nabaz-e-punjab.com

ਈਐਸਆਈ ਜ਼ੋਨਲ ਹਸਪਤਾਲ ਵਿੱਚ ਦਾਖ਼ਲ ਫੈਕਟਰੀ ਕਾਮੇ ਦੀ ਮੌਤ ਦਾ ਮਾਮਲਾ ਭਖਿਆ

ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਲੇਬਰ ਲਾਅ ਕਮੇਟੀ ਨੇ ਐਸਐਸਪੀ ਨੂੰ ਪੱਤਰ ਲਿਖ ਕੇ ਕਾਰਵਾਈ ਮੰਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੁਲਾਈ:
ਇੱਥੋਂ ਦੇ ਸਨਅਤੀ ਏਰੀਆ ਫੇਜ਼-7 ਸਥਿਤ ਈਐਸਆਈ ਜ਼ੋਨਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਫੈਕਟਰੀ ਕਾਮੇ ਸੁਭਾਸ਼ ਪਾਂਡੇ ਦੀ ਮੌਤ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਇਸ ਸਬੰਧੀ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਲੇਬਰ ਲਾਅ ਕਮੇਟੀ ਦੇ ਚੇਅਰਮੈਨ ਐਡਵੋਕੇਟ ਜਸਬੀਰ ਸਿੰਘ ਅਤੇ ਜਨਰਲ ਸਕੱਤਰ ਰਾਜੀਵ ਗੁਪਤਾ ਨੇ ਐਸਐਸਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਸੁਭਾਸ਼ ਪਾਂਡੇ ਦੀ ਮੌਤ ਮੈਡੀਕਲ ਲਾਪਰਵਾਹੀ ਦੇ ਕਾਰਨ ਹੋਈ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ ਅਤੇ ਜ਼ਿੰਮੇਵਾਰ ਵਿਅਕਤੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਅੰਬੇਦਕਰ ਕਲੋਨੀ ਬਲੌਂਗੀ ਦੇ ਵਸਨੀਕ ਸੁਭਾਸ਼ ਪਾਂਡੇ ਡੀ-105 ਨੰਬਰ ਫੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਬੀਤੀ ਸ਼ਾਮ ਕੰਮ ਦੌਰਾਨ ਉਸਦੀ ਹਾਲਤ ਅਚਾਨਕ ਖ਼ਰਾਬ ਹੋ ਜਾਣ ’ਤੇ ਉਸ ਨੂੰ ਈਐਸਆਈ ਹਸਪਤਾਲ ਲਿਜਾਇਆ ਗਿਆ। ਕੰਪਨੀ ਦੇ ਫੋਰਮੈਨ ਸ਼ਿਆਮ ਚੌਧਰੀ ਅਨੁਸਾਰ ਜਦੋਂ ਉਹ ਸੁਭਾਸ਼ ਪਾਂਡੇ ਨੂੰ ਲੈ ਕੇ ਹਸਪਤਾਲ ਪਹੁੰਚੇ ਸਨ ਤਾਂ ਡਾਕਟਰ ਨੇ ਉਸ ਨੂੰ ਤੇਜ ਬੁਖ਼ਾਰ ਹੋਣ ਦੀ ਗੱਲ ਕਹਿ ਕੇ ਦਾਖ਼ਲ ਕੀਤਾ ਸੀ ਅਤੇ ਟੀਕਾ ਲਗਾਇਆ ਗਿਆ ਦਿੱਤਾ ਸੀ ਪ੍ਰੰਤੂ ਨਾ ਤਾਂ ਮਰੀਜ਼ ਦੀ ਈਸੀਜੀ ਕੀਤੀ ਗਈ ਅਤੇ ਨਾ ਹੀ ਉਸਨੂੰ ਕੋਈ ਹੋਰ ਸੁਵਿਧਾ ਪ੍ਰਦਾਨ ਕੀਤੀ ਗਈ। ਇੱਕ ਘੰਟੇ ਬਾਅਦ ਡਾਕਟਰ ਨੇ ਮਰੀਜ਼ ਦੀ ਤਬੀਅਤ ਜ਼ਿਆਦਾ ਖ਼ਰਾਬ ਉਸ ਨੂੰ ਸੈਕਟਰ-16 ਹਸਪਤਾਲ ਲੈ ਕੇ ਜਾਣ ਲਈ ਕਿਹਾ ਗਿਆ।
