
ਖਰੜ ਵਿੱਚ ਉਸਾਰੀ ਅਧੀਨ ਇਮਾਰਤ ਡਿੱਗੀ, ਕਈ ਮਜ਼ਦੂਰ ਮਲਬੇ ਹੇਠ ਦੱਬੇ
ਐਸਪੀ ਦਿਹਾਤੀ ਵਿਰਕ, ਡੀਐਸਪੀ ਸੋਹੀ ਤੇ ਤਹਿਸੀਲਦਾਰ ਸਮੇਤ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ
ਰੈਸਕਿਉ ਟੀਮ ਵੱਲੋਂ ਘਟਨਾ ਸਥਾਨ ’ਤੇ ਮਲਬਾ ਹਟਾਉਣ ਦਾ ਕੰਮ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 31 ਦਸੰਬਰ:
ਖਰੜ ਨਗਰ ਕੌਂਸਲ ਅਧੀਨ ਆਉਂਦੇ ਪਿੰਡ ਛੱਜੂਮਾਜਰਾ ਪਹੁੰਚ ਸੜਕ ’ਤੇ ਉਸਾਰੀ ਅਧੀਨ ਸ਼ੋਅਰੂਮ ਅਚਾਨਕ ਢਹਿ ਢੇਰੀ ਹੋ ਗਿਆ। ਜਿਸ ਕਾਰਨ ਕਰੀਬ ਅੱਧੀ ਦਰਜਨ ਮਜ਼ਦੂਰਾਂ ਦੇ ਮਲਬੇ ਹੇਠ ਦਬੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ੋਅਰੂਮ ਦੀਆਂ ਦੋ ਮੰਜ਼ਲਾਂ ਡਿੱਗ ਗਈਆਂ ਹਨ। ਸੂਚਨਾ ਮਿਲਣ ’ਤੇ ਖਰੜ ਦੇ ਡੀਐਸਪੀ ਰੁਪਿੰਦਰਦੀਪ ਕੌਰ ਅਤੇ ਥਾਣਾ ਸਿਟੀ ਦੇ ਐਸਐਚਓ ਹਰਜਿੰਦਰ ਸਿੰਘ ਤੁਰੰਤ ਪੁਲੀਸ ਫੋਰਸ ਲੈ ਕੇ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ।
ਇਸੇ ਦੌਰਾਨ ਫਾਇਰ ਬ੍ਰਿਗੇਡ ਦੀਆਂ ਟੀਮਾਂ, ਡਾਕਟਰੀ ਸਹਾਇਤਾ ਲਈ ਐਂਬੂਲੈਂਸ ਅਤੇ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਮੌਕੇ ’ਤੇ ਪਹੁੰਚ ਗਈ। ਇਤਲਾਹ ਮਿਲਣ ’ਤੇ ਮੁਹਾਲੀ ਦੇ ਐਸਪੀ (ਦਿਹਾਤੀ) ਨਵਰੀਤ ਸਿੰਘ ਵਿਰਕ ਅਤੇ ਖਰੜ ਦੇ ਤਹਿਸੀਲਦਾਰ ਜਸਵਿੰਦਰ ਸਿੰਘ, ਨਗਰ ਕੌਂਸਲ ਖਰੜ ਦੇ ਐਸਡੀਓ ਅਮਿਤ ਦੁਰੇਜਾ ਵੀ ਮੌਕੇ ’ਤੇ ਪਹੁੰਚੇ। ਜ਼ਿਲ੍ਹਾ ਪ੍ਰਸ਼ਾਸਨ ਦੀ ਸੂਚਨਾ ’ਤੇ ਰੈਸਕਿਉ ਟੀਮ ਵੀ ਮੌਕੇ ’ਤੇ ਪਹੁੰਚ ਗਈ ਅਤੇ ਮਲਬੇ ਥੱਲਿਓਂ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਕਾਰਵਾਈ ਸ਼ੁਰੂ ਕੀਤੀ ਗਈ। ਦੇਰ ਸ਼ਾਮ ਕਰੀਬ ਸਾਢੇ 7 ਵਜੇ ਮਜ਼ਦੂਰ ਨਿਤੀਸ਼ ਕੁਮਾਰ ਨੂੰ ਬਾਹਰ ਕੱਢਿਆ ਗਿਆ। ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਫੇਜ਼-6 ਵਿੱਚ ਲਿਜਾਇਆ ਗਿਆ। ਥੋੜੀ ਦੇਰ ਬਾਅਦ ਪੌਣੇ 8 ਵਜੇ ਠੇਕੇਦਾਰ ਅਜੈ ਕੁਮਾਰ ਨੂੰ ਬਾਹਰ ਕੱਢਿਆ ਗਿਆ। ਉਸ ਨੂੰ ਵੀ ਮੁਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ। ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਮੁਹਾਲੀ ਨੈਸ਼ਨਲ ਹਾਈਵੇਅ ਤੋਂ ਛੱਜੂਮਾਜਰਾ ਨੂੰ ਜਾਂਦੀ ਸੜਕ ’ਤੇ ਬਹੁਮੰਜ਼ਲਾ ਸ਼ੋਅਰੂਮ ਦੀ ਉਸਾਰੀ ਕੀਤੀ ਜਾ ਰਹੀ ਸੀ। ਬੇਸਮੈਂਟ ਤਿਆਰ ਹੋ ਚੁੱਕੀ ਸੀ ਅਤੇ ਗਰਾਉਂਡ ਫਲੋਰ ਦਾ ਲੈਂਟਰ ਪੈ ਚੁੱਕਾ ਸੀ ਪ੍ਰੰਤੂ ਹਾਲੇ ਗਰਾਉਂਡ ਫਲੋਰ ਦੀਆਂ ਬੱਲੀਆਂ ਲੱਗੀਆਂ ਹੋਈਆਂ ਸਨ ਲੇਕਿਨ ਜਲਦੀ ਉਸਾਰੀ ਕਰਨ ਦੇ ਚੱਕਰ ਵਿੱਚ ਠੇਕੇਦਾਰ ਪਹਿਲੀ ਮੰਜ਼ਲ ਦੀ ਉਸਾਰੀ ਵੀ ਸ਼ੁਰੂ ਕਰ ਦਿੱਤੀ। ਅੱਜ ਦਿਨ ਵਿੱਚ ਦਰਜਨ ਤੋਂ ਵੱਧ ਮਜ਼ਦੂਰ ਉਸਾਰੀ ਕੰਮ ’ਤੇ ਲੱਗੇ ਹੋਏ ਸੀ ਅਤੇ ਲੈਟਰ ਪਾਇਆ ਜਾ ਰਿਹਾ ਸੀ ਪ੍ਰੰਤੂ ਸ਼ਾਮ ਨੂੰ ਕਰੀਬ ਸਾਢੇ 5 ਅਤੇ 6 ਵਜੇ ਅਚਾਨਕ ਉਸਾਰੀ ਅਧੀਨ ਸ਼ੋਅਰੂਮ ਦੇਖਦੇ ਹੀ ਦੇਖਦੇ ਢਹਿ ਢੇਰੀ ਹੋ ਗਿਆ ਅਤੇ ਕਈ ਮਜ਼ਦੂਰ ਮਲਬੇ ਹੇਠ ਦੱਬ ਗਏ। ਖ਼ਬਰ ਲਿਖੇ ਜਾਣ ਤੱਕ ਮਲਬਾ ਹਟਾਉਣ ਦਾ ਕੰਮ ਜਾਰੀ ਸੀ ਅਤੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਤਾਇਨਾਤ ਸਨ। ਪ੍ਰਤੱਖਦਰਸ਼ੀ ਲੋਕਾਂ ਨੇ ਦੱਸਿਆ ਕਿ ਸ਼ੋਅਰੂਮ ਦੀ ਉਸਾਰੀ ਜਲਦੀ ਕਰਨ ਦੇ ਚੱਕਰ ਵਿੱਚ ਇਹ ਹਾਦਸਾ ਵਾਪਰਿਆ ਹੈ। ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਵੀ ਖਰੜ-ਲਾਂਡਰਾਂ ਮੁੱਖ ਸੜਕ ’ਤੇ ਸਥਿਤ ਇੱਕ ਇਮਾਰਤ ਅਚਾਨਕ ਡਿੱਗ ਗਈ ਸੀ।