ਗੈਂਗਸਟਰਾਂ ਦੇ ਇਸ਼ਾਰੇ ’ਤੇ ਲੋਕਾਂ ਨੂੰ ਫਿਰੌਤੀਆਂ ਲਈ ਧਮਕੀਆਂ ਦੇਣ ਵਾਲੇ ਗਰੋਹ ਦਾ ਪਰਦਾਫਾਸ਼, 7 ਕਾਬੂ

ਨਬਜ਼-ਏ-ਪੰਜਾਬ, ਮੁਹਾਲੀ, 1 ਜੁਲਾਈ:
ਮੁਹਾਲੀ ਪੁਲੀਸ ਨੇ ਕੈਨੇਡਾ ਬੈਠੇ ਗੈਂਗਸਟਰ ਪ੍ਰਿੰਸ ਚੌਹਾਨ ਅਤੇ ਕਾਲਾ ਰਾਣਾ ਦੇ ਇਸ਼ਾਰੇ ’ਤੇ ਮੁਹਾਲੀ ਸਮੇਤ ਟ੍ਰਾਈਸਿਟੀ ਵਿੱਚ ਫਿਰੌਤੀ ਮੰਗਣ ਲਈ ਲੋਕਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਸੱਤ ਮੁਲਜ਼ਮਾਂ ਨੂੰ ਮਾਰੂ ਹਥਿਆਰਾਂ ਸਣੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਬੀਤੀ 8 ਜੂਨ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਰੋਹਿਤ ਗੁਪਤਾ ਉਰਫ਼ ਸੋਨੂੰ ਵਾਸੀ ਧਨਾਸ ਨੂੰ ਪਿੰਡ ਝਾਮਪੁਰ ਵਿੱਚ ਉਸਦੇ ਸਟੋਰ ’ਤੇ ਫਾਇਰਿੰਗ ਕਰਕੇ ਜ਼ਖ਼ਮੀ ਕਰ ਦਿੱਤਾ ਸੀ। ਇਸ ਸਬੰਧੀ ਬਲੌਂਗੀ ਥਾਣੇ ਵਿੱਚ ਧਾਰਾ 307, 38, 452, 34 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਐੱਸਐੱਸਪੀ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐਸਪੀ (ਡੀ) ਅਮਨਦੀਪ ਸਿੰਘ ਬਰਾੜ, ਐਸਪੀ (ਦਿਹਾਤੀ) ਮਨਪ੍ਰੀਤ ਸਿੰਘ, ਡੀਐਸਪੀ (ਡੀ) ਗੁਰਸ਼ੇਰ ਸਿੰਘ ਸੰਧੂ, ਡੀਐਸਪੀ ਖਰੜ ਰੁਪਿੰਦਰਦੀਪ ਕੌਰ ਸੋਹੀ, ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਅਤੇ ਬਲੌਂਗੀ ਥਾਣਾ ਦੇ ਐਸਐਚਓ ਪੀਐਸ ਗਰੇਵਾਲ ਦੀ ਅਗਵਾਈ ਹੇਠ ਦੋ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲੀਸ ਨੇ ਉਕਤ ਗਰੋਹ ਦਾ ਪਰਦਾਫਾਸ਼ ਕਰਕੇ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਕੋਲੋਂ 32 ਬੋਰ ਦੇ 2 ਪਿਸਤੌਲ, 5 ਜਿੰਦਾ ਰੌਂਦ, ਇੱਕ ਕਾਰ ਅਤੇ ਇੱਕ ਮੋਟਰ ਸਾਈਕਲ ਬਰਾਮਦ ਕੀਤਾ ਗਿਆ ਹੈ।
ਐੱਸਐੱਸਪੀ ਗਰਗ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮਾਂ ਨੇ ਕੈਨੇਡਾ ਬੈਠੇ ਗੈਂਗਸਟਰ ਪ੍ਰਿੰਸ ਚੌਹਾਨ ਅਤੇ ਸੰਦੀਪ ਉਰਫ਼ ਕਾਲਾ ਰਾਣਾ ਦੇ ਇਸ਼ਾਰੇ ’ਤੇ ਰੋਹਿਤ ਕੁਮਾਰ ਤੋਂ ਫਿਰੌਤੀ ਦੇ ਪੈਸੇ ਨਾ ਕਾਰਨ ਉਸ ’ਤੇ ਫਾਇਰਿੰਗ ਕਰਕੇ ਜ਼ਖ਼ਮੀ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਮਨਵੀਰ ਸਿੰਘ ਉਰਫ਼ ਮਨਵੀਰ ਰਾਣਾ ਤੇ ਮਨੀਸ਼ ਸੈਣੀ ਉਰਫ਼ ਮਨੀ ਦੋਵੇਂ ਵਾਸੀ ਪੰਚਕੂਲਾ, ਦੀਪਕ ਕੁਮਾਰ ਉਰਫ਼ ਦੀਪੂ ਵਾਸੀ ਪਿੰਡ ਮੋਨੀ (ਪੰਚਕੂਲਾ), ਪ੍ਰਵੀਨ ਕੁਮਾਰ ਵਾਸੀ ਪਿੰਡ ਘਰਾਉਣਾ (ਕਰਨਾਲ), ਨਿਖਿਲ ਕੁਮਾਰ ਵਾਸੀ ਨਵਾਂ ਗਰਾਓਂ, ਰੋਹਿਤ ਕੁਮਾਰ ਉਰਫ਼ ਪੀਨ ਵਾਸੀ ਡੱਡੂਮਾਜਰਾ ਕਲੋਨੀ ਅਤੇ ਦਿਕਸਾੜ ਉਰਫ਼ ਦਿਸੂ ਪਿੰਡ ਪਿਆਰੇਵਾਲਾ (ਪੰਚਕੂਲਾ) ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਕੈਨੇਡਾ ਰਹਿੰਦੇ ਗੈਂਗਸਟਰ ਪ੍ਰਿੰਸ ਚੌਹਾਨ ਅਤੇ ਸੰਦੀਪ ਉਰਫ਼ ਕਾਲਾ ਅਤੇ ਦਿਲਬਰ ਵਾਸੀ ਤੇਰੇ ਵਾਲੀ, ਥਾਣਾ ਨਰਾਇਣਗੜ੍ਹ ਨੂੰ ਵੀ ਨਾਮਜਦ ਕੀਤਾ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਫਿਰੌਤੀ ਮੰਗਣ ਅਤੇ ਧਮਕੀਆਂ ਦੇਣ ਸਬੰਧੀ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੇ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…