
ਸਿੱਖਿਆ ਬੋਰਡ ਡੇਲੀਵੇਜ਼ ਕਰਮਚਾਰੀ ਯੂਨੀਅਨ ਦਾ ਵਫ਼ਦ ਮੁੱਖ ਮੰਤਰੀ ਦੇ ਓਐਸਡੀ ਨੂੰ ਮਿਲਿਆ
ਨਬਜ਼-ਏ-ਪੰਜਾਬ, ਮੁਹਾਲੀ, 27 ਜੁਲਾਈ:
ਪੰਜਾਬ ਸਕੂਲ ਸਿੱਖਿਆ ਬੋਰਡ ਡੇਲੀਵੇਜ ਕਰਮਚਾਰੀ ਯੂਨੀਅਨ ਦਾ ਇੱਕ ਵਫ਼ਦ ਮੁੱਖ ਮੰਤਰੀ ਦੇ ਓਐਸਡੀ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਆਪਣੀਆਂ ਹੱਕੀ ਮੰਗਾਂ ਬਾਰੇ ਮੰਗ ਪੱਤਰ ਦਿੱਤਾ। ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਨਿੱਜੀ ਰੁਝੇਵਿਆਂ ਕਾਰਨ ਉਨ੍ਹਾਂ ਤੋਂ ਮੰਗ ਪੱਤਰ ਮੁੱਖ ਮੰਤਰੀ ਦੇ ਓਐਸਡੀ ਨੇ ਹਾਸਲ ਕੀਤਾ। ਜਿਨ੍ਹਾਂ ਨੇ ਡੇਲੀਵੇਜ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਪ੍ਰੋਸੈੱਸ ਬਾਰੇ ਬੋਰਡ ਮੈਨੇਜਮੈਂਟ ਤੋਂ ਜਾਣਕਾਰੀ ਲੈਣ ਮਗਰੋਂ ਉਨ੍ਹਾਂ ਨੂੰ ਪੱਕੇ ਕਰਨ ਸਬੰਧੀ ਮੁੱਖ ਮੰਤਰੀ ਨਾਲ ਇਹ ਮੁੱਦਾ ਵਿਚਾਰਨ ਦਾ ਭਰੋਸਾ ਦਿੱਤਾ।
ਯੂਨੀਅਨ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 7 ਅਕਤੂਬਰ ਨੂੰ ਸਿੱਖਿਆ ਵਿਭਾਗ ਦੇ 8736 ਕੱਚੇ ਅਧਿਆਪਕਾਂ ਦੇ ਨਾਲ-ਨਾਲ ਸਕੂਲ ਬੋਰਡ ਦੇ 525 ਡੇਲੀਵੇਜ ਕਰਮਚਾਰੀ ਨੂੰ ਪੱਕੇ ਕਰਨ ਸਬੰਧੀ ਨੀਤੀ ਜਾਰੀ ਕੀਤੀ ਸੀ। ਸਿੱਖਿਆ ਵਿਭਾਗ ਵੱਲੋਂ ਭਲਕੇ 28 ਜੁਲਾਈ ਨੂੰ ਕੱਚੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ ਪ੍ਰੰਤੂ ਬੋਰਡ ਦੇ 525 ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਨੂੰ ਲੈ ਕੇ ਬੋਰਡ ਮੈਨੇਜਮੈਂਟ ਵੱਲੋਂ ਟਾਲਮਟੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਡੇਲੀਵੇਜ ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਸਮੇਤ ਜ਼ਿਲ੍ਹਾ ਪੱਧਰੀ ਖੇਤਰੀ ਦਫ਼ਤਰ ਅਤੇ ਆਦਰਸ਼ ਸਕੂਲਾਂ ਦੇ ਸਮੂਹ ਡੇਲੀਵੇਜ ਕਰਮਚਾਰੀ ਇਕੱਠੇ ਹੋ ਕੇ ਦੋਵੇਂ ਗੇਟ ਬੰਦ ਕਰਕੇ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਜਿਸ ਦੀ ਸਾਰੀ ਜ਼ਿੰਮੇਵਾਰੀ ਬੋਰਡ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਗੁਰਪ੍ਰੀਤ ਸਿੰਘ, ਕੁਲਵੀਰ ਸਿੰਘ, ਭੁਪਿੰਦਰ ਸਿੰਘ, ਬੂਟਾ ਸਿੰਘ, ਮਨਦੀਪ ਸਿੰਘ, ਕਰਨ ਸਿੰਘ, ਖਾਨਕੇਰੂ, ਰਮਨ ਸਿੰਘ, ਨਿਰਮਲ ਸਿੰਘ ਅਤੇ ਪ੍ਰੈਸ ਸਕੱਤਰ ਤੇਜਿੰਦਰ ਸਿੰਘ ਮੌਜੂਦ ਸਨ।