
ਹਿਮਾਚਲ ਦੇ ਹੋਟਲ ਕਾਰੋਬਾਰੀ ਤੇ ਸੁਪਰਵਾਈਜ਼ਰ ਵਿਰੁੱਧ ਧੋਖਾਧੜੀ ਦਾ ਪਰਚਾ ਦਰਜ
ਨਬਜ਼-ਏ-ਪੰਜਾਬ, ਮੁਹਾਲੀ, 21 ਅਕਤੂਬਰ:
ਬਲੌਂਗੀ ਪੁਲੀਸ ਨੇ ਹਿਮਾਚਲ ਵਿੱਚ ਹੋਟਲ ਦੇ ਇੱਕ ਕਾਰੋਬਾਰੀ ਬ੍ਰਿਜੇਸ਼ ਖਰਬੰਦਾ ਅਤੇ ਉਸ ਦੇ ਸੁਪਰਵਾਈਜ਼ਰ ਚਰਨ ਅਰੋੜਾ ਖ਼ਿਲਾਫ਼ ਧਾਰਾ 420, 406, 506 ਅਤੇ 120-ਬੀ ਦੇ ਤਹਿਤ ਧੋਖਾਧੜੀ ਦਾ ਪਰਚਾ ਦਰਜ ਕੀਤਾ ਹੈ। ਇਹ ਕਾਰਵਾਈ ਬਲਜੀਤ ਸਿੰਘ ਵਾਸੀ ਪਿੰਡ ਬੜਮਾਜਰਾ (ਮੁਹਾਲੀ) ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਮਾਮਲੇ ਦੇ ਜਾਂਚ ਅਧਿਕਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬਲਜੀਤ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਜੇਸੀਬੀ ਮਸ਼ੀਨਾਂ, ਟਿੱਪਰ ਅਤੇ ਬਿਲਡਿੰਗ ਮਟੀਰੀਅਲ ਸਪਲਾਈ ਦਾ ਕੰਮ ਕਰਦਾ ਹੈ।
ਪਿਛਲੇ ਸਾਲ ਮਾਰਚ 2022 ਵਿੱਚ ਉਸ ਕੋਲੋਂ ਹਿਮਾਚਲ ਪ੍ਰਦੇਸ਼ ਦਾ ਇਕ ਹੋਟਲ ਕਾਰੋਬਾਰੀ ਬ੍ਰਿਜੇਸ਼ ਖਰਬੰਦਾ ਅਤੇ ਉਸਦਾ ਸੁਪਰਵਾਈਜ਼ਰ ਚਰਨ ਅਰੋੜਾ ਇੱਕ ਜੇਸੀਬੀ ਮਸ਼ੀਨ ਕਿਰਾਏ ’ਤੇ ਬੜੋਗ ਹਿੱਲ ਲੈ ਕੇ ਗਏ ਸਨ। ਲਗਪਗ ਡੇਢ ਮਹੀਨਾ ਉਸ ਦੀ ਮਸ਼ੀਨ ਵਰਤਣ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਪੈਸੇ ਨਹੀਂ ਦਿੱਤੇ ਅਤੇ ਉਸ ਦੀ ਮਸ਼ੀਨ ਦੇ ਪੁਰਜ਼ੇ ਵੀ ਖ਼ੁਰਦ-ਬੁਰਦ ਕਰ ਦਿੱਤੇ।
ਸ਼ਿਕਾਇਤ ਕਰਤਾ ਅਨੁਸਾਰ ਉਸ ਨੇ ਉਕਤ ਹੋਟਲ ਕਾਰੋਬਾਰੀ ਨਾਲ ਕਈ ਵਾਰ ਸੰਪਰਕ ਕੀਤਾ ਗਿਆ ਤਾਂ ਬ੍ਰਿਜੇਸ਼ ਖਰਬੰਦਾ ਨੇ ਉਸ ਨੂੰ 4 ਲੱਖ 72 ਹਜ਼ਾਰ ਰੁਪਏ ਦਾ ਚੈੱਕ ਦੇ ਦਿੱਤਾ ਪ੍ਰੰਤੂ ਸਬੰਧਤ ਬੈਂਕ ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਡਿਸ ਆਨਰ ਹੋ ਗਿਆ। ਜਦੋਂ ਉਸ ਨੇ ਬੈਂਕ ਵਿੱਚ ਦੂਜੀ ਵਾਰ ਚੈੱਕ ਲਗਾਇਆ ਤਾਂ ਉਸ ਦਾ ਚੈੱਕ ਖਾਤਾ ਬਲਾਕ ਹੋਣ ਕਾਰਨ ਵਾਪਸ ਆ ਗਿਆ।
ਜਾਂਚ ਅਧਿਕਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਹੋਟਲ ਕਾਰੋਬਾਰੀ ਅਤੇ ਉਸਦਾ ਸੁਪਰਵਾਈਜ਼ਰ ਸ਼ਾਤਰ ਕਿਸਮ ਦੇ ਵਿਅਕਤੀ ਹਨ, ਜਿਨ੍ਹਾਂ ਨੇ ਜਾਣਬੱੁਝ ਕੇ ਸ਼ਿਕਾਇਤ ਕਰਤਾ ਨਾਲ ਧੋਖਾਧੜੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਅਪਰਾਧਿਕ ਪਰਚਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।