ ’ਚੋਂ ਇੱਕ ਮੁਲਜ਼ਮ ਕਤਲ ਦੇ ਮਾਮਲੇ ਵਿੱਚ 2017 ਤੋਂ ਭਗੌੜਾ ਚੱਲ ਰਿਹਾ ਸੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…