
ਆੜ੍ਹਤੀ ਵੈਲਫੇਅਰ ਐਸੋਸੀਏਸ਼ਨ ਦਾ ਵਫ਼ਦ ਮਾਰਕੀਟ ਕਮੇਟੀ ਚੇਅਰਮੈਨ ਨੂੰ ਮਿਲਿਆ
ਆੜ੍ਹਤੀ ਐਸੋਸੀਏਸ਼ਨ ਦੇ ਵਫ਼ਦ ਨੇ ਮੁਹਾਲੀ ਵਿੱਚ ਨਾਜਾਇਜ਼ ਸਬਜ਼ੀ ਮੰਡੀ ਦਾ ਮੁੱਦਾ ਚੁੱਕਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਗਸਤ:
ਮੁਹਾਲੀ ਵਿੱਚ ਚਲਦੀ ਕਥਿਤ ਨਾਜਾਇਜ਼ ਸਬਜ਼ੀ ਮੰਡੀ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਆੜ੍ਹਤੀ ਵੈਲਫੇਅਰ ਐਸੋਸੀਏਸ਼ਨ ਸਬਜ਼ੀ ਮੰਡੀ ਮੁਹਾਲੀ ਦੀ ਨਵੀਂ ਚੁਣੀ ਗਈ ਟੀਮ ਨੇ ਅੱਜ ਨਵੇਂ ਪ੍ਰਧਾਨ ਗੌਰਵਜੀਤ ਸਿੰਘ ਦੀ ਅਗਵਾਈ ਹੇਠ ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਨਾਲ ਮੁਲਾਕਾਤ ਕੀਤੀ। ਸ੍ਰੀ ਸ਼ਰਮਾ ਨੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਗੌਰਵਜੀਤ ਸਿੰਘ ਅਤੇ ਜਨਰਲ ਸਕੱਤਰ ਪਰਮਿੰਦਰ ਨੇ ਚੇਅਰਮੈਨ ਦੇ ਧਿਆਨ ਵਿੱਚ ਸਥਾਨਕ ਫੇਜ਼-11 ਵਿਖੇ ਸ਼ਰ੍ਹੇਆਮ ਨਾਜਾਇਜ਼ ਸਬਜ਼ੀ ਮੰਡੀ ਲੱਗ ਰਹੀ ਹੈ। ਜਿਸ ਕਾਰਨ ਆੜ੍ਹਤੀਆਂ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਮੰਡੀ ਵਿੱਚ ਬਾਥਰੂਮ ਬਣਾਉਣ ਦੀ ਮੰਗ ਵੀ ਕੀਤੀ। ਸ੍ਰੀ ਸ਼ਰਮਾ ਨੇ ਕਿਹਾ ਕਿ ਗੈਰਕਾਨੂੰਨੀ ਮੰਡੀ ਨੂੰ ਛੇਤੀ ਬੰਦ ਕਰਵਾਇਆ ਜਾਵੇ ਅਤੇ ਇਸ ਸਬੰਧੀ ਉਹ ਨਿੱਜੀ ਤੌਰ ’ਤੇ ਡਿਪਟੀ ਕਮਿਸ਼ਨਰ ਨਾਲ ਗੱਲ ਕਰਨਗੇ। ਬਾਥਰੂਮ ਦੀ ਮੰਗ ਸਬੰਧੀ ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਥਾਂ ਮਾਰਕੀਟ ਕਮੇਟੀ ਦੀ ਸਰਕਾਰੀ ਜਾਇਦਾਦ ਨਹੀਂ ਪ੍ਰੰਤੂ ਫਿਰ ਵੀ ਇੱਥੇ ਆਰਜ਼ੀ ਤੌਰ ’ਤੇ ਬਾਥਰੂਮ ਦੀ ਵਿਵਸਥਾ ਕਰਨ ਦਾ ਯਤਨ ਕਰਨਗੇ। ਚੇਅਰਮੈਨ ਨੇ ਆੜ੍ਹਤੀਆਂ ਨੂੰ ਮੰਡੀ ਵਿੱਚ ਸਾਫ਼-ਸੁਥਰੀਆਂ ਸਬਜ਼ੀਆਂ ਵੇਚਣ ਅਤੇ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਮੈਂਬਰਾਂ ਨੇ ਸ੍ਰੀ ਸ਼ਰਮਾ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਜਸਵੀਰ ਸਿੰਘ, ਮੀਤ ਪ੍ਰਧਾਨ ਸੇਵਾ ਸਿੰਘ, ਸਕੱਤਰ ਜਗਮੀਤ ਸਿੰਘ, ਕੈਸ਼ੀਅਰ ਰਾਮ ਰਿਸ਼ੀ, ਸਲਾਹਕਾਰ ਸੋਹਨ ਸਿੰਘ, ਕਾਂਗਰਸ ਆਗੂ ਭਗਤ ਸਿੰਘ ਨਾਮਧਾਰੀ, ਭਾਗ ਸਿੰਘ ਦੇਸੂਮਾਜਰਾ ਅਤੇ ਕੁਲਵਿੰਦਰ ਸਿੰਘ ਬਿੱਟੂ ਵੀ ਮੌਜੂਦ ਸਨ।