Share on Facebook Share on Twitter Share on Google+ Share on Pinterest Share on Linkedin ਪ੍ਰਕਾਸ਼ ਪੁਰਬ ਮਨਾਉਣ ਲਈ 31 ਮੈਂਬਰੀ ਜਥਾ ਪਾਕਿਸਤਾਨ ਲਈ ਰਵਾਨਾ ਪਾਕਿਸਤਾਨ ਸਰਕਾਰ ਨੇ ਸ਼ਰਧਾਲੂਆਂ ਨੂੰ ਵਿਜ਼ਟਰ ਵੀਜ਼ੇ ਜਾਰੀ ਕੀਤੇ: ਕਾਹਲੋਂ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਤੋਂ ਅਰਦਾਸ ਉਪਰੰਤ ਪਾਕਿਸਤਾਨ ਲਈ ਰਵਾਨਾ ਹੋਇਆ ਜਥਾ ਨਬਜ਼-ਏ-ਪੰਜਾਬ, ਮੁਹਾਲੀ, 6 ਅਕਤੂਬਰ: ਚੌਥੇ ਪਾਤਿਸਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਦਾ ਪ੍ਰਕਾਸ਼ ਪੁਰਬ ਉਨ੍ਹਾਂ ਦੇ ਜਨਮ ਅਸਥਾਨ ਗੁਰਦੁਆਰਾ ਚੰੂਨਾਂ ਮੰਡੀ ਲਾਹੌਰ ਵਿਖੇ ਮਨਾਉਣ ਅਤੇ ਹੋਰਨਾਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਐਤਵਾਰ ਨੂੰ ਸਿੱਖ ਸ਼ਰਧਾਲੂਆਂ ਅਤੇ ਮੁਲਾਜ਼ਮ ਆਗੂਆਂ ਦਾ ਇੱਕ 31 ਮੈਂਬਰੀ ਜਥਾ ਪਾਕਿਸਤਾਨ ਲਈ ਰਵਾਨਾ ਹੋਇਆ। ਇਸ ਤੋਂ ਪਹਿਲਾਂ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਅਰਦਾਸ ਕੀਤੀ। ਉਪਰੰਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੇਵਾਮੁਕਤ ਸੁਪਰਡੈਂਟ ਜਥੇਦਾਰ ਨਿਸ਼ਾਨ ਸਿੰਘ ਕਾਹਲੋਂ ਦੀ ਅਗਵਾਈ ਹੇਠ ਇਹ ਜਥਾ ਪਾਕਿਸਤਾਨ ਲਈ ਰਵਾਨਾ ਹੋਇਆ। ਇਸ ਸਬੰਧੀ ਪਾਕਿਸਤਾਨ ਅੰਬੈਸੀ ਵੱਲੋਂ ਸ਼ਰਧਾਲੂਆਂ ਦੇ ਰੂਪ ਵਿੱਚ ਜਾਣ ਵਾਲੇ ਜਥੇ ਦੇ ਸਮੂਹ ਮੈਂਬਰਾਂ ਨੂੰ ਇੱਕ ਮਹੀਨਾ ਦਾ ਵਿਜ਼ਟਰ ਵੀਜ਼ਾ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਜਥਾ ਅੱਜ ਸ਼ਾਮ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਕਰਨਾਂਮੇ (ਬਟਾਲਾ) ਵਿਖੇ ਵਿਸ਼ਰਾਮ ਕਰੇਗਾ ਅਤੇ ਭਲਕੇ 7 ਅਕਤੂਬਰ ਨੂੰ ਵਾਗਾਂ ਬਾਰਡਰ ਰਾਹੀਂ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਪਹੁੰਚੇਗਾ। ਪਾਕਿਸਤਾਨ ਜਾਣ ਵਾਲੇ ਜਥੇ ਵਿੱਚ ਸ਼ਾਮਲ ਮੁਲਾਜ਼ਮ ਆਗੂ ਹਰਬੰਸ ਸਿੰਘ ਬਾਗੜੀ ਨੇ ਦੱਸਿਆ ਕਿ ਜਥੇਦਾਰ ਨਿਸ਼ਾਨ ਸਿੰਘ ਕਾਹਲੋਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਦੇਸ਼ਾਂ-ਵਿਦੇਸ਼ਾਂ ਵਿੱਚ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਪਾਕਿਸਤਾਨ ਅੰਬੈਸੀ ਨੇ ਇਹ ਫ਼ੈਸਲਾ ਕੀਤਾ ਹੈ ਕਿ ਭਵਿੱਖ ਵਿੱਚ ਵੀ ਜਦੋਂ ਕਦੇ ਨਿਸ਼ਾਨ ਸਿੰਘ ਕਾਹਲੋਂ ਚਾਹੁੰਣਗੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਲਈ ਵਿਸ਼ੇਸ਼ ਜਥੇ ਨੂੰ ਵੀਜ਼ੇ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਚੌਥੇ ਪਾਤਿਸਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਦਾ ਪ੍ਰਕਾਸ਼ ਪੁਰਬ ਹਰ ਸਾਲ ਉਨ੍ਹਾਂ ਦੇ ਜਨਮ ਅਸਥਾਨ ਚੰੂਨਾਂ ਮੰਡੀ, ਲਾਹੌਰ ਵਿਖੇ 9 ਅਕਤੂਬਰ ਨੂੰ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਵੀ ਭਲਕੇ 7 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਆਰੰਭ ਹੋਣਗੇ ਅਤੇ 9 ਅਕਤੂਬਰ ਨੂੰ ਭੋਗ ਪੈਣਗੇ। ਉਨ੍ਹਾਂ ਦੱਸਿਆ ਕਿ 7 ਅਤੇ 8 ਅਕਤੂਬਰ ਨੂੰ ਰਾਤ ਦੇ ਸਮੇਂ ਕੀਰਤਨ ਦਰਬਾਰ ਸਜਾਏ ਜਾਣਗੇ। ਇਸ ਮੌਕੇ ਪੰਥ ਪ੍ਰਸਿੱਧ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆਂ ਵੱਲੋਂ ਹਰਜੱਸ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ ਜਾਵੇਗਾ। 10 ਅਕਤੂਬਰ ਨੂੰ ਜਥਾ ਐਮਨਾਂਬਾਦ ਹੁੰਦਾ ਹੋਇਆ ਸ੍ਰੀ ਕਰਤਾਰਪੁਰ ਸਾਹਿਬ ਪੁੱਜੇਗਾ ਅਤੇ 11 ਅਕਤੂਬਰ ਨੂੰ ਸਿਆਲਕੋਟ ਸਥਿਤ ਗੁਰਦੁਆਰਾ ਬਾਬੇ ਦੀ ਬੇਰੀ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਵਾਪਸ ਸ੍ਰੀ ਕਰਤਾਰਪੁਰ ਸਾਹਿਬ ਆਵੇਗਾ ਅਤੇ ਅਗਲੇ ਦਿਨ ਕਰਤਾਰਪੁਰ ਸਾਹਿਬ ਤੋਂ ਸ੍ਰੀ ਨਨਕਾਣਾ ਸਾਹਿਬ ਪੁੱਜੇਗਾ। 14 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਸੱਚਾ ਸੌਦਾ ਸਾਹਿਬ ਦੇ ਦਰਸ਼ਨ ਕੀਤੇ ਜਾਣਗੇ। 15 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ, 17 ਅਕਤੂਬਰ ਨੂੰ ਵਾਪਸ ਲਾਹੌਰ ਗੁਰਦੁਆਰਾ ਡੇਰਾ ਸਾਹਿਬ ਪੁੱਜੇਗਾ। ਉਨ੍ਹਾਂ ਦੱਸਿਆ ਕਿ 18 ਅਕਤੂਬਰ ਨੂੰ ਇਹ ਜਥਾ ਵਾਗਾਂ ਬਾਰਡਰ ਰਾਹੀਂ ਪੰਜਾਬ ਵਾਪਸ ਪਰਤੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