
ਸੈਕਟਰ ਵਾਸੀਆਂ ਦਾ ਵਫ਼ਦ ਮੇਅਰ ਜੀਤੀ ਸਿੱਧੂ ਨੂੰ ਮਿਲਿਆ, ਸਮੱਸਿਆਵਾਂ ਹੱਲ ਕਰਨ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ:
ਐਸੋਸੀਏਸ਼ਨ ਫਾਰ ਰੈਜ਼ੀਡੈਂਟਸ ਵੈੱਲਫੇਅਰ ਐਂਡ ਡਿਵੈਲਪਮੈਂਟ ਸੈਕਟਰ-77 ਦੇ ਪ੍ਰਧਾਨ ਜਗਜੀਤ ਸਿੰਘ ਦੀ ਅਗਵਾਈ ਹੇਠ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨਾਲ ਮੁਲਾਕਾਤ ਕੀਤੀ ਅਤੇ ਸੈਕਟਰ ਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਮੰਗ ਪੱਤਰ ਦਿੱਤਾ। ਸੰਸਥਾ ਦੇ ਜਨਰਲ ਸਕੱਤਰ ਦਲਜਿੰਦਰ ਸਿੰਘ ਨੇ ਦੱਸਿਆ ਕਿ ਵਫ਼ਦ ਨੇ ਮੇਅਰ ਜੀਤੀ ਸਿੱਧੂ ਤੋਂ ਮੰਗ ਕੀਤੀ ਕਿ ਸੈਕਟਰ ਵਿਚਲੇ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਇਨ੍ਹਾਂ ਪਾਰਕਾਂ ਦੀਆਂ ਗਰਿੱਲਾਂ ਉੱਚੀਆਂ ਚੁੱਕੀਆਂ ਜਾਣ ਤਾਂ ਜੋ ਲਾਵਾਰਿਸ ਪਸ਼ੂ ਪਾਰਕਾਂ ਵਿੱਚ ਦਾਖ਼ਲ ਨਾ ਹੋ ਸਕਣ। ਉਨ੍ਹਾਂ ਮੰਗ ਕੀਤੀ ਕਿ ਪਾਰਕਾਂ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਸਮੇਂ-ਸਮੇਂ ਸਿਰ ਪਾਰਕਾਂ ਦਾ ਰੱਖ-ਰਖਾਓ ਅਤੇ ਹਰਿਆਲੀ ਲਈ ਪੌਦੇ ਲਗਾਏ ਜਾਣ।
ਐਸੋਸੀਏਸ਼ਨ ਨੇ ਇਹ ਵੀ ਮੰਗ ਕੀਤੀ ਕਿ ਘਰਾਂ ਨੇੜੇ ਗੋਹੇ ਕੂੜੇ ਦੇ ਢੇਰ ਚੁਕਵਾਏ ਜਾਣ ਅਤੇ ਖਾਲੀ ਜਗ੍ਹਾ ’ਤੇ ਕੂੜਾ ਕਰਕਟ ਸੁੱਟਿਆਂ ਜਾਵੇ, ਖਾਲੀ ਪਲਾਟਾਂ ਦੀ ਸਫ਼ਾਈ ਤਾਂ ਜੋ ਗਲਤ ਅਨਸਰਾਂ ਅਤੇ ਨਸ਼ੇੜੀਆਂ ਦਾ ਆਉਣਾ ਬੰਦ ਹੋ ਸਕੇ। ਕੋਠੀ ਨੰਬਰ 751 ਤੋਂ 803 ਤੱਕ ਅਤੇ ਪਲਾਟ ਨੇ 627 ਦੇ ਸਾਹਮਣੇ ਕੰਧ ਵਿੱਚ ਛੱਡੇ ਰਸਤਿਆਂ ’ਤੇ ਗੇਟ ਲਾਏ ਜਾਣ ਤਾਂ ਜੋ ਬੇਲੋੜੀ ਟਰੈਫ਼ਿਕ ਤੋਂ ਨਿਜਾਤ ਮਿਲ ਸਕੇ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਸੈਕਟਰ ਵਾਸੀਆਂ ਦੇ ਵਫ਼ਦ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਮੇਅਰ ਨੇ ਇਹ ਵੀ ਭਰੋਸਾ ਦਿੱਤਾ ਕਿ ਸੈਕਟਰ-77 ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।