ਸਮੱਸਿਆਵਾਂ ਦੇ ਹੱਲ ਲਈ ਸ਼ਹਿਰ ਵਾਸੀਆਂ ਦਾ ਵਫ਼ਦ ਮੇਅਰ ਜੀਤੀ ਸਿੱਧੂ ਨੂੰ ਮਿਲਿਆ
ਮੇਅਰ ਨੇ ਮੌਕੇ ’ਤੇ ਅਧਿਕਾਰੀਆਂ ਨੂੰ ਸੱਦ ਕੇ ਐਸਟੀਮੇਟ ਬਣਾਉਣ ਲਈ ਹਦਾਇਤਾਂ ਦਿੱਤੀਆਂ
ਨਬਜ਼-ਏ-ਪੰਜਾਬ, ਮੁਹਾਲੀ, 17 ਮਾਰਚ:
ਸਮਾਜ ਭਲਾਈ ਅਤੇ ਵਿਕਾਸ ਕਮੇਟੀ ਸੈਕਟਰ-79 ਦੇ ਪ੍ਰਧਾਨ ਹਰਦਿਆਲ ਚੰਦ ਬਡਬਰ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਦੇ ਉੱਚ ਪੱਧਰੀ ਵਫ਼ਦ ਨੇ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨਾਲ ਮੁਲਾਕਾਤ ਕੀਤੀ ਅਤੇ ਸੈਕਟਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਮੰਗ ਦਿੱਤਾ ਅਤੇ ਸਾਰੇ ਮਸਲੇ ਹੱਲ ਕਰਨ ਦੀ ਮੰਗ ਕੀਤੀ। ਮੇਅਰ ਜੀਤੀ ਸਿੱਧੂ ਨੇ ਮੌਕੇ ’ਤੇ ਹੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੱਦ ਕੇ ਲੋਕਾਂ ਵੱਲੋਂ ਧਿਆਨ ਵਿੱਚ ਲਿਆਂਦੀਆਂ ਗਈਆਂ ਸਮੱਸਿਆਵਾਂ ਦੇ ਹੱਲ ਲਈ ਐਸਟੀਮੇਟ ਬਣਾਉਣ ਦੇ ਆਦੇਸ਼ ਦਿੱਤੇ। ਇਸ ਮੌਕੇ ਕੌਂਸਲਰ ਹਰਜੀਤ ਸਿੰਘ ਭੋਲੂ ਅਤੇ ਨਵਜੋਤ ਕੌਰ ਬਾਛਲ ਵੀ ਹਾਜ਼ਰ ਸਨ।
ਸ਼ਹਿਰ ਵਾਸੀਆਂ ਨੇ ਸੈਕਟਰ-79 ਦੇ ਵਾਰਡ ਨੰਬਰ-31 ਅਤੇ 32 ਅਧੀਨ ਆਉਂਦੇ ਖੇਤਰ ਵਿੱਚ ਵੱਖ-ਵੱਖ ਕੰਮ ਕਰਵਾਉਣ ਦੀ ਮੰਗ ਕੀਤੀ। ਜਿਨ੍ਹਾਂ ਵਿੱਚ ਵੱਖ-ਵੱਖ ਪਾਰਕਾਂ ਦਾ ਰੱਖ-ਰਖਾਓ, ਨਵੇਂ ਫੁੱਟਪਾਥ ਬਣਾਉਣ, ਐਮਿਟੀ ਸਕੂਲ ਦੇ ਮਿੰਨੀ ਗੇਟ ਦੇ ਸਾਹਮਣੇ ਨਵੀਂ ਕੰਧ ਬਣਾਉਣ, ਪਾਰਕਾਂ ਵਿੱਚ ਗਰਿੱਲਾਂ ਲਗਾਉਣ, ਸੈਕਟਰ-79 ਵਿੱਚ ਵੱਖ-ਵੱਖ ਥਾਵਾਂ ’ਤੇ ਕਰਬ ਚੈਨਲ ਬਣਾਉਣ, ਆਵਾਰਾ ਕੁੱਤਿਆਂ ਦੀ ਨਸਬੰਦੀ, ਲਾਵਾਰਿਸ ਪਸ਼ੂਆਂ ਦੀ ਸਮੱਸਿਆ ਸਮੇਤ ਸੈਕਟਰ-79 ਦੇ ਪਾਰਕਾਂ ਦੇ ਝੂਲਿਆਂ ਦੀ ਮੁਰੰਮਤ ਕਰਵਾਉਣ ਅਤੇ ਰੋਡ-ਗਲੀਆ ਬਣਾਉਣ ਦੀ ਮੰਗ ਕੀਤੀ ਗਈ। ਮੇਅਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਪਰੋਕਤ ਸਾਰੀਆਂ ਸਮੱਸਿਆਵਾਂ ਦਾ ਹੱਲ ਛੇਤੀ ਕੀਤਾ ਜਾਵੇਗਾ। ਇਹ ਸਾਰੇ ਕੰਮ ਤਰਤੀਬਵਾਰ ਕਰਵਾਏ ਜਾਣਗੇ।