ਬਲੌਂਗੀ ਵਿੱਚ ਫਾਸਟ ਫੂਡ ਦੇ ਦੁਕਾਨਦਾਰ ਦਾ ਕਤਲ, ਲਾਸ਼ ਬੋਰੀ ’ਚ ਪਾ ਕੇ ਨਦੀ ’ਚ ਸੁੱਟੀ

ਦੁਕਾਨਦਾਰ ਵੱਲੋਂ ਆਪਣੇ ਪੈਸੇ ਤੇ ਸਮਾਨ ਮੰਗਣ ’ਤੇ ਨੌਜਵਾਨ ਨੇ ਕੀਤਾ ਕਤਲ, ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 9 ਦਸੰਬਰ:
ਮੁਹਾਲੀ ਦੀ ਜੂਹ ਵਿੱਚ ਬਲੌਂਗੀ ਪੀਜੀ ਵਿੱਚ ਰਹਿੰਦੇ ਪਾਰਸ ਨਾਂਅ ਦੇ ਇੱਕ ਨੌਜਵਾਨ ਨੇ ਬੀਤੇ ਦਿਨੀਂ ਫਾਸਟ ਫੂਡ ਦੀ ਦੁਕਾਨ ਕਰਨ ਵਾਲੇ ਜੋਗਿੰਦਰ ਸਿੰਘ ਰਾਣਾ ਦਾ ਕਤਲ ਕਰ ਕੇ ਉਸਦੀ ਲਾਸ਼ ਨੂੰ ਬੋਰੀ ਵਿੱਚ ਪਾ ਕੇ ਬਰਿਆਲੀ ਨਦੀ ਨੇੜੇ ਖਾਲੀ ਥਾਂ ਵਿੱਚ ਸੁੱਟ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਨੌਜਵਾਨ ਨੇ ਲਾਸ਼ ਨੂੰ ਟਿਕਾਣੇ ਲਗਾਉਣ ਲਈ ਵੀ ਮ੍ਰਿਤਕ ਦਾ ਮੋਟਰ ਸਾਈਕਲ ਵਰਤਿਆ ਗਿਆ। ਬਲੌਂਗੀ ਪੁਲੀਸ ਨੇ ਧਾਰਾ 302 ਅਤੇ 201 ਤਹਿਤ ਪਰਚਾ ਦਰਜ ਕਰਕੇ ਪਾਰਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕ ਜੋਗਿੰਦਰ ਦੇ ਭਰਾ ਮੋਹਿਤ ਵਾਸੀ ਪਿੰਡ ਦੁੱਧਲੀ, ਜ਼ਿਲ੍ਹਾ ਮੁਜੱਫ਼ਰ ਨਗਰ (ਯੂਪੀ) ਹਾਲ ਵਾਸੀ ਪਿੰਡ ਮਲੋਆ ਨੇ ਪੁਲੀਸ ਦੇ ਕੋਲ ਰਿਪੋਰਟ ਦਰਜ ਕਰਵਾਈ ਹੈ ਕਿ ਉਸਦਾ ਵੱਡਾ ਭਰਾ ਜੋਗਿੰਦਰ ਸਿੰਘ ਰਾਣਾ ਬਲੌਂਗੀ ਵਿੱਚ ਸ਼ਿਵ ਮੰਦਰ ਨੇੜੇ ਬਾਜ਼ਾਰ ਵਿੱਚ ਫਾਸਟ ਫੂਡ ਦੀ ਦੁਕਾਨ ਕਰਦਾ ਹੈ। ਸ਼ਿਕਾਇਤ ਕਰਤਾ ਅਨੁਸਾਰ ਜੋਗਿੰਦਰ ਰਾਣਾ ਨੇ ਉਸ ਨੂੰ ਦੱਸਿਆ ਸੀ ਕਿ ਪਾਰਸ ਨਾਂਅ ਦਾ ਨੌਜਵਾਨ (ਸਾਈ ਹੋਮ ਪੀਜੀ ਬਲੌਂਗੀ ਵਿੱਚ ਰਹਿੰਦਾ ਹੈ), ਅਕਸਰ ਉਸ ਦੀ ਦੁਕਾਨ ’ਤੇ ਖਾਣਾ ਖਾਣ ਆਉਂਦਾ ਸੀ ਅਤੇ ਉਸ ਦਾ ਇੰਡਕਸ਼ਨ ਚੱੁਲ੍ਹਾ ਤੇ ਇੱਕ ਅਡੈਪਟਰ ਚੁੱਕ ਕੇ ਲੈ ਗਿਆ। ਪਾਰਸ ਨੇ ਉਸ ਦੇ ਪੈਸੇ ਵੀ ਦੇਣੇ ਸਨ।
ਇਸ ਸਬੰਧੀ ਜੋਗਿੰਦਰ ਨੇ ਪਾਰਸ ਨੂੰ ਕਈ ਵਾਰ ਸਮਾਨ ਵਾਪਸ ਕਰਨ ਲਈ ਕਿਹਾ ਪਰ ਉਹ ਪੈਸੇ ਤੇ ਸਮਾਨ ਵਾਪਸ ਨਹੀਂ ਕਰ ਰਿਹਾ ਸੀ। ਜਿਸ ’ਤੇ ਜੋਗਿੰਦਰ ਰਾਣਾ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਪਾਰਸ ਤੋਂ ਆਪਣਾ ਸਮਾਨ ਵਾਪਸ ਲੈਣ ਲਈ ਗਿਆ ਸੀ ਪਰ ਜੋਗਿੰਦਰ ਉੱਥੋਂ ਵਾਪਸ ਨਹੀਂ ਆਇਆ। ਜਦੋਂ ਉਨ੍ਹਾਂ ਨੂੰ ਭਰਾ ਬਾਰੇ ਪਤਾ ਨਾ ਲੱਗਾ ਤਾਂ ਉਹ ਆਪਣੇ ਤਾਏ ਕੁਲਦੀਪ ਸਿੰਘ ਨਾਲ ਬਲੌਂਗੀ ਸਾਈ ਹੋਮ ਪੀਜੀ ਵਿੱਚ ਗਿਆ ਅਤੇ ਆਪਣੇ ਭਰਾ ਬਾਰੇ ਪਤਾ ਕੀਤਾ ਤਾਂ ਉਸ ਨੂੰ ਦੱਸਿਆ ਗਿਆ ਜੋਗਿੰਦਰ ਇੱਥੇ ਆਇਆ ਜ਼ਰੂਰ ਸੀ ਪ੍ਰੰਤੂ ਉਸ ਨੂੰ ਵਾਪਸ ਜਾਂਦੇ ਨਹੀਂ ਦੇਖਿਆ।
ਪੀਜੀ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ’ਤੇ ਪਤਾ ਲੱਗਾ ਕਿ ਜੋਗਿੰਦਰ ਰਾਣਾ ਪੀਜੀ ਰੂਮ ਨੰਬਰ-34 ਵਿੱਚ ਆਇਆ ਤਾਂ ਸੀ ਪ੍ਰੰਤੂ ਉਥੋਂ ਵਾਪਸ ਨਹੀਂ ਨਿਕਲਿਆ। ਸੀਸੀਟੀਵੀ ਫੁਟੇਜ ਵਿੱਚ ਪਤਾ ਲੱਗਿਆ ਕਿ ਕਮਰੇ ’ਚੋਂ ਪਾਰਸ ਬਾਹਰ ਗਿਆ ਅਤੇ ਚਿੱਟੇ ਰੰਗ ਦਾ ਥੈਲਾ ਲੈ ਕੇ ਕਮਰੇ ਵਿੱਚ ਵਾਪਸ ਆਇਆ ਅਤੇ ਕੁਝ ਸਮੇਂ ਬਾਅਦ ਉਹ ਥੈਲੇ ਨੂੰ ਰੱਸੀ ਨਾਲ ਬੰਨ ਕੇ ਉਸ ਨੂੰ ਘੜੀਸ ਕੇ ਪੌੜੀਆਂ ਵੱਲ ਲੈ ਕੇ ਗਿਆ। ਇਸ ਮਗਰੋਂ ਉਹ ਥੈਲੇ ਨੂੰ ਜੋਗਿੰਦਰ ਦੇ ਹੀ ਮੋਟਰਸਾਈਕਲ ’ਤੇ ਬੰਨ ਕੇ ਚਲਾ ਗਿਆ।
ਬਲੌਂਗੀ ਥਾਣਾ ਦੇ ਐਸਐਚਓ ਗੌਰਵਬੰਸ ਸਿੰਘ ਨੇ ਦੱਸਿਆ ਕਿ ਪਾਰਸ ਨੇ ਜੋਗਿੰਦਰ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਬੋਰੀ ਵਿੱਚ ਪਾ ਕੇ ਟੀਡੀਆਈ ਦੇ ਨੇੜੇ ਨਾਲੇ ਕੋਲ ਸੁੱਟ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁੱਢਲੀ ਜਾਂਚ ਤੋਂ ਬਾਅਦ ਮੁਲਜ਼ਮ ਪਾਰਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਨੁਸਾਰ ਮੁੱਢਲੀ ਪੁੱਛਗਿੱਛ ਦੌਰਾਨ ਪਰਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In General News

Check Also

DGP Gaurav Yadav conducts ‘Night Domination’ across Punjab to inspect nakas, Police Stations

DGP Gaurav Yadav conducts ‘Night Domination’ across Punjab to inspect nakas, P…