nabaz-e-punjab.com

ਪਸ਼ੂ ਮਾਲਕਾਂ ਵੱਲੋਂ ਨਿਗਮ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਦਾ ਮਾਮਲਾ

ਨਗਰ ਨਿਗਮ ਦਫ਼ਤਰ ਵਿੱਚ ਹੀ ਘੁੰਮਦੇ ਰਹੇ ਪੁਲੀਸ ਕੇਸ ਵਿੱਚ ਨਾਮਜ਼ਦ ਮੁਲਜ਼ਮ, ਨਿਗਮ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨਚਿੰਨ੍ਹ ਲੱਗਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਕਤੂਬਰ:
ਸਥਾਨਕ ਸੈਕਟਰ-68 ਵਿਖੇ ਨਗਰ ਨਿਗਮ ਦੀ ਅਵਾਰਾ ਪਸ਼ੂ ਫੜਨ ਵਾਲੀ ਟੀਮ ਵੱਲੋਂ ਕੁਝ ਸਮਾਂ ਪਹਿਲਾਂ ਫੜੇ ਗਏ ਪਸ਼ੂਆਂ ਨੂੰ ਪਸ਼ੂ ਮਾਲਕਾਂ ਵੱਲੋਂ ਜ਼ਬਰਦਸਤੀ ਛੁਡਾਉਣ ਅਤੇ ਨਿਗਮ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਉਦੋਂ ਇੱਕ ਵਾਰ ਫਿਰ ਗਰਮਾ ਗਿਆ ਜਦੋਂ ਇਸ ਕੇਸ ਵਿੱਚ ਫਰਾਰ ਕੁਝ ਵਿਅਕਤੀ ਅੱਜ ਨਗਰ ਨਿਗਮ ਦੇ ਦਫ਼ਤਰ ਵਿੱਚ ਹੀ ਘੁੰਮਦੇ ਵੇਖੇ ਗਏ। ਇਹ ਵਿਅਕਤੀ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਹੰਸ ਨੂੰ ਵੀ ਮਿਲ ਕੇ ਗਏ। ਜਦੋਂ ਇਹਨਾਂ ਵਿਅਕਤੀਆਂ ਦੀ ਫੋਟੋ ਖਿੱਚਣ ਲਈ ਪੱਤਰਕਾਰ ਤੇ ਫੋਟੋਗ੍ਰਾਫਰ ਉਥੇ ਪਹੁੰਚੇ ਤਾਂ ਇਹ ਵਿਅਕਤੀ ਤੁਰੰਤ ਉੱਥੋਂ ਖਿਸਕ ਗਏ। ਨਗਰ ਨਿਗਮ ਮੁਹਾਲੀ ਵੱਲੋਂ ਦਰਜ ਕਰਵਾਏ ਮਾਮਲੇ ਵਿਚ ਇਹਨਾਂ ਫਰਾਰ ਮੁਲਜਮਾਂ ਵੱਲੋਂ ਨਗਰ ਨਿਗਮ ਵਿਚ ਹੀ ਸ਼ਰੇਆਮ ਘੁੰਮਣ ਕਾਰਨ ਕਈ ਤਰਾਂ ਦੇ ਸਵਾਲ ਖੜੇ ਕਰ ਦਿਤੇ ਹਨ।
ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਇਕ ਪਾਸੇ ਪੁਲੀਸ ਨੇ ਉਪਰੋਕਤ ਮਾਮਲੇ ਵਿੱਚ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਰ ਰਹੀ ਹੈ, ਦੂਜੇ ਪਾਸੇ ਇਹ ਵਿਅਕਤੀ ਸ਼ਰੇਆਮ ਨਿਗਮ ਦਫਤਰ ਵਿਚ ਹੀ ਘੁੰਮਦੇ ਨਜਰ ਆ ਰਹੇ ਹਨ, ਇਸਦੇ ਬਾਵਜੂਦ ਪੁਲੀਸ ਵੱਲੋਂ ਇਹਨਾਂ ਵਿਅਕਤੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨਾ ਕਈ ਤਰਾਂ ਦੇ ਸ਼ੱਕ ਪੈਦਾ ਕਰਦਾ ਹੈ। ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਨਗਰ ਨਿਗਮ ਦੀ ਅਵਾਰਾ ਪਸ਼ੂ ਫੜਨ ਵਾਲੀ ਟੀਮ ਵੱਲੋਂ ਕੇਸਰ ਸਿੰਘ ਦੀ ਅਗਵਾਈ ਵਿਚ ਸੈਕਟਰ-68 ਵਿਚ ਆਵਾਰਾ ਪਸ਼ੂ ਫੜੇ ਗਏ ਸਨ। ਉਸ ਸਮੇੱ ਇਹਨਾ ਪਸ਼ੂਆਂ ਦੇ ਮਾਲਕਾਂ ਨੇ ਆਪਣੇ ਪਸ਼ੂ ਨਗਰ ਨਿਗਮ ਦੀ ਗੱਡੀ ’ਚੋਂ ਜ਼ਬਰਦਸਤੀ ਉਤਾਰ ਲਏ ਸਨ ਅਤੇ ਨਿਗਮ ਮੁਲਾਜਮਾਂ ਦੀ ਕੁੱਟਮਾਰ ਕੀਤੀ ਸੀ, ਜਿਸ ਕਾਰਨ ਨਿਗਮ ਮੁਲਾਜਮਾਂ ਵਲੋੱ ਇਸ ਦੀ ਸ਼ਿਕਾਇਤ ਐਸਐਸਪੀ ਨੂੰ ਕੀਤੀ ਗਈ ਸੀ, ਜਿਸ ਉਪਰੰਤ ਪੁਲੀਸ ਨੇ ਮਾਮਲਾ ਦਰਜ ਕੀਤਾ ਸੀ।
