ਕਿਸਾਨਾਂ ਦਾ ਵਫ਼ਦ ਐਸਡੀਐਮ ਨੂੰ ਮਿਲਿਆ, ਆੜ੍ਹਤੀ ਨੂੰ ਝੋਨੇ ਦੀ ਖਰੀਦ ਕਰਨ ਤੋਂ ਰੋਕਣ ਦੀ ਮੰਗ

ਕਿਸਾਨਾਂ ਨੇ ਭਾਗੋਮਾਜਰਾ ਮੰਡੀ ਵਿੱਚ ਵੱਧ ਵਜ਼ਨ ਤੋਲਣ ਦਾ ਕੀਤਾ ਸੀ ਪਰਦਾਫਾਸ਼

ਨਬਜ਼-ਏ-ਪੰਜਾਬ, ਮੁਹਾਲੀ, 16 ਅਕਤੂਬਰ:
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਜਨਰਲ ਸਕੱਤਰ ਲਖਵਿੰਦਰ ਸਿੰਘ ਕਰਾਲਾ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਪਰਮਦੀਪ ਸਿੰਘ ਬੈਦਵਾਨ ਨੇ ਅੱਜ ਮੁਹਾਲੀ ਦੇ ਐਸਡੀਐਮ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪਿੰਡ ਭਾਗੋਮਾਜਰਾ ਮੰਡੀ ਦੇ ਇੱਕ ਆੜ੍ਹਤੀ ਖ਼ਿਲਾਫ਼ ਲਿਖਤੀ ਸ਼ਿਕਾਇਤ ਦੇ ਕੇ ਉਸ ਨੂੰ ਮੌਜੂਦਾ ਸੀਜ਼ਨ ਦੌਰਾਨ ਝੋਨੇ ਦੀ ਖ਼ਰੀਦ ਕਰਨ ਤੋਂ ਰੋਕਣ ਦੀ ਮੰਗ ਕੀਤੀ। ਕਿਸਾਨਾਂ ਨੇ ਐਸਡੀਐਮ ਦੇ ਧਿਆਨ ਵਿੱਚ ਲਿਆਂਦਾ ਕਿ ਬੀਤੀ 14 ਅਕਤੂਬਰ ਨੂੰ ਉਨ੍ਹਾਂ ਨੇ ਭਾਗੋਮਾਜਰਾ ਮੰਡੀ ਵਿੱਚ ਆੜ੍ਹਤੀ ਨੂੰ ਝੋਨੇ ਦੀ ਖ਼ਰੀਦ ਦੌਰਾਨ ਵੱਧ ਵਜ਼ਨ ਤੋਲਦੇ ਹੋਏ ਰੰਗੇ ਹੱਥੀਂ ਫੜਿਆ ਸੀ। ਇਸ ਸਬੰਧੀ ਅਧਿਕਾਰੀਆਂ ਨੂੰ ਮੌਕੇ ’ਤੇ ਸੱਦ ਕੇ ਕੰਡਿਆਂ ਅਤੇ ਥੈਲਿਆਂ ਦੀ ਜਾਂਚ ਕੀਤੀ ਗਈ ਤਾਂ ਥੈਲਿਆਂ ਵਿੱਚ 400 ਗਰਾਮ ਵੱਧ ਵਜ਼ਨ ਪਾਇਆ ਗਿਆ।
ਕਿਸਾਨਾਂ ਦੇ ਦੱਸਣ ਅਨੁਸਾਰ ਸਬੰਧਤ ਆੜ੍ਹਤੀ ਨੂੰ ਮੌਕੇ ’ਤੇ ਹੀ ਤਿੰਨ ਹਜ਼ਾਰ ਰੁਪਏ ਅਤੇ ਕੰਡੇ ਵਾਲੇ ਨੂੰ ਇੱਕ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਵੀ ਲਿਖਤੀ ਸ਼ਿਕਾਇਤ ਦੇ ਕੇ ਐਤਵਾਰ ਸ਼ਾਮ ਤੱਕ ਦਾ ਅਲਟੀਮੇਟਮ ਦਿੰਦੇ ਹੋਏ ਸਬੰਧਤ ਆੜ੍ਹਤੀ ਦਾ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਆੜ੍ਹਤੀਏ ਨਾਲ ਨਰਮੀ ਵਰਤੀ ਗਈ ਅਤੇ ਉਸ ਖ਼ਿਲਾਫ਼ ਜਲਦੀ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਕਿਸਾਨ ਯੂਨੀਅਨ ਵੱਲੋਂ ਲੜੀਵਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਮਨਜੀਤ ਸਿੰਘ ਤੰਗੋਰੀ, ਗੁਰਵਿੰਦਰ ਸਿੰਘ ਸਿਆਊ, ਹਰਜੀਤ ਸਿੰਘ, ਅਮਰੀਕ ਸਿੰਘ, ਨਰਿੰਦਰ ਸਿੰਘ ਸਿਆਊ, ਯਾਦਵਿੰਦਰ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮਾਲਵਿੰਦਰ ਮਾਲੀ ਕੇਸ: ਹਾਈ ਕੋਰਟ ਵਿੱਚ ਹੁਣ 28 ਨੂੰ ਹੋਵੇਗੀ ਸੁਣਵਾਈ, ਸਰਕਾਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ

ਮਾਲਵਿੰਦਰ ਮਾਲੀ ਕੇਸ: ਹਾਈ ਕੋਰਟ ਵਿੱਚ ਹੁਣ 28 ਨੂੰ ਹੋਵੇਗੀ ਸੁਣਵਾਈ, ਸਰਕਾਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ ਮਾ…