ਪਿੰਡ ਪਡਿਆਲਾ ਦੇ ਵਸਨੀਕਾਂ ਦਾ ਵਫ਼ਦ ਡੀਆਰਓ ਮੁਹਾਲੀ ਨੂੰ ਮਿਲਿਆ

ਕੌਮੀ ਮਾਰਗ ਲਈ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦਾ ਭਾਅ ਗੈਰ ਵਾਜਬ, ਘੱਟ ਕੀਮਤ ’ਤੇ ਨਹੀਂ ਦੇਵਾਂਗੇ ਜ਼ਮੀਨ

ਕਿਸਾਨਾਂ ਨੇ ਪੰਜਾਬ ਸਰਕਾਰ ਵੱਲੋਂ ਛੇ ਗੁਣਾ ਘੱਟ ਕੀਮਤ ਦੇ ਸੁਣਾਏ ਐਵਾਰਡ ਨੂੰ ਕੀਤਾ ਰੱਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ:
ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ਪ੍ਰਸਤਾਵਿਤ ਕੌਮੀ ਮਾਰਗ ਲਈ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦੇ ਭਾਅ ਨੂੰ ਗੈਰ ਵਾਜਬ ਦੱਸਦਿਆਂ ਕਿਸਾਨਾਂ ਨੇ ਕੋਡੀਆਂ ਦੇ ਭਾਅ ਆਪਣੀ ਜ਼ਮੀਨ ਦਾ ਇਕ ਟੁਕੜਾ ਵੀ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਹੈ। ਪਿੰਡ ਪਡਿਆਲਾ ਦੇ ਵਸਨੀਕਾਂ ਦਾ ਵਫ਼ਦ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲਕੈਸ ਵਿਖੇ ਰੋਡ ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਗੁਰਦਿਆਲ ਸਿੰਘ ਬੁੱਟਰ, ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗਿੱਲ ਅਤੇ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਦੀ ਅਗਵਾਈ ਹੇਠ ਜ਼ਿਲ੍ਹਾ ਰੈਵੀਨਿਊ ਅਫ਼ਸਰ (ਡੀਆਰਓ) ਮੇਜਰ ਗੁਰਜਿੰਦਰ ਸਿੰਘ ਬੈਨੀਪਾਲ ਨੂੰ ਮਿਲਿਆ।
ਇਸ ਮੌਕੇ ਵਫ਼ਦ ਨੇ ਡੀਆਰਓ ਨੂੰ ਲਿਖਤੀ ਮੰਗ ਪੱਤਰ ਦੇ ਕੇ ਕੌਮੀ ਮਾਰਗ ਲਈ ਪਿੰਡ ਪਡਿਆਲਾ ਦੀ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦੀ ਨਿਰਧਾਰਿਤ ਕੀਤੀ ਕੀਮਤ ਨੂੰ ਮਾਰਕੀਟ ਕੀਮਤ ਨਾਲੋਂ ਛੇ ਗੁਣਾ ਘੱਟ ਦੱਸਦਿਆਂ ਸੁਣਾਏ ਗਏ ਐਵਾਰਡ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਡਿਆਲਾ ਦੀ ਸਭ ਤੋਂ ਵੱਧ ਜ਼ਮੀਨ 52 ਏਕੜ ਸੜਕ ਵਿੱਚ ਆ ਰਹੀ ਹੈ। ਇਹ ਪਿੰਡ ਲੰਮੇ ਸਮੇਂ ਤੋਂ ਨਗਰ ਕੌਂਸਲ ਕੁਰਾਲੀ ਦਾ ਹਿੱਸਾ ਹੈ ਅਤੇ ਇੱਥੇ ਪੰਚਾਇਤ ਦੀ ਥਾਂ ਕੌਂਸਲਰ ਚੁਣੇ ਜਾਂਦੇ ਹਨ। ਪਿੰਡ ਵਿੱਚ ਰਿਹਾਇਸ਼ੀ ਕਲੋਨੀਆਂ ਉਸਾਰੀਆਂ ਜਾ ਰਹੀਆਂ ਹਨ ਅਤੇ ਇੱਥੇ 15 ਹਜ਼ਾਰ ਪ੍ਰਤੀ ਗਜ ਦੇ ਹਿਸਾਬ ਨਾਲ ਜ਼ਮੀਨ ਦੀ ਖਰੀਦ ਵੇਚ ਹੁੰਦੀ ਹੈ। ਕਿਸਾਨਾਂ ਨੇ ਜ਼ਿਲ੍ਹਾ ਅਧਿਕਾਰੀ ਦੇ ਧਿਆਨ ਵਿੱਚ ਲਿਆਂਦਾ ਕਿ ਪਡਿਆਲਾ ਅਤੇ ਨੇੜਲੇ ਪਿੰਡਾਂ ਵਿੱਚ ਜ਼ਮੀਨ ਦੀ ਕੀਮਤ ਪ੍ਰਤੀ ਏਕੜ 5 ਤੋਂ 6 ਕਰੋੜ ਦੇ ਦਰਮਿਆਨ ਹੈ।

ਪਿੰਡ ਵਾਸੀਆਂ ਨੇ ਕਿਹਾ ਕਿ ਸੜਕ ਲਈ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦੀ ਕੀਮਤ ਇੱਕ ਕਰੋੜ 30 ਲੱਖ ਰੁਪਏ ਪ੍ਰਤੀ ਏਕੜ ਦੇ ਕਰੀਬ ਨਿਰਧਾਰਿਤ ਕੀਤੀ ਗਈ ਹੈ, ਜੋ ਕਿ ਮੌਜੂਦਾ ਮਾਰਕੀਟ ਕੀਮਤ ਤੋਂ ਚਾਰ-ਪੰਜ ਗੁਣਾ ਘੱਟ ਹੈ। ਪਿੰਡ ਵਾਸੀ ਏਨੀ ਘੱਟ ਕੀਮਤ ਉੱਤੇ ਕਿਸੇ ਵੀ ਤਰ੍ਹਾਂ ਆਪਣੀ ਜ਼ਮੀਨ ਨਹੀਂ ਦੇਣਗੇ। ਉਨ੍ਹਾਂ ਜ਼ਮੀਨ ਦੀ ਕੀਮਤ ਘੱਟੋ-ਘੱਟ ਸੱਤ ਕਰੋੜ ਰੁਪਏ ਪ੍ਰਤੀ ਏਕੜ ਨਿਰਧਾਰਿਤ ਕਰਨ ਦੀ ਮੰਗ ਕੀਤੀ। ਉਧਰ, ਡੀਆਰਓ ਮੇਜਰ ਗੁਰਜਿੰਦਰ ਸਿੰਘ ਬੈਨੀਪਾਲ ਨੇ ਵਫ਼ਦ ਨੂੰ ਯੋਗ ਕਾਰਵਾਈ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਕਿਸਾਨਾਂ ਦੀਆਂ ਭਾਵਨਾਵਾਂ ਬਾਰੇ ਡੀਸੀ ਰਾਹੀਂ ਪੰਜਾਬ ਸਰਕਾਰ ਨੂੰ ਜਾਣੂ ਕਰਵਾਉਣਗੇ। ਇਸ ਮੌਕੇ ਜੈਮਲ ਰਾਣਾ, ਹਰਜਿੰਦਰ ਸਿੰਘ, ਭੁਪਿੰਦਰ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Agriculture & Forrest

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …