
ਰਾਸ਼ਟਰਪਤੀ ਨੂੰ ਪਾਣੀਆਂ ਦੇ ਮੁੱਦੇ ’ਤੇ ਦਿੱਤੇ ਜਾਣ ਵਾਲੇ ਮੰਗ ਪੱਤਰ ਸਬੰਧੀ ਫੇਜ਼-3 ਵਿੱਚ ਲਗਾਇਆ ਕੈਂਪ
ਨਿਊਜ਼ ਡੈਸਕ ਸਰਵਿਸ
ਮੁਹਾਲੀ, 4 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਅਤੇ ਪੰਜਾਬ ਦੇ ਹੱਕਾਂ ਸਬੰਧੀ ਕੋਈ ਵੀ ਫ਼ੈਸਲਾ ਰਿਪੇਰੀਅਨ ਅਸੂਲਾਂ ਅਨੁਸਾਰ ਕਰਾਉਣ ਦੇ ਹੱਕ ਵਿਚ ਅਕਾਲੀ ਦਲ ਵੱਲੋਂ ‘ਪਾਣੀ ਬਚਾਓ ਪੰਜਾਬ ਬਚਾਓ’ ਦੀ ਸ਼ੁਰੂ ਕੀਤੀ ਮੁਹਿੰਮ ਹੇਠ 25 ਲੱਖ ਕਿਸਾਨਾਂ ਦੇ ਦਸਤਖ਼ਤ ਕਰਾਉਣ ਦੀ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ ਵੱਲੋਂ ਅੱਜ ਫੇਜ਼-3 ਵਿਖੇ ਕੈਂਪ ਲਗਾ ਕੇ ਐਸਵਾਈਐਲ ਨਹਿਰ ਨਾ ਬਣਾਉਣ ਲਈ ਮਾਨਯੋਗ ਰਾਸ਼ਟਰਪਤੀ ਨੂੰ ਮੰਗ ਪੱਤਰ ਵਾਲੇ ਫਾਰਮ ਭਰਕੇ ਦਸਤਖ਼ਤ ਮੁਹਿੰਮ ਅੱਗੇ ਤੋਰੀ ਗਈ। ਇਸ ਮੌਕੇ ਸ੍ਰੀ ਪ੍ਰਿੰਸ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਤਿਹਾਸਕ ਫੈਸਲਾ ਕਰਕੇ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਇਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਹੀ ਕਿਉਂ ਨਾ ਦੇਣੀ ਪਵੇ ਪਰ ਪੰਜਾਬ ਦੇ ਪਾਣੀ ਦੀ ਇਕ ਬੰੂਦ ਵੀ ਕਿਸੇ ਹੋਰ ਸੂਬੇ ਨੂੰ ਨਹੀਂ ਜਾਣ ਦਿੱਤੀ ਜਾਵੇਗੀ। ਪ੍ਰਿੰਸ ਨੇ ਕਿਹਾ ਕਿ ਇਸ ਧੱਕੇ ਖਿਲਾਫ਼ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਨੇ ਸੁਪਰੀਮ ਕੋਰਟ ਵਿੱਚ ਰਿੱਟ ਦਾਇਰ ਕੀਤੀ ਸੀ, ਜਿਸ ਨੂੰ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਸ ਵੇਲੇ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਗਲ ਅੰਗੂਠਾ ਦੇ ਕੇ ਵਾਪਿਸ ਕਰਵਾ ਦਿੱਤਾ ਸੀ ਅਤੇ ਧੱਕੇ ਨਾਲ ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਦੇਣ ਦਾ ਸਮਝੌਤਾ ਕਰ ਲਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਹੋਰਨਾਂ ਫੇਜ਼ਾਂ ਤੇ ਸੈਕਟਰਾਂ ’ਚ ਵੀ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣਗੇ। ਇਸ ਮੌਕੇ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ, ਬਲਜਿੰਦਰ ਸਿੰਘ ਬੇਦੀ, ਨਾਮਧਾਰੀ ਰਤਨ ਸਿੰਘ, ਹਰਪ੍ਰੀਤ ਸਿੰਘ ਲਾਲਾ, ਇੰਦਰਪ੍ਰੀਤ ਸਿੰਘ ਟਿੰਕੂ, ਮਨਪ੍ਰੀਤ ਸਿੰਘ ਬਬਰਾ, ਸ਼ੁਭਮ ਸ਼ਰਮਾ, ਮਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।
ਸਬੰਧਤ ਤਸਵੀਰ:-6
ਯੂਥ ਅਕਾਲੀ ਆਗੂ ਐਡਵੋਕੇਟ ਹਰਮਨਪ੍ਰੀਤ ਸਿੰਘ ਪ੍ਰਿੰਸ ਫੇਜ਼-3 ਵਿੱਚ ‘ਪਾਣੀ ਬਚਾਓ ਪੰਜਾਬ ਬਚਾਓ’ ਦੀ ਮੁਹਿੰਮ ਤਹਿਤ ਫਾਰਮ ਭਰਵਾਉਂਦੇ ਹੋਏ।