
ਸੈਕਟਰ-88 ਵਿੱਚ ਪਿਸਤੌਲ ਦੀ ਨੋਕ ’ਤੇ ਗੱਡੀ ਲੁੱਟੀ, ਹਵਾਈ ਫਾਇਰਿੰਗ ਕੀਤੀ, ਕੇਸ ਦਰਜ
ਪੂਰਬ ਅਪਾਰਟਮੈਂਟ ਨੇੜੇ ਲੰਘੀ ਦੇਰ ਰਾਤ ਵਾਪਰੀ ਘਟਨਾ, ਮਨਾਲੀ ਘੁੰਮ ਫਿਰ ਕੇ ਵਾਪਸ ਮੁਹਾਲੀ ਆਏ ਸੀ ਪੀੜਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਨਵੰਬਰ:
ਇੱਥੋਂ ਦੇ ਸੈਕਟਰ-88 ਦੇ ਪੂਰਬ ਅਪਾਰਟਮੈਂਟ ਦੇ ਬਾਹਰ ਚਾਰ ਅਣਪਛਾਤੇ ਵਿਅਕਤੀਆਂ ਵੱਲੋਂ ਪਿਸਤੌਲ ਦੀ ਨੋਕ ’ਤੇ ਕਾਰ ਸਵਾਰ ਤੋਂ ਉਸ ਦੀ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਲੰਘੀ ਦੇਰ ਰਾਤ ਵਾਪਰੀ ਦੱਸੀ ਜਾ ਰਹੀ ਹੈ ਅਤੇ ਕਾਰ ਖੋਹਣ ਤੋਂ ਬਾਅਦ ਦਹਿਸ਼ਤ ਫੈਲਾਉਣ ਲਈ ਲੁਟੇਰਿਆਂ ਵੱਲੋਂ ਹਵਾਈ ਫਾਇਰਿੰਗ ਵੀ ਕੀਤੀ ਗਈ। ਇਸ ਸਬੰਧੀ ਹੀਰੋ ਹੋਮਜ਼ ਸੁਸਾਇਟੀ ਦੇ ਵਸਨੀਕ ਹਰਸ਼ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਆਪਣੀਆਂ ਭੈਣਾਂ ਨਾਲ ਹਿਮਾਚਲ ਵਿੱਚ ਘੁੰਮਣ ਫਿਰਨ ਗਿਆ ਸੀ। ਪਹਾੜੀਆਂ ਦੀ ਸੈਰ ਲਈ ਉਸ ਨੇ ਟੌਆਟਾ ਕੰਪਨੀ ਦੀ ਕਾਰ ਕਿਰਾਏ ’ਤੇ ਬੁੱਕ ਕੀਤੀ ਸੀ। ਬੀਤੀ ਰਾਤ ਉਹ ਮਨਾਲੀ ਤੋਂ ਵਾਪਸ ਆਏ ਸੀ ਅਤੇ ਆਪਣੀਆਂ ਭੈਣਾਂ ਨਾਲ ਸੰਨੀ ਐਨਕਲੇਵ ਖਰੜ ਵੱਲ ਜਾ ਰਹੇ ਸੀ।
ਹਰਸ਼ ਅਨੁਸਾਰ ਉਹ ਰਸਤੇ ਵਿੱਚ ਕੁੱਝ ਖਾਣ ਪੀਣ ਦਾ ਸਾਮਾਨ ਲੈਣ ਲਈ ਪੂਰਬ ਅਪਾਰਟਮੈਂਟ ਆਏ ਸੀ ਪ੍ਰੰਤੂ ਦੁਕਾਨਾਂ ਬੰਦ ਹੋਣ ਕਾਰਨ ਵਾਪਸ ਸੰਨੀ ਐਨਕਲੇਵ ਵੱਲ ਨਿਕਲ ਪਏ। ਇਸ ਦੌਰਾਨ ਹਾਂਡਾ ਸਿਟੀ ਕਾਰ ਵਿੱਚ ਸਵਾਰ 4-5 ਅਣਪਛਾਤੇ ਵਿਅਕਤੀਆਂ ਨੇ ਅਚਾਨਕ ਉਨ੍ਹਾਂ ਦੀ ਗੱਡੀ ਘੇਰ ਲਈ ਅਤੇ ਸਿਰ ਤੋਂ ਮੋਨੇ ਇੱਕ ਵਿਅਕਤੀ, ਜਿਸ ਨੇ ਆਪਣੇ ਹੱਥ ਵਿੱਚ ਪਿਸਤੌਲ ਫੜੀ ਹੋਈ ਸੀ ਨੇ ਹਵਾਈ ਫਾਇਰ ਕੀਤਾ ਅਤੇ ਉਸ ਦੇ ਦੂਜੇ ਸਾਥੀ ਨੇ ਕਾਰ ਦੀ ਤਾਕੀ ਖੋਲ੍ਹ ਕੇ ਉਨ੍ਹਾਂ ਨੂੰ ਬਾਹਰ ਆਉਣ ਲਈ ਕਿਹਾ। ਉਹ ਬਹੁਤ ਜ਼ਿਆਦਾ ਘਬਰਾ ਗਏ ਅਤੇ ਆਪਣੀਆਂ ਦੋਵੇਂ ਭੈਣਾਂ ਨਾਲ ਕਾਰ ’ਚੋਂ ਬਾਹਰ ਆ ਗਏ। ਲੁਟੇਰਿਆਂ ਨੇ ਉਨ੍ਹਾਂ ਦੇ ਮੋਬਾਈਲ ਫੋਨ ਵੀ ਖੋਹ ਲਏ ਅਤੇ ਕਾਰ ਲੈ ਕੇ ਫਰਾਰ ਹੋ ਗਏ।
ਮੁਹਾਲੀ ਦੇ ਐਸਪੀ (ਡੀ) ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਕਾਰ ਵਿੱਚ ਜੀਪੀਐਸ ਸਿਸਟਮ ਲੱਗਿਆ ਹੋਣ ਕਾਰਨ ਲੁਟੇਰੇ ਗੱਡੀ ਨੂੰ ਸਰਹਿੰਦ ਰੋੜ ’ਤੇ ਪਿੰਡ ਸਾਧੂ ਨੇੜੇ ਛੱਡ ਕੇ ਫਰਾਰ ਹੋ ਗਏ। ਪੁਲੀਸ ਨੇ ਮੁਹਾਲੀ ਤੋਂ ਖੋਹੀ ਕਾਰ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਧਾਰਾ 379ਬੀ, 336 ਅਧੀਨ ਪਰਚਾ ਦਰਜ ਕਰ ਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।