ਟਰੱਕ ਹੇਠਾਂ ਆ ਕੇ ਖਤਮ ਹੋ ਗਿਆ ਪੂਰੇ ਪਰਿਵਾਰ ਦਾ ਨਾਮੋ ਨਿਸ਼ਾਨ
ਨਬਜ਼-ਏ-ਪੰਜਾਬ ਬਿਊਰੋ, ਮੁਜੱਫ਼ਰ ਨਗਰ, 1 ਮਾਰਚ:
ਟਰੱਕ ਦੇ ਟਾਇਰ ਥੱਲੇ ਆ ਕੇ ਇਕ ਪੂਰਾ ਪਰਿਵਾਰ ਖਤਮ ਹੋ ਗਿਆ। ਲਾਸ਼ਾਂ ਦੀ ਅਜਿਹੀ ਹਾਲਤ ਸੀ ਕਿ ਦੇਖਣ ਵਾਲਿਆਂ ਦੀ ਰੂਹ ਕੰਬ ਰਹੀ ਸੀ। ਪਤੀ ਅਤੇ ਪਤਨੀ ਦੀਆਂ ਲਾਸ਼ਾਂ ਸੜਕ ਤੇ ਪਈਆਂ ਸਨ ਅਤੇ ਉਸ ਦਾ ਕੁਝ ਹਿੱਸਾ ਟਾਇਰ ਦੇ ਹੇਠਾਂ ਸੀ। ਸੜਕ ਹਾਦਸਾ ਬਿਹਾਰ ਦੇ ਮੁਜੱਫਰਨਗਰ ਜ਼ਿਲੇ ਦੇ ਕਰਜਾ ਵਿੱਚ ਅੱਜ ਸਵੇਰੇ ਵਾਪਰਿਆ। ਪ੍ਰਾਪਤ ਜਾਣਕਾਰੀ ਮੁਤਾਬਕ ਮੁਜੱਫਰਨਗਰ ਨੂੰ ਰੇਵਾ ਨਾਲ ਜੋੜਣ ਵਾਲੀ ਸੜਕ ਤੇ ਅੱਜ ਸਵੇਰੇ 9 ਵਜੇ ਇਹ ਹਾਦਸਾ ਵਾਪਰਿਆ। ਜਿਸ ਜਗ੍ਹਾ ਇਹ ਹਾਦਸਾ ਵਾਪਰਿਆ ਉੱਥੇ ਸੜਕ ਤੇ ਗੈਰ ਕਾਨੂੰਨੀ ਰੂਪ ਨਾਲ ਆਟੋ ਵਾਲਿਆਂ ਦੀ ਭੀੜ ਲੱਗੀ ਹੁੰਦੀ ਹੈ।
ਆਟੋ ਰਿਕਸ਼ਿਆਂ ਦੇ ਖੜੇ ਹੋਣ ਕਾਰਨ ਸੜਕ ਤੇ ਵਾਹਨਾਂ ਦੇ ਲੰਘਣ ਲਈ ਜਗ੍ਹਾ ਘੱਟ ਸੀ। ਉਸੇ ਸਮੇਂ ਮੁਜੱਫਰਨਗਰ ਵਲੋੱ ਇਕ ਬਾਈਕ ਤੇ ਸਵਾਰ ਪਰਿਵਾਰ ਆ ਰਿਹਾ ਸੀ। ਬਾਈਕ ਤੇ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇ ਸਵਾਰ ਸਨ। ਸਾਹਮਣਿਓਂ ਆ ਰਹੇ ਤੇਜ਼ ਰਫਤਾਰ ਟਰੱਕ ਨਾਲ ਬਾਈਕ ਦੀ ਟੱਕਰ ਹੋ ਗਈ, ਜਿਸ ਨਾਲ ਬਾਈਕ ਦੂਰ ਜਾ ਡਿੱਗੀ ਅਤੇ ਪਤੀ-ਪਤਨੀ ਟਰੱਕ ਦੇ ਟਾਇਰ ਦੇ ਹੇਠਾਂ ਆ ਗਏ। ਹਾਦਸਾ ਇੰਨਾ ਖੌਫਨਾਕ ਸੀ ਕਿ ਸੜਕ ਤੇ ਹੀ ਲਾਸ਼ ਦੇ ਟੁੱਕੜੇ-ਟੁੱਕੜੇ ਹੋ ਗਏ। ਹਾਦਸੇ ਵਿੱਚ ਬਾਈਕ ਤੇ ਸਵਾਰ 2 ਬੱਚਿਆਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਕ ਬੱਚੇ ਦੀ ਮੌਤ ਹੋ ਗਈ ਅਤੇ ਦੂਜੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਦਾ ਸ਼ਿਕਾਰ ਹੋਏ ਲੋਕ ਛਪਰਾ ਜ਼ਿਲੇ ਦੇ ਦੱਸੇ ਜਾ ਰਹੇ ਹਨ। ਸੜਕ ਹਾਦਸੇ ਤੋੱ ਬਾਅਦ ਸਥਾਨਕ ਲੋਕ ਕਾਫੀ ਭੜਕੇ ਹੋਏ ਹਨ। ਭੜਕੇ ਲੋਕਾਂ ਨੇ ਸੜਕ ਜਾਮ ਕਰ ਕੇ ਕਾਫੀ ਦੇਰ ਤੱਕ ਹੰਗਾਮਾ ਕੀਤਾ। ਹਾਦਸੇ ਤੋੱ ਬਾਅਦ ਡਰਾਈਵਰ ਟਰੱਕ ਛੱਡ ਕੇ ਫਰਾਰ ਹੋ ਗਿਆ।