
ਕਿਸਾਨਾਂ ਦਾ ਵਫ਼ਦ ਡੀਸੀ ਮੁਹਾਲੀ ਨੂੰ ਮਿਲਿਆ, ਮੰਗ ਪੱਤਰ ਦਿੱਤਾ
ਸਲਿਪ ਰੋਡ ਤੋਂ ਬਿਨਾਂ ਜ਼ਮੀਨਾਂ ’ਤੇ ਕਾਬਜ਼ ਨਹੀਂ ਹੋਣ ਦੇਣਗੇ ਕਿਸਾਨ: ਸੰਘਰਸ਼ ਕਮੇਟੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਈ:
ਕਿਸਾਨ ਰੋਡ ਸੰਘਰਸ਼ ਕਮੇਟੀ ਡੇਰਾਬਸੀ ਬਨੂੜ ਦੇ ਕਿਸਾਨਾਂ ਦਾ ਵਫ਼ਦ ਮੁਹਾਲੀ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੂੰ ਮਿਲਿਆ ਅਤੇ ਐਕਵਾਇਰ ਕੀਤੀ ਜ਼ਮੀਨ ਦਾ ਢੁਕਵਾਂ ਮੁਆਵਜ਼ਾ ਅਤੇ ਡੇਰਾਬੱਸੀ ਹਲਕੇ ਦੇ ਰਹਿੰਦੇ 10 ਪਿੰਡਾਂ ਦੇ ਐਵਾਰਡ ਬਣਾਉਣ ਦੀ ਮੰਗ ਕੀਤੀ। ਕਿਸਾਨਾਂ ਨੇ ਪਾਸ ਕੀਤੇ ਐਵਾਰਡ ਤਹਿਤ ਜ਼ਮੀਨ, ਟਿਊਬਵੈੱਲ, ਘਰਾਂ ਤੇ ਪਾਈਪਲਾਈਨ ਆਦਿ ਦਾ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਕਿਸਾਨ ਰੋਡ ਸੰਘਰਸ਼ ਕਮੇਟੀ ਡੇਰਾਬੱਸੀ ਬਨੂੜ ਦੇ ਪ੍ਰਧਾਨ ਬਲਜਿੰਦਰ ਸਿੰਘ ਸੇਖੂਪੁਰਾ, ਰਤਨ ਸਿੰਘ ਫੌਜੀ ਅਮਲਾਲਾ, ਗਰੀਬ ਸਿੰਘ ਬੁੱਢਣਪੁਰ, ਮਹਿੰਦਰ ਸਿੰਘ ਜਲਾਲਪੁਰ, ਹਰਵਿੰਦਰ ਸਿੰਘ ਛੜਬੜ, ਕਾਮਰੇਡ ਅਵਤਾਰ ਸਿੰਘ ਮਨੌਲੀ ਕਿਹਾ ਕਿ ਉਹ ਪਿਛਲੇ ਡੇਢ ਸਾਲ ਤੋਂ ਢੁੱਕਵੇ ਮੁਆਵਜ਼ੇ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਵੱਲੋਂ ਤਹਿ ਕੀਤੇ ਅਵਾਰਡਾਂ ਤਹਿਤ ਵੀ ਉਨ੍ਹਾਂ ਨੂੰ ਯੋਗ ਮੁਆਵਜ਼ਾ ਨਹੀਂ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇਅ ਵੱਲੋਂ ਟਿਊਬਵੈੱਲਾਂ, ਦਰਖੱਤਾ, ਸੜਕ ਵਿੱਚ ਆ ਰਹੇ ਮਕਾਨਾਂ, ਮੋਟਰ ਦੇ ਕੋਠਿਆ, ਪਾਈਪਲਾਈਨਾਂ ਦੇ ਕੋਈ ਐਵਾਰਡਾਂ ਤੈਅ ਨਹੀਂ ਕੀਤੇ ਗਏ ਅਤੇ ਨਾ ਹੀ ਸਲਿੱਪ ਰੋਡਾਂ ਬਾਰੇ ਕੋਈ ਸਪੱਸ਼ਟ ਨਹੀਂ ਕੀਤਾ ਗਿਆ ਹੈ। ਜਦਕਿ ਪੀੜਤ ਕਿਸਾਨ ਮੁਆਵਜ਼ਾ ਲੈਣ ਲਈ ਪੰਜਾਬ ਸਰਕਾਰ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਦੇ ਦਫ਼ਤਰਾਂ ਵਿੱਚ ਚੱਕਰ ਮਾਰ ਕੇ ਥੱਕ ਚੁੱਕੇ ਹਨ। ਕਿਸਾਨਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਕਿਸਾਨਾਂ ਨੂੰ ਜ਼ਮੀਨ ਦਾ ਮੁਆਵਜ਼ਾ ਨਹੀਂ ਮਿਲਦਾ ਅਤੇ ਸਲਿਪ ਰੋਡ ਬਾਰੇ ਭਰੋਸਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਉਹ ਕਦਾਚਿਤ ਜ਼ਮੀਨ ਦਾ ਕਬਜ਼ਾ ਨਹੀਂ ਲੈਣ ਦੇਣਗੇ।
ਕਿਸਾਨਾਂ ਨੇ ਕਿਹਾ ਕਿ ਡੇਰਾਬਸੀ ਹਲਕੇ ਦੇ ਰਹਿੰਦੇ ਕਰੀਬ 10 ਪਿੰਡਾਂ ਦੇ ਐਵਾਰਡ ਨਾ ਹੋਣ ਸਬੰਧੀ ਜ਼ਮੀਨ ਦੇ ਹੋਏ ਮਿਸ ਨੰਬਰਾਂ ਦੀ ਸ਼ਨਾਖ਼ਤ ਹੋਣ ਤੋਂ ਬਾਅਦ 1.58 ਕਰੋੜ ਦੀ ਥਾਂ 1.52 ਕਰੋੜ ਪ੍ਰਤੀ ਏਕੜ ਅਵਾਰਡ ਬਣਾਉਣ ਸਬੰਧੀ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਕਿਸਾਨਾਂ ਦੀ ਉਕਤ ਸਮੱਸਿਆਵਾ ਹੱਲ ਨਹੀਂ ਹੁੰਦੀ, ਉਦੋਂ ਤੱਕ ਕਿਸੇ ਕੀਮਤ ’ਤੇ ਸੜਕ ਨੂੰ ਬਣਨ ਨਹੀਂ ਦੇਣਗੇ।