ਸ਼ਿਆਮ ਚੌਧਰੀ ਦੇ ਬਿਆਨਾਂ ਅਨੁਸਾਰ ਜਦੋਂ ਉਨ੍ਹਾਂ ਨੇ ਐਂਬੂਲੈਂਸ ਲਈ ਫੋਨ ਕੀਤਾ ਅਤੇ ਰੈਫਰੈਂਸ ਨੰਬਰ ਦੀ ਮੰਗਿਆ ਪ੍ਰੰਤੂ ਡਾਕਟਰ ਨੇ ਰੈਫਰੈਂਸ ਨੰਬਰ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਰੀਜ਼ ਦੀ ਹਾਲਤ ਜ਼ਿਆਦਾ ਖ਼ਰਾਬ ਹੈ ਅਤੇ ਉਹ ਖ਼ੁਦ ਹੀ ਐਂਬੂਲੈਂਸ ਮੰਗਾਉਂਦੇ ਹਨ। ਜਿਸ ਤੋਂ ਬਾਅਦ ਡਾਕਟਰ ਵੱਲੋਂ ਇੰਡਸ ਹਸਪਤਾਲ ਫੋਨ ਕਰਕੇ ਐਂਬੂਲੈਂਸ ਮੰਗਵਾ ਲਈ ਅਤੇ ਮਰੀਜ਼ ਨੂੰ ਉੱਥੇ ਲਿਜਾਉਣ ਲਈ ਕਿਹਾ। ਸ਼ਿਆਮ ਚੌਧਰੀ ਅਨੁਸਾਰ ਜਦੋਂ ਉਹ ਮਰੀਜ਼ ਨੂੰ ਐਂਬੂਲੈਂਸ ਵਿੱਚ ਪਾ ਰਹੇ ਸਨ ਉਸ ਸਮੇਂ ਪਾਂਡੇ ਦੇ ਸਾਹ ਰੁਕ ਗਏ ਜਾਪਦੇ ਸਨ। ਜਦੋਂ ਉਹ ਇੰਡਸ ਹਸਪਤਾਲ ਪੁੱਜੇ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਐਸਐਸਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਸੁਭਾਸ਼ ਪਾਂਡੇ ਦਾ ਹਸਪਤਾਲ ਵਿੱਚ ਠੀਕ ਤਰੀਕੇ ਨਾਲ ਇਲਾਜ ਨਹੀਂ ਕੀਤਾ ਗਿਆ। ਜਿਸ ਕਾਰਨ ਉਸਦੀ ਮੌਤ ਹੋ ਗਈ। ਜੇਕਰ ਸੁਭਾਸ਼ ਪਾਂਡੇ ਦੇ ਹਸਪਤਾਲ ਪੁੱਜਣ ’ਤੇ ਉਸਦੀ ਠੀਕ ਤਰੀਕੇ ਨਾਲ ਜਾਂਚ ਕੀਤੀ ਗਈ ਹੁੰਦੀ ਤਾਂ ਬੀਮਾਰੀ ਦੇ ਅਸਲ ਕਾਰਨ ਦਾ ਪਤਾ ਲੱਗ ਸਕਦਾ ਸੀ ਪ੍ਰੰਤੂ ਡਾਕਟਰ ਨੇ ਸਿਰਫ਼ ਇੱਕ ਟੀਕਾ ਲਗਾ ਕੇ ਛੱਡ ਦਿੱਤਾ। ਇਹ ਵੀ ਹੋ ਸਕਦਾ ਹੈ ਕਿ ਕਿਤੇ ਟੀਕਾ ਹੀ ਮੌਤ ਦਾ ਕਾਰਨ ਨਾ ਬਣ ਗਿਆ ਹੋਵੇ। ਸ਼ਿਕਾਇਤ ਵਿੱਚ ਮੰਗ ਕੀਤੀ ਗਈ ਕਿ ਇਹ ਡਾਕਟਰ ਦੀ ਕਥਿਤ ਲਾਪਰਵਾਹੀ ਦਾ ਸਿੱਧਾ ਮਾਮਲਾ ਹੈ।
ਉਧਰ, ਈਐਸਆਈ ਹਸਪਤਾਲ ਦੇ ਐਸਐਮਓ ਡਾ. ਮਨਜੀਤ ਕੌਰ ਦਾ ਕਹਿਣਾ ਹੈ ਕਿ ਸੁਭਾਸ਼ ਪਾਂਡੇ ਦੇ ਇਲਾਜ ਵਿੱਚ ਕੋਈ ਲਾਪਰਵਾਹੀ ਨਹੀਂ ਵਰਤੀ ਗਈ। ਉਨ੍ਹਾਂ ਕਿਹਾ ਕਿ ਇਹ ਮਰੀਜ਼ ਬੀਤੀ ਸ਼ਾਮ ਸਾਢੇ ਚਾਰ ਵਜੇ ਐਮਰਜੈਂਸੀ ਵਿੱਚ ਲਿਆਂਦਾ ਗਿਆ ਸੀ ਜਿੱਥੇ ਡਿਊਟੀ ਡਾਕਟਰ ਵੱਲੋਂ ਉਸਦੀ ਠੀਕ ਤਰੀਕੇ ਨਾਲ ਜਾਂਚ ਕੀਤੀ ਗਈ ਸੀ ਅਤੇ ਉਸ ਨੂੰ ਲੋੜੀਂਦੀ ਮੈਡੀਕਲ ਸੁਵਿਧਾ ਪ੍ਰਦਾਨ ਕੀਤੀ ਗਈ ਸੀ ਪ੍ਰੰਤੂ ਮਰੀਜ਼ ਨੂੰ ਮਿਰਗੀ ਦੇ ਲਗਾਤਾਰ ਇਕ ਤੋਂ ਬਾਅਦ ਇਕ ਦੌਰੇ ਪੈ ਰਹੇ ਸਨ। ਉਨ੍ਹਾਂ ਕਿਹਾ ਕਿ ਮਰੀਜ਼ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ’ਤੇ ਪੌਣੇ 5 ਕੁ ਵਜੇ ਉਸ ਨੂੰ ਐਂਬੂਲੈਂਸ ਬੁਲਾ ਕੇ ਰੈਫਰ ਕਰ ਦਿੱਤਾ ਗਿਆ ਸੀ ਪ੍ਰੰਤੂ ਰਸਤੇ ਵਿੱਚ ਉਸ ਦੀ ਮੌਤ ਹੋ ਗਈ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …