ਧੀਆਂ ਨੂੰ ਪੜ੍ਹਾਉਣ ਨਾਲ ਹੀ ਬਿਹਤਰ ਸਮਾਜ ਸਿਰਜਿਆ ਜਾ ਸਕਦੈ: ਵਰਿੰਦਰ ਸ਼ਰਮਾ

ਅਮਰੀਕਨ ਇੰਡੀਆ ਫਾਊਂਡੇਸ਼ਨ ਵੱਲੋਂ ਮੈਰੀਟੋਰੀਅਸ ਸਕੂਲ ਸੈਕਟਰ-70 ’ਚ ਸਟੈਮ ਐਕਸਪੋ ਸਮਾਗਮ ਆਯੋਜਿਤ

ਪੰਜਾਬ ਤੇ ਹਰਿਆਣਾ ਦੀਆਂ ਵਿਦਿਆਰਥਣਾਂ ਨੇ ਪ੍ਰਾਜੈਕਟ ਬਣਾ ਕੇ ਕੀਤਾ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਦਸੰਬਰ:
ਅਜੋਕੇ ਸਮੇਂ ਵਿੱਚ ਲੜਕੀਆਂ ਹੁਣ ਹਰ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਜੇਕਰ ਲੜਕੀਆਂ ਨੂੰ ਉੱਚ ਸਿੱਖਿਆ ਮੁਹੱਈਆ ਕਰਵਾਈ ਜਾਵੇ ਤਾਂ ਬਿਹਤਰ ਸਮਾਜ ਦੀ ਸਿਰਜਣਾ ਦੀ ਕਲਪਨਾ ਕੀਤੀ ਜਾ ਸਕਦੀ ਹੈ। ਇਹ ਪ੍ਰਗਟਾਵਾ ਸਿੱਖਿਆ ਵਿਭਾਗ ਦੇ ਸਕੱਤਰ ਵਰਿੰਦਰ ਸ਼ਰਮਾ ਨੇ ਅੱਜ ਇੱਥੋਂ ਦੇ ਸੈਕਟਰ-70 ਸਥਿਤ ਸਰਕਾਰੀ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਮਰੀਕਨ ਇੰਡੀਆ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਸਟੈਮ ਐਕਸਪੋ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਵਿਸ਼ੇਸ਼ ਸਮਾਗਮ ਵਿੱਚ ਪੰਜਾਬ ਤੇ ਹਰਿਆਣਾ ਦੇ ਦੂਰ-ਦੁਰਾਡੇ ਇਲਾਕਿਆਂ ਤੋਂ ਪੁੱਜੀਆਂ ਵਿਦਿਆਰਥਣਾਂ ਨੇ ਸਾਇੰਸ, ਟੈਕਨਾਲੋਜੀ ਅਤੇ ਮੈਥੇਮੈਟਿਕਸ (ਸਟੈਮ) ਦੇ ਵਿਸ਼ਿਆਂ ’ਤੇ ਪ੍ਰਾਜੈਕਟ ਬਣਾ ਕੇ ਨਾ ਕੇਵਲ ਆਪਣੇ ਅੰਦਰ ਛੁਪੀ ਪ੍ਰਤਿਭਾ ਦਿਖਾਈ, ਬਲਕਿ ਵਿਗਿਆਨ ਦੇ ਖੇਤਰ ਨੂੰ ਵੀ ਨਵੀਂ ਦਿਸ਼ਾ ਦਿੱਤੀ। ਵਰਿੰਦਰ ਸ਼ਰਮਾ ਨੇ ਕਿਹਾ ਕਿ ਜੇਕਰ ਇਨ੍ਹਾਂ ਵਿਦਿਆਰਥਣਾਂ ਨੂੰ ਵਧੀਆ ਪਲੇਟਫਾਰਮ ਮੁਹੱਈਆ ਕਰਵਾਏ ਜਾਣ ਤਾਂ ਇਹ ਆਪਣੀ ਪ੍ਰਤਿਭਾ ਰਾਹੀਂ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਦੀਆਂ ਹਨ।
ਅਮਰੀਕਨ ਇੰਡੀਅਨ ਫਾਊਂਡੇਸ਼ਨ ਦੀ ਅਧਿਕਾਰੀ ਰੇਣੂਕਾ ਮਾਲਾਕਰ ਨੇ ਦੱਸਿਆ ਕਿ ਸਟੈਮ ਐਕਸਪੋ ਵਿੱਚ ਪੰਜਾਬ ਤੇ ਹਰਿਆਣਾ ਦੇ ਦਰਜਨ ਜ਼ਿਲ੍ਹਿਆਂ ਦੇ 132 ਸਕੂਲ ਦੀਆਂ 80 ਤੋਂ ਵੱਧ ਵਿਦਿਆਰਥਣਾਂ ਨੇ ਹਿੱਸਾ ਲਿਆ। ਜਿਸ ਵਿੱਚ ਰਿਮੋਟ ਕੰਟਰੋਲ ਨਾਲ ਚੱਲਣ ਵਾਲੀ ਸਫ਼ਾਈ ਮਸ਼ੀਨ, ਘਰ ਵਿੱਚ ਕਾਰ ਤੇ ਮੋਟਰਸਾਈਕਲ ਵਾਸ਼ਰ ਕਿਵੇਂ ਬਣਾਇਆ ਜਾਵੇ, ਬਾਇਓ ਗੈਸ, ਸਮਾਰਟ ਸਿਟੀਮਾਡਲ, ਰੋਟੀ ਮੇਕਰ, ਫਰੂਟ ਕੈਚਰ, ਪਿਆਜ਼ ਕਟਰ, ਜਵਾਲਾਮੁਖੀ ਪੀਵੀਸੀ ਪਾਈਪ ਤੋਂ ਲੈ ਕੇ ਕੱਪੜਿਆਂ ਦਾ ਰੈਕ ਆਦਿ ਸਮੇਤ 40 ਵਿਸ਼ਿਆਂ ’ਤੇ ਪ੍ਰਾਜੈਕਟ ਬਣਾਏ।
ਖੇਤਰੀ ਮੈਨੇਜਰ ਪ੍ਰਹਰਸ਼ ਪ੍ਰਤੀਕ ਸਿੰਘ ਨੇ ਦੱਸਿਆ ਕਿ ਹਰਿਆਣਾ ਜ਼ੋਨ ਵਿੱਚ ਸਰਕਾਰੀ ਸਕੂਲ ਥਾਪਲੀ (ਪੰਚਕੂਲਾ) ਦੀ ਵਿਦਿਆਰਥਣ ਨੀਲਾਕਸ਼ੀ ਵੱਲੋਂ ਬਣਾਏ ਹੋਮ ਸਿਕਿਉਰਿਟੀ ਸਿਸਟਮ ਨੂੰ ਪਹਿਲਾ, ਪੰਚਕੂਲਾ ਸਕੂਲ ਦੀ ਵਿਦਿਆਰਥਣ ਯਾਨਾ ਸ਼ਰਮਾ ਅਤੇ ਮੰਨਤ ਕੌਸ਼ਿਕ ਵੱਲੋਂ ਬਣਾਏ ਗਏ ਏਅਰ ਟੈਂਕ ਪ੍ਰਾਜੈਕਟ ਨੂੰ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਦੀ ਵਿਦਿਆਰਥਣ ਸਵਾਤੀ ਅਤੇ ਖ਼ੁਸ਼ੀ ਵੱਲੋਂ ਬਣਾਇਆ ਗਿਆ ਆਟੋਮੈਟਿਕ ਵਾਟਰ ਟੈਪ ਮਾਡਲ ਤੀਜੇ ਸਥਾਨ ’ਤੇ ਰਿਹਾ।
ਇਸੇ ਤਰ੍ਹਾਂ ਪੰਜਾਬ ਜ਼ੋਨ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਸਹਿਬਾਜ਼ਪੁਰ (ਤਰਨਤਾਰਨ) ਦੀ ਵਿਦਿਆਰਥਣ ਹਰਵੰਤ ਕੌਰ ਅਤੇ ਹਰਮਨਪ੍ਰੀਤ ਕੌਰ ਵੱਲੋਂ ਬਣਾਇਆ ਰੀ-ਸਾਈਕਲਿੰਗ ਪਲਾਸਟਿਕ ਬੋਤਲ/ਈਕੋ ਪ੍ਰਾਜੈਕਟ ਨੂੰ ਪਹਿਲਾ ਸਥਾਨ, ਜੀਐੱਸਐੱਸਏ ਅਜਨਾਲਾ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਅਤੇ ਸਿਮਰਨਜੀਤ ਕੌਰ ਵੱਲੋਂ ਬਣਾਇਆ ਐੱਲਪੀਜੀ ਡੀਟੈਕਸ਼ਨ ਡਿਵਾਈਸ ਦੂਜੇ ਸਥਾਨ ਅਤੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਦੀ ਪ੍ਰਿਆ ਕੁਮਾਰੀ ਅਤੇ ਰਿਆਦੀਪ ਕੌਰ ਦਾ ਰੋਬੋਟ ਪ੍ਰਾਜੈਕਟ ਤੀਜੇ ਸਥਾਨ ’ਤੇ ਰਿਹਾ। ਇਸ ਮੌਕੇ ਮਨਰਿੰਦਰ ਸਿੰਘ ਸਰਕਾਰੀਆ, ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜਿੰਦਰ ਸਿੰਘ, ਅਮਰੀਕਨ ਇੰਡੀਆ ਫਾਊਂਡੇਸ਼ਨ ਦੇ ਰਾਜੀਵ ਰੰਜਨ ਅਤੇ ਪ੍ਰੋਗਰਾਮ ਮੈਨੇਜਰ ਆਲੋਕ ਸਮੇਤ ਹੋਰ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …