ਮਿਨਰਵਾ ਅਕੈਡਮੀ ਦਾਊਂ ਦੇ ਅਧਿਕਾਰੀ ਤੇ ਸਟਾਫ਼ ਮੈਂਬਰਾਂ ਖ਼ਿਲਾਫ਼ ਕੇਸ ਦਰਜ

ਰਸੋਈ ਵਿੱਚ ਖਾਣਾ ਤਿਆਰ ਕਰਨ ਨੂੰ ਲੈ ਕੇ ਵਿਦਿਆਰਥੀ ਨੇ ਲਾਏ ਸੀ ਗੰਭੀਰ ਦੋਸ਼

ਨਬਜ਼-ਏ-ਪੰਜਾਬ, ਮੁਹਾਲੀ, 29 ਜੂਨ:
ਇੱਥੋਂ ਦੇ ਇਤਿਹਾਸਕ ਪਿੰਡ ਦਾਊਂ ਸਥਿਤ ਮਿਨਰਵਾ ਅਕੈਡਮੀ ਦੇ ਹੋਸਟਲ ਵਿੱਚ ਰਹਿੰਦੇ ਗੁਜਰਾਤ ਦੇ ਵਿਦਿਆਰਥੀ ਵੱਲੋਂ ਅਕੈਡਮੀ ਦੀ ਰੋਸਈ ਵਿੱਚ ਝਾੜੂ ਨਾਲ ਬਣਾਈਆਂ ਜਾਂਦੀਆਂ ਰੋਟੀਆਂ ਅਤੇ ਖਾਣੇ ਵਿੱਚ ਕੀੜੇ ਮਿਲਣ ਦੀ ਸ਼ਿਕਾਇਤ ਕਰਨ ਦੇ ਮਾਮਲੇ ਵਿੱਚ ਬਲੌਂਗੀ ਪੁਲੀਸ ਨੇ ਅਕੈਡਮੀ ਦੇ 5 ਵਿਅਕਤੀਆਂ ਖ਼ਿਲਾਫ਼ ਧਾਰਾ 506, 148, 149 ਅਤੇ ਜੇਜੇ ਐਕਟ ਦੀ ਧਾਰਾ 75 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਿਆਂਸ਼ੂ ਨੇ ਦੱਸਿਆ ਕਿ ਉਹ ਇੱਥੇ ਐਨਡੀਏ ਦੀ ਟਰੇਨਿੰਗ ਲੈਣ ਆਇਆ ਹੈ ਅਤੇ ਪਿਛਲੇ ਦਿਨੀਂ ਉਸਨੇ ਅਕੈਡਮੀ ਦੀ ਰਸੋਈ ਵਿੱਚ ਕੰਮ ਕਰਦੇ ਵਿਅਕਤੀਆਂ ਵੱਲੋਂ ਝਾੜੂ ਨਾਲ ਰੋਟੀਆਂ ਸੇਕਣ ਅਤੇ ਖਾਣੇ ਵਿੱਚ ਕੀੜੇ ਨਿਕਲਣ ਦੀ ਵੀਡੀਓ ਬਣਾ ਕੇ ਮੈਨੇਜਮੈਂਟ ਨੂੰ ਸ਼ਿਕਾਇਤ ਕੀਤੀ ਸੀ ਪ੍ਰੰਤੂ ਮੈਨੇਜਮੈਂਟ ਨੇ ਉਸਦੀ ਸ਼ਿਕਾਇਤ ’ਤੇ ਕਾਰਵਾਈ ਕਰਨ ਦੀ ਥਾਂ ਉਲਟਾ ਉਸ ਨੂੰ ਹੀ ਅਕੈਡਮੀ ’ਚੋਂ ਬਾਹਰ ਕੱਢ ਦਿੱਤਾ ਗਿਆ। ਅਕੈਡਮੀ ਦੇ ਸੁਰੱਖਿਆ ਕਰਮਚਾਰੀ ਉਸ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾ ਕੇ ਬੱਸ ਅੱਡਾ ਸੈਕਟਰ-43 ਦੇ ਸਾਹਮਣੇ ਛੱਡ ਆਏ।
ਉਸ ਨੇ ਤੁਰੰਤ ਪੁਲੀਸ ਨੂੰ ਫੋਨ ਕੀਤਾ ਤਾਂ ਯੂਟੀ ਪੁਲੀਸ ਉਸ ਨੂੰ ਇਹ ਕਹਿ ਕੇ ਬਲੌਂਗੀ ਥਾਣੇ ਛੱਡ ਗਈ ਕਿ ਇਹ ਮਾਮਲਾ ਬਲੌਂਗੀ ਥਾਣੇ ਅਧੀਨ ਆਉਂਦਾ ਹੈ। ਵਿਦਿਆਰਥੀ ਨੇ ਦੱਸਿਆ ਕਿ ਅੱਜ ਸਵੇਰੇ ਉਸਦੇ ਮਾਪੇ ਵੀ ਗੁਜਰਾਤ ਤੋਂ ਮੁਹਾਲੀ ਪਹੁੰਚ ਗਏ ਅਤੇ ਜਦੋਂ ਪੁਲੀਸ ਉਨ੍ਹਾਂ ਨੂੰ ਉੱਥੇ ਲੈ ਕੇ ਗਈ ਤਾਂ ਅਕੈਡਮੀ ਦੇ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਅਤੇ ਪੁਲੀਸ ਦਾ ਵੀ ਰਾਹ ਰੋਕਿਆ ਗਿਆ। ਇਹੀ ਨਹੀਂ ਮੀਡੀਆ ਕਰਮੀਆਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ।
ਪ੍ਰਿਆਂਸ਼ੂ ਸ਼ਾਹ ਦੀ ਮਾਤਾ ਅੰਕਿਤਾ ਸਾਹ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਦਾ ਜੂਨ ਵਿੱਚ ਦਾਖ਼ਲਾ ਕਰਵਾਇਆ ਸੀ। ਉਨ੍ਹਾਂ ਨੂੰ ਬੇਟੇ ਨੇ ਦੱਸਿਆ ਕਿ ਹੋਸਟਲ ਵਿੱਚ ਰਹਿੰਦੇ ਬੱਚਿਆਂ ਲਈ ਰੋਟੀ ਨੂੰ ਝਾੜੂ ਨਾਲ ਪਕਾਇਆ ਜਾਂਦਾ ਸੀ ਅਤੇ ਖਾਣੇ ’ਚੋਂ ਕੀੜੇ ਵੀ ਨਿਕਲੇ ਸਨ। ਜਿਸ ਦੀ ਪ੍ਰਿਆਂਸ਼ੂ ਨੇ ਵੀਡੀਓ ਵੀ ਬਣਾਈ ਸੀ। ਲਿਖਤੀ ਸ਼ਿਕਾਇਤ ਦੇਣ ’ਤੇ ਇੱਕ ਮੈਡਮ ਨੇ ਉਨ੍ਹਾਂ ਦੇ ਬੇਟੇ ਦਾ ਕਾਲਰ ਤੋਂ ਫੜ ਕੇ ਐਕਡਮੀ ਤੋਂ ਬਾਹਰ ਕੱਢ ਦਿੱਤਾ।
ਉਧਰ, ਬਲੌਂਗੀ ਥਾਣੇ ਦੇ ਏਐਸਆਈ ਅੰਗਰੇਜ ਸਿੰਘ ਉਕਤ ਵਿਦਿਆਰਥੀ ਅਤੇ ਉਸ ਦੀ ਮਾਂ ਨੂੰ ਲੈ ਕੇ ਅਕੈਡਮੀ ਗਏ ਸਨ ਪ੍ਰੰਤੂ ਉੱਥੇ ਸਟਾਫ਼ ਲੇ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ। ਜਿਸ ਕਾਰਨ ਉਹ ਵਾਪਸ ਪਰਤ ਆਏ। ਬਲੌਂਗੀ ਥਾਣੇ ਦੇ ਐਸਐਚਓ ਪੈਰੀਵਿੰਕਲ ਗਰੇਵਾਲ ਨੇ ਕਿਹਾ ਕਿ ਪੀੜਤ ਵਿਦਿਆਰਥੀ ਪ੍ਰਿਆਂਸ਼ੂ ਸ਼ਾਹ ਦੀ ਸ਼ਿਕਾਇਤ ’ਤੇ ਮਿਨਰਵਾ ਅਕੈਡਮੀ ਦੀ ਮਹਿਲਾ ਅਧਿਕਾਰੀ, ਸੁਰੱਖਿਆ ਗਾਰਡ, ਵਾਰਡਨ, ਡਰਾਈਵਰ ਅਤੇ ਇੱਕ ਹੋਰ ਵਿਅਕਤੀ ਖ਼ਿਲਾਫ਼ ਪਰਚਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In General News

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…