ਨਰਸਿੰਗ ਸਟਾਫ਼ ਨਾਲ ਦੁਰਵਿਵਹਾਰ ਦਾ ਮਾਮਲਾ ਭਖਿਆ, ਡਾਇਰੈਕਟਰ ਖ਼ਿਲਾਫ਼ ਸਿਹਤ ਮੰਤਰੀ ਨੂੰ ਦਿੱਤੀ ਸ਼ਿਕਾਇਤ

ਕਾਰਵਾਈ ਤੋਂ ਬਚਨ ਲਈ ਮੇਰੇ ਖ਼ਿਲਾਫ਼ ਝੂਠੀ ਸ਼ਿਕਾਇਤ ਦਿੱਤੀ: ਡਾਇਰੈਕਟਰ

ਨਬਜ਼-ਏ-ਪੰਜਾਬ, ਮੁਹਾਲੀ, 24 ਜੁਲਾਈ:
ਸਰਕਾਰੀ ਹਸਪਤਾਲ ਮੁਹਾਲੀ ਦੇ ਆਈਸੀਯੂ ਵਿੱਚ ਤਾਇਨਾਤ ਨਰਸਿੰਗ ਸਟਾਫ਼ ਨਾਲ ਕਥਿਤ ਦੁਰਵਿਵਹਾਰ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਨਰਸਿੰਗ ਸਟਾਫ਼ ਨੇ ਅੱਜ ਮੁਹਾਲੀ ਦੌਰੇ ’ਤੇ ਆਏ ਸਿਹਤ ਮੰਤਰੀ ਨੂੰ ਵਿਭਾਗ ਦੀ ਡਾਇਰੈਕਟਰ ਦੇ ਖ਼ਿਲਾਫ਼ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਸਿਹਤ ਮੰਤਰੀ ਨੂੰ ਦਿੱਤੀ ਸ਼ਿਕਾਇਤ ਵਿੱਚ ਨਰਸਿੰਗ ਸਟਾਫ਼ ਨੇ ਕਿਹਾ ਕਿ ਬੀਤੀ 22 ਜੁਲਾਈ ਨੂੰ ਡਾਇਰੈਕਟਰ ਡਾ. ਆਦਰਸ਼ਪਾਲ ਕੌਰ ਹਸਪਤਾਲ ਦੇ ਆਈਸੀਯੂ ਵਿੱਚ ਰਾਉਂਡ ’ਤੇ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਸਟਾਫ਼ ਨਾਲ ਮਾੜੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਅਤੇ ਮੂੰਹ ’ਤੇ ਥੱਪੜ ਮਾਰਨ ਦੀ ਧਮਕੀ ਦਿੱਤੀ। ਇਸ ਸਾਰਾ ਕੁੱਝ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਸਾਹਮਣੇ ਹੋਇਆ।
ਸ਼ਿਕਾਇਤ ਵਿੱਚ ਕਿਹਾ ਗਿਆ ਕਿ ਜ਼ਿਲ੍ਹਾ ਹਸਪਤਾਲ ਵਿੱਚ ਕੰਮ ਅਨੁਸਾਰ ਵੱਖ-ਵੱਖ ਵਰਗ ਦੇ ਸਟਾਫ਼ ਦੀ ਘਾਟ ਹੈ, ਜਿਸ ਕਾਰਨ ਇਹ ਸਾਰਾ ਬੋਝ ਸਟਾਫ਼ ਨਰਸ ਦੇ ਮੋਢਿਆਂ ’ਤੇ ਪੈ ਗਿਆ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਮਾਨਸਿਕ ਰੂਪ ਵਿੱਚ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪੱਤਰ ਵਿੱਚ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਡਾ. ਆਦਰਸ਼ਪਾਲ ਕੌਰ ਵਿਰੁੱਧ ਕਾਰਵਾਈ ਕੀਤੀ ਜਾਵੇ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨਰਸਿੰਗ ਸਟਾਫ਼ ਨੂੰ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਸਿਹਤ ਮੰਤਰੀ ਨੂੰ ਸ਼ਿਕਾਇਤ ਦੇਣ ਮੌਕੇ ਨਰਸਿੰਗ ਸਟਾਫ਼ ਦੇ ਜਸਵਿੰਦਰ ਕੌਰ, ਮਨਵੀਰ ਕੌਰ, ਪੁਸ਼ਵਿੰਦਰ ਕੌਰ, ਰੁਪਿੰਦਰ ਕੌਰ, ਮੰਜੂ, ਅਨੀਤਾ ਸ਼ਰਮਾ, ਮਨਪ੍ਰੀਤ ਕੌਰ, ਪ੍ਰਦੀਪ ਕੌਰ, ਹਰਜੀਤ ਕੌਰ, ਮਨਜੀਤ ਕੌਰ, ਰੇਨੂੰ, ਪਰਮਿੰਦਰ ਕੌਰ, ਰਮਦੀਪ, ਰਵਨੀਤ, ਨਵਰੀਤ ਕੌਰ, ਸ਼ਿਵਾਨੀ, ਵੰਦਨਾ ਰਾਣੀ, ਸ਼ਸ਼ੀਬਾਲਾ, ਵਿਜੈ ਮੱਟੂ, ਮਨਪ੍ਰੀਤ ਕੌਰ, ਸੰਦੀਪ ਕੌਰ, ਪ੍ਰੀਤੀ, ਬੀਨਾ, ਹਰਵਿੰਦਰ ਸਿੰਘ, ਹੈਪੀ ਚੌਧਰੀ, ਨਿਸ਼ਾ ਰਾਣੀ, ਗਗਨਦੀਪ ਸਿੰਘ, ਨੀਰੂ, ਰੁਪਿੰਦਰ ਕੌਰ ਮਨਪ੍ਰੀਤ ਕੌਰ, ਰੋਜੀ, ਯੂਨਨ ਮਸੀਤ, ਪ੍ਰਭਜੋਤ ਕੌਰ, ਰਿੰਕੂ, ਗੁਰਵੰਤ, ਰੀਨਾ, ਚਰਨਜੀਤ ਕੌਰ, ਸੁਖਵਿੰਦਰ ਕੌਰ, ਮੰਜੂ, ਸਿਮਰਜੀਤ ਕੌਰ, ਪ੍ਰਭਜੋਤ ਕੌਰ, ਪਰਮਦੀਪ ਕੌਰ ਹਾਜ਼ਰ ਸਨ।
ਉਧਰ, ਦੂਜੇ ਪਾਸੇ ਸਿਹਤ ਵਿਭਾਗ ਦੀ ਡਾਇਰੈਕਟਰ ਡਾ. ਆਦਰਸ਼ਪਾਲ ਕੌਰ ਦਾ ਕਹਿਣਾ ਹੈ ਕਿ ਦਰਅਸਲ ਨਰਸਿੰਗ ਸਟਾਫ਼ ਵੱਲੋਂ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕੀਤਾ ਜਾ ਰਿਹਾ ਸੀ। ਇਨ੍ਹਾਂ ਦੇ ਕੰਮ ਵਿੱਚ ਬਹੁਤ ਊਣਤਾਈਆਂ ਸਾਹਮਣੇ ਆਈਆਂ ਹਨ। ਜਦੋਂ ਉਹ ਰੈਂਪ ’ਤੇ ਚੱਲ ਕੇ ਉੱਪਰ ਜਾ ਰਹੇ ਸਨ ਤਾਂ ਸਾਹਮਣੇ ਤੋਂ ਗਲੂਕੋਜ ਦੀ ਬੋਤਲ ਟੰਗੀ ਇੱਕ ਮਰੀਜ਼ ਤੁਰਿਆ ਆ ਰਿਹਾ ਸੀ। ਜਿਸਨੇ ਦੱਸਿਆ ਕਿ ਉਸਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ। ਜਿਸ ’ਤੇ ਉਨ੍ਹਾਂ ਨੂੰ ਹੈਰਾਨੀ ਹੋਈ ਕਿ ਇੱਕ ਗੰਭੀਰ ਹਾਲਤ ਦੇ ਮਰੀਜ਼ ਨੂੰ ਬਿਨਾ ਵ੍ਹੀਲਚੇਅਰ ਜਾਂ ਸਟ੍ਰੈਚਰ ਦੇ ਕਿਉਂ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਈਸੀਯੂ ਵਿੱਚ ਆਪਣਾ ਕੰਮ ਕਰਨ ਥਾਂ ਸਟਾਫ਼ ਵੱਲੋਂ ਇੱਕ ਮਰੀਜ਼ ਦੇ ਰਿਸ਼ਤੇਦਾਰ ਨੂੰ ਹੀ ਫੀਡ ਦੇਣ ਲਈ ਕਹਿ ਦਿੱਤਾ ਗਿਆ ਜੋ ਕਿ ਨਿਯਮਾਂ ਅਨੁਸਾਰ ਨਰਸ ਨੂੰ ਖ਼ੁਦ ਦੇਣੀ ਬਣਦੀ ਸੀ। ਏਨਾ ਹੀ ਨਹੀਂ ਗਲੂਕੋਜ ਦੀ ਬੋਤਲ ’ਤੇ ਆਈ ਵੀ ਸੈੱਟ ਲਗਾ ਕੇ ਟੰਗਿਆ ਹੋਇਆ ਸੀ। ਜਿਸ ਕਾਰਨ ਉਨ੍ਹਾਂ ਨੇ ਨਰਸ ਨੂੰ ਸਵਾਲ ਕੀਤੇ ਅਤੇ ਐਸਐਮ ਨੂੰ ਕਿਹਾ ਕਿ ਐਨੀ ਲਾਪਰਵਾਹੀ ਵਰਤੇ ਜਾਣ ਕਾਰਨ ਉਕਤ ਨਰਸ ਨੂੰ ਆਈਸੀਯੂ ਦੀ ਡਿਊਟੀ ਤੋਂ ਫਾਰਗ ਕਰਕੇ ਬਾਹਰ ਲਗਾਇਆ ਜਾਵੇ ਅਤੇ ਇਨ੍ਹਾਂ ਲਾਪਰਵਾਹੀਆਂ ਦਾ ਲਿਖਤੀ ਜਵਾਬ ਮੰਗਿਆ ਜਾਵੇ। ਉਨ੍ਹਾਂ ਕਿਹਾ ਕਿ ਕਾਰਵਾਈ ਤੋਂ ਬਚਣ ਲਈ ਸਟਾਫ਼ ਵੱਲੋਂ ਝੂਠੀ ਸ਼ਿਕਾਇਤ ਕੀਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…