ਇਸ ਮਾਮਲੇ ਵਿੱਚ ਪਿੰਡ ਮਟੌਰ ਅਤੇ ਕੁੰਭੜਾ ਦੇ ਕੁਝ ਵਿਅਕਤੀ ਪੁਲੀਸ ਵਲੋੱ ਗ੍ਰਿਫਤਾਰ ਕੀਤੇ ਜਾਣੇ ਹਨ। ਜੋਕਿ ਫਰਾਰ ਹੋਣ ਦੇ ਬਾਵਜੂਦ ਸ਼ਹਿਰ ਵਿਚ ਦਨਦਨਾਉੱਦੇ ਫਿਰਦੇ ਹਨ। ਅੱਜ ਨਗਰ ਨਿਗਮ ਦਫਤਰ ਵਿਚ ਜਾ ਕੇ ਇਹਨਾਂ ਵਿਅਕਤੀਆਂ ਵਲੋੱ ਨਿਗਮ ਦੇ ਕਮਿਸ਼ਨਰ ਨੂੰ ਮਿਲਣ ਦੀ ਘਟਨਾ ਨੇ ਕਈ ਸਵਾਲ ਖੜੇ ਕਰ ਦਿਤੇ ਹਨ। ਜਦੋਂ ਇਸ ਸਬੰਧੀ ਨਿਗਮ ਦੇ ਕਮਿਸ਼ਨਰ ਸ੍ਰੀ ਸੰਦੀਪ ਹੰਸ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਵਿਅਕਤੀ ਨਿਗਮ ਮੁਲਾਜਮ ਕੇਸਰ ਸਿੰਘ ਖਿਲਾਫ ਚਲ ਰਹੀ ਇਨਕੁਆਰੀ ਦੇ ਸਬੰਧ ਵਿਚ ਉਹਨਾਂ ਨੂੰ ਮਿਲ ਕੇ ਗਏ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਨੂੰ ਮਿਲਣ ਵਾਲੇ ਵਿਅਕਤੀ ਨਿਗਮ ਵੱਲੋਂ ਹੀ ਦਰਜ ਕਰਵਾਏ ਮਾਮਲੇ ਵਿਚ ਫਰਾਰ ਚੱਲ ਹਨ। ਜੇ ਉਹਨਾਂ ਨੂੰ ਇਸ ਗਲ ਦੀ ਜਾਣਕਾਰੀ ਹੁੰਦੀ ਤਾਂ ਉਹ ਤੁਰੰਤ ਕੋਈ ਕਾਰਵਾਈ ਕਰਦੇ। ਉਹਨਾਂ ਕਿਹਾ ਕਿ ਨਿਗਮ ਮੁਲਾਜਮ ਕੇਸਰ ਸਿੰਘ ਨੁੰ ਤੁਰੰਤ ਇਹ ਸਾਰਾ ਮਾਮਲਾ ਉਹਨਾਂ ਦੇ ਧਿਆਨ ਵਿਚ ਲਿਆਉਣਾ ਚਾਹੀਦਾ ਸੀ ਤਾਂ ਜੋ ਉਹ ਲੋੜੀਂਦੀ ਕਾਰਵਾਈ ਕਰਦੇ।
ਨਿਗਮ ਮੁਲਾਜ਼ਮ ਕੇਸਰ ਸਿੰਘ ਨੇ ਦੱਸਿਆ ਕਿ ਨਿਗਮ ਵੱਲੋਂ ਦਰਜ ਕਰਵਾਏ ਮਾਮਲੇ ਵਿੱਚ ਫਰਾਰ ਚੱਲੇ ਆ ਰਹੇ ਵਿਅਕਤੀ ਅੱਜ ਨਿਗਮ ਦਫ਼ਤਰ ਵਿੱਚ ਹੀ ਘੁੰਮ ਰਹੇ ਸਨ। ਜਦੋਂ ਉਹਨਾਂ ਨੇ ਪੁਲੀਸ ਦੀ ਗ੍ਰਿਫਤ ਤੋਂ ਫਰਾਰ ਚਲ ਰਹੇ ਇਹਨਾਂ ਵਿਅਕਤੀਆਂ ਨੂੰ ਨਿਗਮ ਦਫ਼ਤਰ ਵਿੱਚ ਵੇਖਿਆ ਸੀ ਤਾਂ ਉਹਨਾਂ ਨੇ ਤੁਰੰਤ ਹੀ ਇਸ ਦੀ ਸੂਚਨਾ ਪੁਲੀਸ ਦੇ ਜਾਂਚ ਅਧਿਕਾਰੀ ਏਐਸਆਈ ਨੂੰ ਦੇ ਦਿੱਤੀ ਸੀ ਪਰ ਉਸ ਏਐਸਆਈ ਨੇ ਕਿਹਾ ਕਿ ਉਹ ਇਸ ਸਮੇਂ ਹਾਈ ਕੋਰਟ ਕਿਸੇ ਕੰਮ ਆਏ ਹੋਏ ਹਨ ਅਤੇ ਇਸ ਸਬੰਧੀ ਕੁਝ ਨਹੀਂ ਕਰ ਸਕਦੇ। ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਫੇਜ਼-8 ਦੇ ਐਸਐਚਓ ਰਾਜੀਵ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਮੇਰੀ ਜਾਣਕਾਰੀ ਵਿੱਚ ਨਹੀਂ ਹੈ। ਉਹਨਾਂ ਕਿਹਾ ਕਿ ਪੁਲੀਸ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ ਅਤੇ ਮੁਲਜ਼ਮ ਜਲਦੀ ਹੀ ਗ੍ਰਿਫ਼ਤਾਰ ਕਰ ਲਏ ਜਾਣਗੇ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …